Site icon Sikh Siyasat News

ਡੇਰਿਆਂ ਤੇ ਪਖੰਡੀ ਸਾਧਾਂ ਦਾ ਰਾਜਸੀ ਪਾਰਟੀਆਂ ਨਾਲ ਗਠਜੋੜ ਪੰਜਾਬ ਦੇ ਮਾਹੌਲ ਲਈ ਵੱਡਾ ਖਤਰਾ: ਸਿੱਖ ਯੂਥ ਆਫ ਪੰਜਾਬ

ਆਨੰਦਪੁਰ ਸਾਹਿਬ: ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਦਿਹਾੜੇ ਨੂੰ ਮਨਾਉਦਿਆਂ ਦੇਹਧਾਰੀ ਗੁਰੂ ਡੰਮ ‘ਤੇ ਤਿੱਖਾ ਹਮਲਾ ਕਰਦਿਆਂ ‘ਸਿੱਖ ਯੂਥ ਆਫ ਪੰਜਾਬ’ ਨੇ ਇਸ ਗੱਲ ਤੇ ਮੁੜ ਦ੍ਰਿੜਤਾ ਪ੍ਰਗਟ ਕੀਤੀ ਕਿ ਸਿੱਖਾਂ ਲਈ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੀ ਅਨਾਦਿ ਗੁਰੂ ਹਨ।

ਸਿੱਖ ਰਾਸ਼ਟਵਾਦ ਦੇ ਮੁੱਦੇ ਉਤੇ ਆਯੋਜਿਤ ਵਿਚਾਰ-ਗੋਸ਼ਟੀ ਦੌਰਾਨ ਮਤਾ ਪਾਸ ਕਰਦਿਆਂ ਨੌਜਵਾਨ ਜਥੇਬੰਦੀ ਨੇ ਕਿਹਾ ਕਿ ਅੱਜ ਉਹ ਆਪਣਾ ਕੌਮੀ ਦਿਹਾੜਾ ਮਨਾ ਰਹੇ ਹਾਂ। ਭਾਵੇਂ ਕਿ ਅੰਗਰੇਜ ਸਾਮਰਾਜ ਨੇ 1849 ਵਿੱਚ ਪੰਜਾਬ ਤੇ ਕਬਜਾ ਕਰਕੇ ਸਿੱਖਾਂ ਤੋਂ ਰਾਜਨੀਤਿਕ ਪ੍ਰਭੂਸੱਤਾ ਖੋਹ ਲਈ ਸੀ ਪਰ ਅੱਜ ਵੀ ਸਿੱਖ ਇੱਕ ਕੌਮ ਵਾਂਗ ਵਿਚਰਦੇ ਹਨ। ਆਪਣੀ ਵਿਲੱਖਣ ਅਤੇ ਨਿਆਰੀ ਪਛਾਣ ਨੂੰ ਕਾਇਮ ਰੱਖਦਿਆਂ ਸਿੱਖ ਅੱਜ ਵੀ ਆਪਣੇ ਖੁੱਸੇ ਮਾਣ ਅਤੇ ਰਾਜਭਾਗ ਨੂੰ ਹਾਸਿਲ ਕਰਨ ਲਈ ਸੰਘਰਸ਼ ਕਰ ਰਹੇ ਹਨ।”

ਇੱਕ ਹੋਰ ਮਤੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਪਵਿੱਤਰਤਾ ਨੂੰ ਬਹਾਲ ਰੱਖਣ ਲਈ ਬੀਤੇ ਸਮੇਂ ਵਿੱਚ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਡੇਰਿਆਂ ਤੇ ਪਖੰਡੀ ਸਾਧਾਂ ਦਾ ਰਾਜਸੀ ਪਾਰਟੀਆਂ ਨਾਲ ਗਠਜੋੜ ਪੰਜਾਬ ਦੇ ਮਾਹੌਲ ਲਈ ਵੱਡਾ ਖਤਰਾ: ਸਿੱਖ ਯੂਥ ਆਫ ਪੰਜਾਬ

ਸਿੱਖ ਯੂਥ ਆਫ ਪੰਜਾਬ ਵੱਲੋਂ ਕਰਵਾਏ ਸਮਾਗਮ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ

ਸਿੱਖ ਯੂਥ ਆਫ ਪੰਜਾਬ ਵੱਲੋਂ ਆਪਣੀ ਆਨੰਦਪੁਰ ਸਾਹਿਬ ਇਕਾਈ ਦਾ ਗਠਨ ਕਰਦਿਆਂ ਗੁਰਦੀਪ ਸਿੰਘ ਡਾਢੀ ਨੂੰ ਪ੍ਰਧਾਨ ਅਤੇ ਸੁੱਖਾ ਸਿੰਘ ਨੂੰ ਜਰਨਲ ਸਕੱਤਰ ਐਲਾਨਿਆ ਗਿਆ

ਸਿੱਖ ਯੂਥ ਆਫ ਪੰਜਾਬ ਵੱਲੋਂ ਆਪਣੀ ਆਨੰਦਪੁਰ ਸਾਹਿਬ ਇਕਾਈ ਦਾ ਗਠਨ ਕਰਦਿਆਂ ਗੁਰਦੀਪ ਸਿੰਘ ਡਾਢੀ ਨੂੰ ਪ੍ਰਧਾਨ ਅਤੇ ਸੁੱਖਾ ਸਿੰਘ ਨੂੰ ਜਰਨਲ ਸਕੱਤਰ ਐਲਾਨਿਆ ਗਿਆ

ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਸਿੱਖਾਂ ਪ੍ਰਤੀ ਦਿਖਾਏ ਗਏ ਪਿਆਰ ਅਤੇ ਸਤਿਕਾਰ ਵਾਲੇ ਰਵੱਈਏ ਦੀ ਸ਼ਲਾਘਾ ਕਰਦਿਆਂ ਨੌਜਵਾਨ ਜਥੇਬੰਦੀ ਨੇ ਆਸ ਪ੍ਰਗਟਾਈ ਕਿ ਦੁਨੀਆਂ ਭਰ ਵਿੱਚ ਸਿੱਖਾਂ ਦੀ ਅੱਡਰੀ ਪਛਾਣ ਨੂੰ ਲੈ ਕੇ ਬਣੇ ਸ਼ੱਕ ਅਤੇ ਸਹਿਮ ਦੇ ਮਾਹੌਲ ਵਿੱਚ ਜਸਟਿਨ ਟਰੂਡੋ ਦੀ ਹਾਂ-ਪੱਖੀ ਪਹੁੰਚ ਹੋਰਨਾਂ ਲਈ ਇੱਕ ਉਦਾਹਰਣ ਸੈਟ ਕਰਨ ਲਈ ਸਹਾਈ ਹੋਵੇਗੀ।

ਬਾਦਲ, ਅਮਰਿੰਦਰ ਅਤੇ ਕੇਜਰੀਵਾਲ ਵੱਲੋਂ ਵੋਟਾਂ ਹਾਸਿਲ ਕਰਨ ਲਈ ਅਖੌਤੀ ਡੇਰੇਦਾਰਾਂ ਕੋਲ ਫੇਰੀਆਂ ਲਾਉਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਭਾਰਤ ਦੀਆਂ ਮੁੱਖ ਧਾਰਾ ਵਾਲੀਆਂ ਪਾਰਟੀਆਂ ਦੇ ਨੇਤਾਵਾਂ ਵਲੋਂ ਪਖੰਡੀ ਸਾਧਾਂ ਅਤੇ ਡੇਰੇਦਾਰਾਂ ਨੂੰ ਦਿੱਤੀ ਜਾਂਦੀ ਰਾਜਨੀਤਿਕ ਸਰਪ੍ਰਸਤੀ ਹੀ ਉਹਨਾਂ ਨੂੰ ਸਿੱਖੀ ਸਿਧਾਂਤਾਂ ਦੀ ਤੌਹੀਨ ਕਰਨ ਅਤੇ ਸਿੱਖਾ ਸਿਧਾਤਾਂ ਅਤੇ ਰਵਾeਤਾਂ ਨੂੰ ਵੰਗਾਰਣ ਦੀ ਹਿੰਮਤ ਦਿੰਦੀ ਹੈ।
ਹਿੰਦੂਵਾਦੀ ਤਾਕਤਾਂ ਵੱਲੋਂ ਜਬਰਨ ਥੋਪੇ ਜਾ ਰਹੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਨੂੰ ਇਕੱਤਰਤਾ ਨੇ ਪੂਰੀ ਤਰ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਰੱਦ ਕੀਤਾ। ਸੈਮੀਨਾਰ ਦੇ ਪ੍ਰਬੰਧਕ ਸੁਖਵਿੰਦਰ ਸਿੰਘ ਭਰਤਗੜ੍ਹ ਨੇ ਕਿਹਾ ਕਿ ਸਿੱਖ ਨਾ ਤਾਂ ਧਰਤੀ-ਪੂਜ ਹਨ ਤੇ ਨਾ ਹੀ ਭਾਰਤ-ਮਾਤਾ ਨੂੰ ਆਪਣੀ ਮਾਤਾ ਮੰਨਦੇ ਹਨ। ਉਹਨਾਂ ਕਿਹਾ ਕਿ ਸਿੱਖ ਸਿਰਫ ਇੱਕ ਅਕਾਲ ਪੁਰਖ ਨੂੰ ਪੂਜਦੇ ਹਨ। ਉਹਨਾਂ ਕਿਹਾ ਕਿ ਜੇਕਰ ਇਕ ਵਰਗ ਬਾਕੀ ਲੋਕਾਂ ਉਤੇ ਹਿੰਦੂਤਵ ਰਾਸ਼ਟਰਵਾਦ ਨੂੰ ਥੋਪਣਾ ਚਾਹੁੰਦਾ ਹੈ, ਤਾਂ ਇਹ ਬਿਲਕੁੱਲ ਸਾਫ ਹੈ ਕਿ ਉਸ ਵਰਗ ਦੇ ਇਸ ਏਜੰਡੇ ਅਤੇ ਮਨਸੂਬਿਆਂ ਨੂੰ ਪੰਜਾਬ ਵਿੱਚ ਪੂਰੀ ਟੱਕਰ ਮਿਲੇਗੀ। ਉਹਨਾਂ ਕਿਹਾ ਕਿ ਕਿਸੇ ਵੀ ਹਾਲਾਤਾਂ ਵਿੱਚ ਕੋਈ ਵੀ ਵਰਗ ਸਿੱਖਾਂ ਨੂੰ ਆਪਣੀ ਕੌਮੀਅਤਾ ਸਾਬਿਤ ਕਰਨ ਲਈ ਅਜਿਹੇ ਨਾਅਰੇ ਲਾਉਣ ਲਈ ਮਜਬੂਰ ਨਹੀਂ ਕਰ ਸਕਦਾ।

ਸਮਾਗਮ ਵਿੱਚ ਬੋਲਦਿਆਂ ਪ੍ਰਭਜੋਤ ਸਿੰਘ ਅਤੇ ਭਾਈ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਸਿੱਖ ਦੀ ਕੌਮੀ ਵਫਾਦਾਰੀ ਕਿਸੇ ਖਾਸ ਜਮੀਨ ਦੇ ਟੁਕੜੇ ਨਾਲ ਨਹੀਂ ਜੁੜੀ ਹੋਈ ਸਗੋਂ ਸਿੱਖ ਦੀ ਆਸਥਾ, ਵਫਾਦਾਰੀ ਅਤੇ ਵਚਨਬੱਧਤਾ ਗ੍ਰੰਥ ਅਤੇ ਪੰਥ ਨਾਲ ਹੈ। ਉਹਨਾਂ ਕਿਹਾ ਕਿ ਮੋਜੂਦਾ ਸਮੇਂ ਘੱਟਗਿਣਤੀਆਂ, ਜੇਐਨਯੂ ਤੋਂ ਲੈ ਕੇ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀਆਂ, ਯੂਨੀਅਨ ਆਗੂ, ਰਾਜਨੀਤਿਕ ਵਿਰੋਧੀਆਂ ਤੋਂ ਲੈ ਕੇ ਕਸ਼ਮੀਰੀ ਨੌਜਵਾਨ ਸਾਰੇ ਹੀ ਨਰਿੰਦਰ ਮੋਦੀ ਦੇ ਰਾਜ ਵਿੱਚ ਜਬਰ ਦਾ ਸ਼ਿਕਾਰ ਹੋ ਰਹੇ ਹਨ।

ਇਸ ਦੌਰਾਨ ਜਥੇਬੰਦੀ ਵੱਲੋਂ ਆਪਣੀ ਆਨੰਦਪੁਰ ਸਾਹਿਬ ਇਕਾਈ ਦਾ ਗਠਨ ਕਰਦਿਆਂ ਗੁਰਦੀਪ ਸਿੰਘ ਡਾਢੀ ਨੂੰ ਪ੍ਰਧਾਨ ਅਤੇ ਸੁੱਖਾ ਸਿੰਘ ਨੂੰ ਜਰਨਲ ਸਕੱਤਰ ਐਲਾਨਿਆ ਗਿਆ ਅਤੇ ਉਹਨਾਂ ਨੂੰ ਵਰਕਿੰਗ ਕਮੇਟੀ ਗਠਨ ਕਰਨ ਦੇ ਅਧਿਕਾਰ ਦਿਤੇ ਗਏ।

ਸੈਮੀਨਾਰ ਵਿੱਚ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ , ਗੁਰਮੀਤ ਸਿੰਘ, ਗਗਨਦੀਪ ਸਿੰਘ, ਮਨਜੀਤ ਸਿੰਘ, ਗੁਰਨਾਮ ਸਿੰਘ, ਸਰਬਜੋਤ ਸਿੰਘ, ਮਲਕੀਅਤ ਸਿੰਘ, ਕਮਲਜੀਤ ਸਿੰਘ, ਜਸਵੰਤ ਸਿੰਘ ਨੇ ਹਿੱਸਾ ਲਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version