ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਇਤਿਹਾਸ ਵਿਸ਼ੇ ਦੀ ਕਿਤਾਬ ਵਿਚ ਕੀਤੀਆਂ ਗਈਆਂ ਤਬਦੀਲੀਆਂ ਦਾ ਮਸਲਾ ਗਰਮਾਉਂਦਾ ਜਾ ਰਿਹਾ ਹੈ। ਇਸ ਮਾਮਲੇ ਵਿਚ ਭਾਵੇਂ ਪਿਛਲੀ ਅਕਾਲੀ-ਭਾਜਪਾ ਸਰਕਾਰ ਅਤੇ ਮੋਜੂਦਾ ਕਾਂਗਰਸ ਸਰਕਾਰ ਦੋਵੇਂ ਕਸੂਰਵਾਰ ਨਜ਼ਰ ਆ ਰਹੇ ਹਨ ਪਰ ਹੁਣ ਦੋਵੇਂ ਕਸੂਰਵਾਰ ਇਕ ਦੂਜੇ ਦੀ ਰਾਜਨੀਤਕ ਖਿਚਾਈ ਕਰਨ ਦੇ ਰਾਹ ਪੈ ਗਏ ਹਨ। ਸਕੂਲੀ ਵਿਦਿਆ ਵਿਚਲੇ ਇਸ ਗੰਭੀਰ ਮਸਲੇ ਨਾਲ ਸਿੱਖ ਸਫਾਂ ਵਿਚ ਵੀ ਇਕ ਚਿੰਤਾ ਦਾ ਆਲਮ ਹੈ ਕਿਉਂਕਿ ਸਿੱਖ ਇਤਿਹਾਸ ਨਾਲ ਸਕੂਲੀ ਪਾਠਕ੍ਰਮ ਵਿਚ ਕੀਤੀ ਜਾ ਰਹੀ ਛੇੜਛਾੜ ਨੂੰ ਕਿਸੇ ਵੱਡੀ ਸਾਜਿਸ਼ ਦਾ ਹਿੱਸਾ ਸਮਝਿਆ ਜਾ ਰਿਹਾ ਹੈ ਜਿਸ ਦੇ ਖਾਸ ਤੌਰ ‘ਤੇ ਸਿੱਖ ਵਸੋਂ ਵਾਲੇ ਇਸ ਸੂਬੇ ਦੇ ਸਿੱਖ ਵਿਦਿਆਰਥੀਆਂ ਦੀ ਮਾਨਸਿਕਤਾ ‘ਤੇ ਮਾੜੇ ਦੂਰਗਾਮੀ ਪ੍ਰਭਾਵ ਪੈ ਸਕਦੇ ਹਨ।
ਕੈਪਟਨ ਅਮਰਿੰਦਰ ਨੇ ਕਿਤਾਬ ਵਿਵਾਦ ਮਸਲੇ ‘ਤੇ ਦਿੱਤੀ ਸਫਾਈ:
ਇਸ ਮਸਲੇ ਸਬੰਧੀ ਖੜੇ ਹੋਏ ਵਿਵਾਦ ‘ਤੇ ਆਪਣਾ ਪੱਖ ਰਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਦੀ ਇਤਿਹਾਸ ਦੀ ਪਾਠ-ਪੁਸਤਕ ਦੇ ਵਿਵਾਦ ’ਤੇ ਵਿਰੋਧੀ ਧਿਰ ਨੂੰ ਕਰੜੇ ਹੱਥੀਂ ਲੈਂਦਿਆਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਵਿਰੋਧੀ ਧਿਰ ਨੂੰ ਬੇਹੱਦ ਸੰਵੇਦਨਸ਼ੀਲ ਅਤੇ ਧਾਰਮਿਕ ਭਾਵਨਾਵਾਂ ਨਾਲ ਜੁੜੇ ਇਸ ਮੁੱਦੇ ’ਤੇ ਸਿਆਸਤ ਕਰ ਕੇ ਸੂਬੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਖ਼ਿਲਾਫ਼ ਚਿਤਾਵਨੀ ਦਿੱਤੀ ਹੈ।
ਸਬੰਧਿਤ ਖ਼ਬਰ: ਆਪ ਨੇ 12ਵੀਂ ਦੀ ਇਤਿਹਾਸ ਦੀ ਕਿਤਾਬ ਵਿਚੋਂ ਸਿੱਖ ਇਤਿਹਾਸ ਕੱਟਣ ਦੀ ਕੀਤੀ ਨਿਖੇਧੀ, ਜਾਂਚ ਦੀ ਕੀਤੀ ਮੰਗ
ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਦੀ ਸਖ਼ਤ ਆਲੋਚਨਾ ਕਰਦਿਆਂ ਤੱਥਾਂ ਦੀ ਪੁਸ਼ਟੀ ਕੀਤੇ ਬਗ਼ੈਰ ਸਰਕਾਰ ਨੂੰ ਬਦਨਾਮ ਕਰਨ ਦਾ ਦੋਸ਼ ਲਾਉਂਦਿਆਂ ਆਮ ਆਦਮੀ ਪਾਰਟੀ (ਆਪ) ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ 2014 ਵਿੱਚ ਅਕਾਲੀ ਸਰਕਾਰ ਸਮੇਂ ਐਨਸੀਈਆਰਟੀ ਸਿਲੇਬਸ ਅਨੁਸਾਰ ਮੁੜ ਤਿਆਰ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਤੇ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਮੁੱਦੇ ’ਤੇ ਚਰਚਾ ਵਿੱਚ ਸ਼੍ਰੋਮਣੀ ਕਮੇਟੀ ਨੂੰ ਵੀ ਸ਼ਾਮਲ ਕੀਤਾ ਸੀ, ਜਿਸ ਤਹਿਤ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਇਤਿਹਾਸ ਦੇ ਸਿਲੇਬਸ ਨੂੰ ਮੁੜ ਤਿਆਰ ਕਰਨ ਲਈ ਚਰਚਾ ਵਾਸਤੇ 9 ਜਨਵਰੀ 2014 ਨੂੰ ਮਾਹਿਰਾਂ ਦੀ ਇਕ ਕਮੇਟੀ ਕਾਇਮ ਕਰਨ ਦਾ ਪ੍ਰਸਤਾਵ ਰੱਖਿਆ ਸੀ। ਇਸ ਵਿਸ਼ੇ ’ਤੇ ਚਰਚਾ ਲਈ ਕਮੇਟੀ ਨੇ ਕਈ ਮੀਟਿੰਗਾਂ ਕੀਤੀਆਂ ਅਤੇ ਡਾਇਰੈਕਟਰ (ਸਹਾਇਕ ਪ੍ਰੋਫੈਸਰ, ਐਨਸੀਈਆਰਟੀ) ਤੋਂ ਵੀ ਜਾਣਕਾਰੀ ਲਈ ਸੀ। ਮਾਰਚ 2014 ਵਿੱਚ ਇਹ ਸਿਲੇਬਸ ਬੋਰਡ ਦੀ ਵੈੱਬਸਾਈਟ ’ਤੇ ਅਪਲੋਡ ਕਰ ਦਿੱਤਾ ਸੀ। ਸਾਲ 2015 ਵਿੱਚ ਨੌਵੀਂ ਜਮਾਤ ਦੇ ਸਿਲੇਬਸ ਨੂੰ ਅੰਤਿਮ ਰੂਪ ਦਿੱਤੇ ਜਾਣ ਬਾਅਦ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਕੀਤਾ ਸੀ। ਸਿਲੇਬਸ ਨੂੰ ਮੁੜ ਵਿਉਂਤਣ ਬਾਅਦ 2016 ਵਿੱਚ ਬੋਰਡ ਵੱਲੋਂ 9ਵੀਂ ਅਤੇ 10ਵੀਂ ਜਮਾਤਾਂ ਲਈ ਕਿਤਾਬਾਂ ਪ੍ਰਕਾਸ਼ਿਤ ਕਰਾਈਆਂ ਸਨ ਅਤੇ 11ਵੀਂ-12ਵੀਂ ਜਮਾਤਾਂ ਲਈ ਕਿਤਾਬਾਂ 2018 ਵਿੱਚ ਛਪਾਉਣ ਬਾਰੇ ਫ਼ੈਸਲਾ ਕੀਤਾ ਸੀ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਦੀ ਸੱਤਾ ਸੰਭਾਲਣ ਬਾਅਦ ਉਨ੍ਹਾਂ ਦੀ ਸਰਕਾਰ ਨੇ ਇਤਿਹਾਸ ਦੇ ਵਿਸ਼ੇ ਨੂੰ ਮੁੜ ਤਿਆਰ ਲਈ ਵਿਚਾਰ-ਚਰਚਾ ਵਾਸਤੇ ਮਾਰਚ 2017 ਵਿੱਚ ਸ਼੍ਰੋਮਣੀ ਕਮੇਟੀ ਨੂੰ ਲਿਖਿਆ ਸੀ। ਸ਼੍ਰੋਮਣੀ ਕਮੇਟੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਪਰਮਵੀਰ ਸਿੰਘ ਨੂੰ ਜ਼ਿੰਮਾ ਦਿੱਤਾ ਸੀ, ਜਿਨ੍ਹਾਂ ਨੇ ਸਾਰੀਆਂ ਮੀਟਿੰਗਾਂ ਵਿੱਚ ਹਿੱਸਾ ਲਿਆ ਸੀ। ਕੈਪਟਨ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਆਪਣੇ ਰਾਜਸੀ ਹਿੱਤਾਂ ਲਈ ਇਸ ਮਸਲੇ ਬਾਰੇ ਜਾਣ-ਬੁੱਝ ਕੇ ਅਸਲ ਤੱਥ ਛੁਪਾਉਣ ਲਈ ਆਲੋਚਨਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਸਿੱਖ ਗੁਰੂਆਂ ਬਾਰੇ ਚੈਪਟਰ ਗਾਇਬ ਕਰਨ ਦੇ ਲਾਏ ਜਾ ਰਹੇ ਦੋਸ਼ ਕੋਰੇ ਝੂਠ ਹਨ।
ਸਬੰਧਿਤ ਖ਼ਬਰ: ਪੰਜਾਬ ਦੇ ਮੁੱਖ ਮੰਤਰੀ ਕਿਤਾਬ ‘ਤੇ ਰੋਕ ਲਗਾਉਣ ਤੇ ਸਿੱਖ ਜਗਤ ਤੋਂ ਮੁਆਫ਼ੀ ਵੀ ਮੰਗਣ: ਭਾਈ ਲੌਂਗੋਵਾਲ
ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਮੁੜ ਤਿਆਰ ਕੀਤੇ ਸਿਲੇਬਸ ਵਿੱਚ ਸਿੱਖ ਗੁਰੂਆਂ ਬਾਰੇ ਮੁਕੰਮਲ ਇਤਿਹਾਸ ਨੂੰ ਬਗ਼ੈਰ ਕਿਸੇ ਕਾਂਟ-ਛਾਂਟ ਸ਼ਾਮਲ ਕੀਤਾ ਗਿਆ ਹੈ। ਸਿਲੇਬਸ ਨੂੰ ਮੁੜ ਤਿਆਰ ਕਰਨ ਬਾਅਦ ਹੁਣ 11ਵੀਂ ਜਮਾਤ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਕਾਲ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਪੜ੍ਹਾਇਆ ਜਾ ਰਿਹਾ ਹੈ। ਚਾਰ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਉਨ੍ਹਾਂ ਦੀ ਨਿੱਜੀ ਸਿਫ਼ਾਰਸ਼ ’ਤੇ ਸ਼ਾਮਲ ਕੀਤਾ ਗਿਆ ਹੈ। ਹੁਣ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਪੱਧਰ ’ਤੇ ਮੁਕੰਮਲ ਸਿੱਖ ਇਤਿਹਾਸ ਕਾਲ ਬਾਰੇ ਪੜ੍ਹਾਏ ਜਾਣ ਬਾਰੇ ਸਪੱਸ਼ਟ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਕਿਸੇ ਬੋਰਡ ਜਾਂ ਯੂਨੀਵਰਸਿਟੀ ਵੱਲੋਂ ਕਿਸੇ ਵੀ ਸਿਲੇਬਸ ਦਾ ਖਾਕਾ ਵਿਸ਼ਾ-ਵਸਤੂ ਆਧਾਰ ’ਤੇ ਤਿਆਰ ਕੀਤਾ ਜਾਂਦਾ ਹੈ, ਚੈਪਟਰਾਂ ਅਨੁਸਾਰ ਨਹੀਂ। ਉਨ੍ਹਾਂ ਕਿਹਾ ਕਿ ਅਧਿਆਏ (ਚੈਪਟਰ) ਪ੍ਰਕਾਸ਼ਕ ਅਤੇ ਪ੍ਰਿੰਟਰ ਵੱਲੋਂ ਆਪਣੀ ਪਸੰਦ ਤੇ ਸੌਖ ਮੁਤਾਬਕ ਤਿਆਰ ਕੀਤੇ ਜਾਂਦੇ ਹਨ।
ਸ਼੍ਰੋਮਣੀ ਅਕਾਲੀ ਦਲ ਨੇ 3 ਮਈ ਨੂੰ ਕੋਰ ਕਮੇਟੀ ਦੀ ਮੀਟਿੰਗ ਬੁਲਾਈ:
ਸ਼੍ਰੋਮਣੀ ਅਕਾਲੀ ਦਲ ਨੇ 12ਵੀਂ ਜਮਾਤ ਦੇ ਸਿਲੇਬਸ ਵਿੱਚੋਂ ਸਿੱਖ ਇਤਿਹਾਸ ਦੇ ਚੈਪਟਰ ਘਟਾਉਣ ਦੇ ਦੋਸ਼ ਦੁਹਰਾਉਂਦਿਆਂ ਇਸ ਮੁੱਦੇ ’ਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਅਖ਼ਤਿਆਰ ਕਰ ਲਈ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਮੀਟਿੰਗ ਦੌਰਾਨ 3 ਮਈ ਨੂੰ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਬੁਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਸਬੰਧਿਤ ਖ਼ਬਰ: ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਦੀ ਪੁਸਤਕ ’ਚੋਂ ਸਿੱਖ ਗੁਰੂ ਸਾਹਿਬਾਨ ਤੇ ਪੰਜਾਬ ਦਾ ਇਤਿਹਾਸ ਕੱਢਿਆ
ਬਾਦਲ ਨੇ ਮੁੜ ਕਿਹਾ ਕਿ ਕਾਂਗਰਸ ਸਰਕਾਰ ਦੁਆਰਾ ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਮਨਫ਼ੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਸਰਕਾਰ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਸਿੱਖ ਗੁਰੂਆਂ, ਸਿੱਖ ਯੋਧਿਆਂ ਤੇ ਪੰਜਾਬ ਦੇ ਅਹਿਮ ਇਤਿਹਾਸਕ ਤੱਥਾਂ ਬਾਰੇ ਜਾਣਕਾਰੀ ਦੇਣ ਵਾਲੇ 23 ਚੈਪਟਰਾਂ ਨੂੰ 12ਵੀ ਜਮਾਤ ਦੀ ਇਤਿਹਾਸ ਦੀ ਕਿਤਾਬ ਵਿੱਚੋਂ ਗਾਇਬ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਥਾਂ ਸਿੱਖ ਇਤਿਹਾਸ ਬਾਰੇ ਅੱਧੇ ਪੰਨੇ ਉਤੇ ਜਾਣਕਾਰੀ ਦਿੱਤੀ ਗਈ ਹੈ। ਬਾਦਲ ਨੇ ਕਿਹਾ ਕਿ ਇਸ ਗ਼ਲਤੀ ਨੂੰ ਸਵੀਕਾਰ ਕਰਨ, ਨਵੀਂ ਕਿਤਾਬ ਉੱਤੇ ਪਾਬੰਦੀ ਲਾਉਣ ਅਤੇ 12ਵੀਂ ਦੀ ਕਿਤਾਬ ਨੂੰ ਪੁਰਾਣੇ ਚੈਪਟਰਾਂ ਸਮੇਤ ਛਾਪਣ ਦਾ ਹੁਕਮ ਦੇਣ ਦੀ ਥਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਨੂੰ ਇਹ ਕਹਿ ਕੇ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਨ੍ਹਾਂ ਚੈਪਟਰਾਂ ਨੂੰ ਤਬਦੀਲ ਕਰਕੇ ਸਿੱਖਿਆ ਬੋਰਡ ਦੀ 11ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿੱਚ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ 11ਵੀਂ ਜਮਾਤ ਦੇ ਕੱਲੇ ਕੱਲੇ ਚੈਪਟਰ ਸਮੇਤ ਸਮੁੱਚਾ ਸਿਲੇਬਸ ਇੰਟਰਨੈੱਟ ’ਤੇ ਉਪਲੱਬਧ ਹੈ ਅਤੇ ਇਸ ਵਿੱਚ ਸਿੱਖ ਗੁਰੂ ਸਾਹਿਬਾਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦੇਣ ਵਾਲੇ 23 ਚੈਪਟਰਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਗੁੰਮਰਾਹ ਕੀਤਾ ਹੈ, ਜਿਨ੍ਹਾਂ ਨੇ ਇਸ ਸਮੁੱਚੇ ਮਸਲੇ ਦੀ ਜਾਂਚ ਦੇ ਹੁਕਮ ਦੇਣ ਦੀ ਥਾਂ ਉਨ੍ਹਾਂ ਦੀਆਂ ਗੱਲਾਂ ਉੱਤੇ ਭਰੋਸਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਨੂੰ 12ਵੀਂ ਦੇ ਸਿਲੇਬਸ ਵਿੱਚ ਮੁੜ ਸ਼ਾਮਲ ਕਰਵਾਉਣ ਲਈ ਠੋਸ ਰਣਨੀਤੀ ਉਲੀਕਾਂਗੇ ਕਿ ਗੁਰੂ ਸਾਹਿਬਾਨ ਦੀ ਇਸ ਧਰਤੀ ’ਤੇ ਉਨ੍ਹਾਂ ਬਾਰੇ ਜਾਣਕਾਰੀ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਅਤੇ ਕਾਂਗਰਸ ਸਰਕਾਰ ਇਤਿਹਾਸ ਨੂੰ ਸਾਡੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਮਿਟਾਉਣ ਦੀ ਸਾਜ਼ਿਸ਼ ਵਿੱਚ ਕਾਮਯਾਬ ਨਾ ਹੋਵੇ। ਮੀਟਿੰਗ ਵਿੱਚ ਬਲਵਿੰਦਰ ਸਿੰਘ ਭੂੰਦੜ, ਤੋਤਾ ਸਿੰਘ, ਸਿਕੰਦਰ ਸਿੰਘ ਮਲੂਕਾ, ਗੁਲਜ਼ਾਰ ਸਿੰਘ ਰਣੀਕੇ, ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ, ਐਨ ਕੇ ਸ਼ਰਮਾ, ਬਲਦੇਵ ਖਾਰਾ ਤੇ ਪਾਰਟੀ ਉਮੀਦਵਾਰ ਨਾਇਬ ਸਿੰਘ ਕੋਹਾੜ ਵੀ ਸ਼ਾਮਲ ਸਨ।
ਸਿੱਖਿਆ ਮੰਤਰੀ ਨੇ ਸੁਖਬੀਰ ਬਦਲ ਤੋਂ ਅਸਤੀਫ਼ਾ ਮੰਗਿਆ: ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਇਤਿਹਾਸ ਦੀਆਂ ਕਿਤਾਬਾਂ ਦੇ ਮੁੱਦੇ ’ਤੇ ਅਕਾਲੀਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਲਾਏ ਦੋਸ਼ਾਂ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਸੋਨੀ ਨੇ ਕਿਹਾ ਕਿ ਕੈਪਟਨ ਨੇ ਸੁਖਬੀਰ ਦੀ ਚੁਣੌਤੀ ਨੂੰ ਸਵੀਕਾਰ ਹੀ ਨਹੀਂ ਕੀਤਾ, ਬਲਕਿ ਪਿਛਲੇ ਕੁਝ ਦਿਨਾਂ ਤੋਂ ਇਸ ਸਬੰਧੀ ਅਕਾਲੀਆਂ ਵੱਲੋਂ ਬੋਲੇ ਝੂਠ ਦਾ ਪਰਦਾਫਾਸ਼ ਕਰਨ ਲਈ ਅਕਾਲੀਆਂ ਦੇ ਕੱਚੇ ਚਿੱਠੇ ਲੋਕਾਂ ਸਾਹਮਣੇ ਰੱਖੇ ਹਨ। ਮੁੱਖ ਮੰਤਰੀ ਵੱਲੋਂ ਜਾਰੀ 12ਵੀਂ ਜਮਾਤ ਦੇ ਸਿਲੇਬਸ ਦਾ ਵਿਸਤ੍ਰਿਤ ਅਧਿਐਨ ਇਹ ਦਰਸਾਉਂਦਾ ਹੈ ਕਿ ਸਕੂਲਾਂ ਦੇ ਸਿਲੇਬਸ ਵਿੱਚ ਸਿੱਖ ਗੁਰੂਆਂ ਦੇ ਇਤਿਹਾਸ ਨੂੰ ਛੇੜਿਆ ਜਾਂ ਹਟਾਇਆ ਨਹੀਂ ਗਿਆ।