੧. ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਮੀਰੀ ਪੀਰੀ ਦਿਵਸ ਉੱਤੇ ੧੪ ਹਾੜ ੫੫੫ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਸਜੀ।
੨. ਇਕੱਤਰਤਾ ਅਸਥਾਨ ਨੇ ਨੇੜੇ, ਬਾਹਰ, ਦਾਖਲੇ ਉੱਤੇ ਅਤੇ ਅੰਦਰ ਸਮਾਗਮ ਤੇ ਸੇਵਾਵਾਂ ਬਾਰੇ, ਅਤੇ ਪੰਥਕ ਰਿਵਾਇਤ ਬਾਰੇ ਕੰਧ ਪਰਦੇ ਜਾਣਕਾਰੀ ਦੇ ਰਹੇ ਸਨ।
੩. ਦਾਖਲੇ ਉੱਤੇ ਪ੍ਰਬੰਧਕ ਪੰਥ ਸੇਵਕ ਸਖਸ਼ੀਅਤਾਂ ਸਭਨਾ ਨੂੰ ਜੀ ਆਇਆਂ ਕਹਿ ਰਹੀਆਂ ਸਨ ਅਤੇ ਨੌਜਵਾਨ ਤੇ ਭੁਜੰਗੀ ਸੇਵਕ ਸਭਾ ਦੇ ਮਨੋਰਥ, ਵਿਸ਼ੇ ਅਤੇ ਦਿਨ ਦੇ ਸਮਾਗਮ ਤੇ ਕਾਰਜ ਵਿਧੀ ਦੀ ਜਾਣਕਾਰੀ ਦਿੰਦੇ ਪਰਚੇ ਦੇ ਰਹੇ ਸਨ। ਹਰ ਆਉਣ ਵਾਲੇ ਜਥੇ ਦੇ ਜਥੇਦਾਰ ਅਤੇ ਮੀਤ ਜਥੇਦਾਰ ਨੂੰ ਸੇਵਾਦਾਰ ਸਤਿਕਾਰ ਨਾਲ ਸੁਨਹਿਰੀ ਚਿੰਨ੍ਹ ਸਜਾ ਦਿੰਦੇ ਸਨ।
੪. ਇਕੱਤਰਤਾ ਵਿਚ ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਸਾਹਿਬ ਦੀ ਸੰਪੂਰਤਾ ਹੋਈ ਫਿਰ ਗੁਰਬਾਣੀ ਦਾ ਰਸਭਿੰਨਾ ਕੀਰਤਨ ਹੋਇਆ। ਉਪਰੰਤ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਸਹਿਬ ਪਾਠ ਦੀ ਸੰਪੂਰਨਤਾ ਅਤੇ ਗੁਰਬਾਣੀ ਕੀਰਤਨ ਦੀ ਅਰਦਾਸ ਹੋਈ।
੫. ਫਿਰ ਪੰਥ ਸੇਵਕ ਸਖਸ਼ੀਅਤਾਂ ਦੀ ਤਰਫੋਂ ਭਾਈ ਦਲਜੀਤ ਸਿੰਘ ਜੀ ਨੇ ਸਭਾਸਦਾਂ ਅਤੇ ਸੰਗਤਾਂ ਨੂੰ ਇਕੱਤਰਤਾ ਬੁਲਾਉਣ ਦੇ ਕਾਰਨਾਂ ਤੇ ਮਨੋਰਥ ਬਾਰੇ ਦੱਸਿਆ।
੬. ਸਭਾਸਦਾਂ ਨੂੰ ਪੰਥਕ ਇਕੱਤਰਤਾਵਾਂ ਦੀ ਪੰਥਕ ਰਿਵਾਇਤ ਅਤੇ ਇਸ ਵਿਸ਼ਵ ਸਿੱਖ ਇਕੱਤਰਤਾ ਦੀ ਕਾਰਵਾਈ ਦੀ ਰੂਪਰੇਖਾ ਤੇ ਵਿਧੀ ਵਾਰੇ ਜਾਣਕਾਰੀ ਦੇਣ ਦੀ ਸੇਵਾ ਭਾਈ ਮਨਧੀਰ ਸਿੰਘ ਨੇ ਨਿਭਾਈ।
੭. ਇਸ ਉਪਰੰਤ ਇਕੱਤਰਤਾ ਬੁਲਾਉਣ ਵਾਲੀਆਂ ਸਖਸ਼ੀਅਤਾਂ ਨੇ ਗੁਰੂ ਸਾਹਿਬ ਦੇ ਸਨਮੁਖ ਗੁਰਮਤੇ ਦੀ ਆਰੰਭਤਾ ਦੀ ਅਰਦਾਸ ਕੀਤੀ। ਅਰਦਾਸ ਤੋਂ ਬਾਅਦ ਸਭਾ ਬੁਲਾਉਣ ਵਾਲੀਆਂ ਸਖਸ਼ੀਅਤਾਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਗਏ ਤੇ ਸਾਖੀ ਦੀ ਸੇਵਾ ਨਿਭਾਉਂਦਿਆਂ ਪੰਥਕ ਰਿਵਾਇਤ ਤੇ ਜੁਗਤ ਅਨੁਸਾਰ ਪੰਜ ਸਿੰਘ ਚੁਣਨ ਦਾ ਅਮਲ ਸ਼ੁਰੂ ਕੀਤਾ। ਸਾਖੀ ਵੱਲੋਂ ਪਹਿਲੇ ਸਿੰਘ ਦਾ ਨਾਲ ਪੰਜ ਸਿੰਘਾਂ ਲਈ ਤਜਵੀਜ ਕੀਤਾ ਗਿਆ। ਫਿਰ ਸੰਗਤ ਨੂੰ ਕਿਹਾ ਕਿ ਜੇਕਰ ਕਿਸੇ ਨੂੰ ਉਸ ਸਿੰਘ ਬਾਰੇ ਇਤਰਾਜ ਹੈ ਤਾਂ ਦੱਸਿਆ ਜਾਵੇ। ਇਤਰਾਜ ਨਾ ਆਉਂਣ ਉੱਤੇ ਪਹਿਲਾ ਸਿੰਘ ਚੁਣ ਲਿਆ ਗਿਆ। ਇਸੇ ਵਿਧੀ ਨਾਲ ਪੰਜ ਸਿੰਘ ਚੁਣੇ ਗਏ।
੮. ਪੰਜ ਸਿੰਘਾਂ ਨੇ ਵਿਚਾਰ ਦਾ ਵਿਸ਼ਾ ਸਭਾਸਦਾਂ ਨੂੰ ਦੱਸਿਆ ਤੇ ਗੁਰਮਤਾ ਸੋਧਣ ਲਈ ਸਭਾਸਦਾ ਦੇ ਵਿਚਾਰ ਸੁਣਨ ਦਾ ਸਿਲਸਿਲਾ ਸ਼ੁਰੂ ਹੋਇਆ।
੯. ਇਕੱਤਰਤਾ ਵਿਚ ਦੇਸ ਪੰਜਾਬ ਤੇ ਹੋਰਨਾ ਸੂਬਿਆਂ ਤੋਂ ਆਏ ਸੰਪਰਦਾਵਾਂ, ਸੰਸਥਾਵਾਂ ਤੇ ਜਥਿਆਂ ਤੋਂ ਇਲਾਵਾ ਵਿਦੇਸ਼ਾਂ ਵਿਚੋਂ ਵੀ ਸੰਪਰਦਾਵਾਂ, ਸੰਸਥਾਵਾਂ ਤੇ ਜਥਿਆਂ ਦੇ ਨੁਮਾਇਦਿਆਂ ਨੇ ਪੰਜ ਸਿੰਘਾਂ ਨਾਲ ਮਿੱਥੇ ਵਿਸ਼ੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
੧੦. ਪੰਜ ਸਿੰਘਾਂ ਅਤੇ ਉਹਨਾ ਦੇ ਸਹਿਯੋਗ ਲਈ ਨੀਯਤ ਕੀਤੇ ਲਿਖਾਰੀ ਸਿੰਘਾਂ ਨੇ ਸਭ ਸਭਾਸਦਾਂ ਵੱਲੋਂ ਸਾਂਝੇ ਕੀਤੇ ਵਿਚਾਰਾਂ ਵਿਚੋਂ ਨੁਕਤੇ ਦਰਜ਼ ਕੀਤੇ। ਵਿਚਾਰ ਇਕੱਤਰ ਕਰਨ ਦਾ ਦੁਪਹਿਰ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਦੇਰ ਸ਼ਾਮ ਨੂੰ ਸੰਪੂਰਨ ਹੋਇਆ।
੧੧. ਫਿਰ ਪੰਜ ਸਿੰਘਾਂ ਨੇ ਗੁਰਮਤਿ ਅਤੇ ਪੰਥਕ ਪਰੰਪਰਾ ਦੀ ਰੌਸ਼ਨੀ ਵਿਚ ਆਏ ਵਿਚਾਰਾਂ ਬਾਰੇ ਨੂੰ ਘੋਖ ਕੇ ਗੁਰਮਤਾ ਸੋਧਿਆ।
੧੨. ਗੁਰਮਤਾ ਪੰਜ ਸਿੰਘਾਂ ਨੇ ਸਾਖੀ ਸਖਸ਼ੀਅਤਾਂ ਦੇ ਸਪੁਰਦ ਕੀਤਾ ਤੇ ਉਹਨਾ ਇਹ ਗੁਰਮਤਾ ਸਭ ਨੂੰ ਪੜ੍ਹ ਕੇ ਸੁਣਾਇਆ। ਜਿਸ ਉਪਰੰਤ ਸਮਾਪਤੀ ਦੀ ਅਰਦਾਸ ਹੋਈ।
੧੩. ਵਿਸ਼ਵ ਸਿੱਖ ਇਕੱਤਰਤਾ ਪੰਥਕ ਪਰੰਪਰਾ ਵੱਲ ਪਰਤਣ ਦਾ ਇਕ ਸਾਰਥਕ ਉਪਰਾਲਾ ਹੋ ਨਿੱਬੜੀ ਹੈ। ਕਰੀਬ ਸਦੀ ਦੇ ਸਮੇਂ ਬਾਅਦ ਗੁਰਮਤਾ ਸੋਧਣ ਦਾ ਅਮਲ ਇੰਝ ਵੱਖ-ਵੱਖ ਜਥਿਆਂ ਦੀ ਸ਼ਮੂਲੀਅਤ ਵਾਲੀ ਇਕੱਤਰਤਾ ਵਿਚ ਅਖਤਿਆਰ ਕੀਤਾ ਗਿਆ ਹੈ। ਸੱਚੇ ਪਾਤਿਸ਼ਾਹ ਅਜਿਹੇ ਉੱਦਮ ਕਰਨ ਵਾਲੀਆਂ ਸਖਸ਼ੀਅਤਾਂ ਉੱਤੇ ਮਿਹਰ ਬਣਾਈ ਰੱਖੇ। ਖਾਲਸਾ ਪੰਥ ਸਦਾ ਚੜ੍ਹਦੀਕਲਾ ਵਿਚ ਰਹੇ।