ਨਵੀਂ ਦਿੱਲੀ: ਬੀਤੇ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1978 ਦੀ ਵਿਸਾਖੀ ਦੇ ਨਿਰੰਕਾਰੀ ਕਾਂਡ ਦੇ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਇਕ ਸਮਾਗਮ ਕਰਵਾਇਆ ਗਿਆ। ਇਸਦੇ ਨਾਲ ਹੀ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਜਲਿਆਵਾਲਾ ਬਾਗ ਦੀ 99ਵੀਂ ਬਰਸੀ ਦਾ ਹਵਾਲਾ ਦਿੰਦੇ ਹੋਏ ਬਰਤਾਨੀਆਂ ਦੀ ਰਾਣੀ ਨੂੰ ਜਲਿਆਵਾਲਾ ਬਾਗ ਸਾਕੇ ਲਈ ‘ਮੁਆਫੀ ਮੰਗਣ ਦੀ ਅਪੀਲ’ ਕੀਤੀ।
1978 ਦੇ ਸਾਕੇ ਦਾ ਜ਼ਿਕਰ ਕਰਦਿਆਂ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਾਬਕਾ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਵੱਲੋਂ ਗੁਰਬਾਣੀ ਅਤੇ ਸਿੱਖ ਮਰਿਯਾਦਾ ’ਚ ਛੇੜਛਾੜ ਦੀ ਕੀਤੀ ਜਾ ਰਹੀ ਕੋਸ਼ਿਸ਼ਾਂ ਨੂੰ ਅੰਮ੍ਰਿਤਸਰ ਵਿਖੇ ਸ਼ਾਂਤਮਈ ਤਰੀਕੇ ਨਾਲ ਨਾ ਮਨਜੂਰ ਕਰ ਰਹੇ ਸਿੱਖਾਂ ’ਤੇ 13 ਅਪ੍ਰੈਲ 1978 ਨੂੰ ਨਰਕਧਾਰੀਆਂ ਨੇ ਗੋਲੀਆਂ ਚਲਾਕੇ ਬੱਜ਼ਰ ਗੁਨਾਹ ਕੀਤਾ ਸੀ। ਉਨ੍ਹਾਂ ਕਿਹਾ ਕਿ ਸਰਕਾਰੀ ਰਿਕਾਰਡ ਮੁਤਾਬਿਕ ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ 13 ਸਿੰਘ ਨਰਕਧਾਰੀਆਂ ਦੀ ਗੋਲੀ ਨਾਲ ਸ਼ਹੀਦ ਹੋਏ ਸਨ।