ਤਰਨ ਤਾਰਨ: ਤਰਨ ਤਾਰਨ ਦੇ ਗੰਢਾਂ ਵਾਲੀ ਧਰਮਸ਼ਾਲਾ ਵਿਖੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਸਹਿਯੋਗੀ ਜੱਥੇਬੰਦੀਆਂ ਨੇ ਪਰਿਵਾਰ ਦੇ ਸਹਿਯੋਗ ਨਾਲ ਖਾਲੜਾ ਮਿਸ਼ਨ ਦੇ ਜੱਥੇਬੰਦਕ ਸਕੱਤਰ ਭਾਈ ਚਮਨ ਲਾਲ ਜੀ, ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਅੰਤਮ ਅਰਦਾਸ ਮੌਕੇ ‘ਤੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਰਾਗੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ।
ਇਸ ਮੌਕੇ ਸਮਾਗਮ ਨੂੰ ਸੰਘਰਸ਼ੀ ਯੋਧੇ ਚਮਨ ਲਾਲ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਚਮਨ ਲਾਲ ਨੂੰ ਉਨ੍ਹਾਂ ਦੇ ਪੁੱਤਰ ਗੁਲਸ਼ਨ ਕੁਮਾਰ ਦੇ ਝੂਠੇ ਮੁਕਾਬਲੇ ਦਾ ਭਾਵੇਂ ਨਿਆਂ ਨਹੀਂ ਦਿੱਤਾ ਪਰ ਅਸੀਂ ਉਨ੍ਹਾਂ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਸੰਘਰਸ਼ ਜਾਰੀ ਰੱਖਾਂਗੇ। ਇਸ ਮੌਕੇ ‘ਤੇ ਚਮਨ ਲਾਲ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਜਨਰਲ ਸਕੱਤਰ, ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ ਆਪਣੀ ਤਕਰੀਰ ਵਿੱਚ ਕਿਹਾ ਕਿ ਉਨ੍ਹਾਂ ਦਾ ਇੱਕੋ ਇੱਕ ਮਕਸਦ ਗੁਲਸ਼ਨ ਕੁਮਾਰ ਦੇ ਕਾਤਲਾਂ ਨੂੰ ਉਮਰ ਕੈਦ ਦਵਾਉਣਾ ਹੈ। ਸਮਾਗਮ ਨੂੰ ਪੱਤਰਕਾਰ ਦਲਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਚਮਨ ਲਾਲ ਨੇ ਸਾਰੀ ਉਮਰ ਲਾਮਿਸਾਲ ਸੰਘਰਸ਼ ਕੀਤਾ ਅਤੇ ਕਿਹਾ ਦਰਬਾਰ ਸਾਹਿਬ ਤੇ ਫੌਜੀ ਹਮਲੇ ਸਮੇਂ ਬਾਦਲ ਵੀ ਇੰਦਰਾਕਿਆਂ ਨਾਲ ਰਲੇ ਹੋਏ ਸਨ।
ਸਮਾਗਮ ਨੂੰ ਨਸ਼ਾ ਵਿਰੋਧੀ ਫਰੰਟ ਵੱਲੋਂ ਮੁਖਤਾਰ ਸਿੰਘ ਪੱਟੀ ਨੇ ਸੰਬੋਧਨ ਕੀਤਾ। ਇਸ ਮੌਕੇ ‘ਤੇ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਵੱਲੋਂ ਪੜੇ ਮਤਿਆਂ ਵਿੱਚ ਮੰਗ ਕੀਤੀ ਕਿ ਚਮਨ ਲਾਲ ਦੇ ਪੁੱਤਰ ਗੁਲਸ਼ਨ ਕੁਮਾਰ ਸਮੇਤ ਹਜ਼ਾਰਾਂ ਸਿੱਖਾਂ ਦੇ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਡਿਊਟੀਆਂ ਤੋਂ ਪਾਸੇ ਕਰਕੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਹੋਵੇ। ਪਾਸ ਮਤੇ ਵਿੱਚ ਇਕੱਠ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸ਼ਿੰਘ ਬਾਦਲ ਨੂੰ ਕਟਿਹਰੇ ਵਿੱਚ ਖੜਾ ਕਰਦਿਆਂ 10 ਸਵਾਲ ਪੁੱਛਦਿਆਂ ਕਿਹਾ;
- ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੇ ਦੋਸ਼ੀਆਂ ਖਿਲਾਫ ਅੱਜ ਤੱਕ ਕੋਈ ਐਫ.ਆਈ.ਆਰ. ਦਰਜ ਕਿਉਂ ਨਹੀਂ ਹੋਈ? ਅਤੇ ਇਸ ਹਮਲੇ ਦੀ ਕੋਈ ਪੜਤਾਲ ਕਿਉਂ ਨਹੀਂ ਹੋਈ?
- ਪੰਜਾਬ ਅੰਦਰ ਚੱਪੇ-ਚੱਪੇ ‘ਤੇ ਹੋਏ ਝੂਠੇ ਮੁਕਾਬਲਿਆਂ ਦੇ ਮਹਾਦੋਸ਼ੀ ਕੇ.ਪੀ.ਐਸ. ਗਿੱਲ, ਇਜ਼ਹਾਰ ਆਲਮ, ਸੁਮੇਧ ਸੈਣੀ ਆਦਿ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਿਉਂ ਨਹੀਂ ਹੋਈ?
- ਕੇ.ਪੀ.ਐਸ. ਗਿੱਲ ਨਾਲ ਖਾੜਕੂਵਾਦ ਸਮੇਂ ਤੁਹਾਡੀਆਂ ਹੋਈਆਂ ਗੁਪਤ ਮੁਲਾਕਾਤਾਂ ਦਾ ਕੀ ਰਾਜ਼ ਹੈ? ਕਿੰਨੇ ਪੰਜਾਬ ਦੇ ਜਾਏ ਇਨ੍ਹਾਂ ਮੁਲਕਾਤਾਂ ਕਾਰਨ ਝੂਠੇ ਮੁਕਾਬਲਿਆਂ ਦੀ ਭੇਂਟ ਚੜਾਏ ਗਏ?
- ਝੂਠੇ ਮੁਕਾਬਲਿਆਂ ਦੇ ਦੋਸ਼ੀ ਸਾਬਕਾ ਗਵਰਨਰ ਰੇਅ ਦੀ ਮੌਤ ‘ਤੇ ਪੰਜਾਬ ਦਾ ਝੰਡਾ ਨੀਵਾਂ ਕਰਨ ਦਾ ਕੀ ਕਾਰਨ ਹੈ ਜਦੋਂ ਕਿ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀ ਯਾਦ ਵਿੱਚ ਇਹ ਝੰਡਾ ਨੀਵਾਂ ਨਹੀਂ ਹੁੰਦਾ?
- ਭਾਈ ਜਸਵੰਤ ਸਿੰਘ ਖਾਲੜਾ ਵੱਲੋਂ 25000 ਸਿੱਖਾਂ ਦੇ ਝੂਠੇ ਮੁਕਾਬਲਿਆਂ ਦੀ ਪੜਤਾਲ ਲਈ ਤੁਹਾਡੇ ਵੱਲੋਂ ਕੋਈ ਸਰਕਾਰੀ ਕਮਿਸ਼ਨ ਨਾ ਬਣਾਉਣਾ। ਸਗੋਂ ਇਸ ਪੜਤਾਲ ਲਈ ਬਣਿਆ ਲੋਕ ਕਮਿਸ਼ਨ ਬੰਦ ਕਰਾੳੇੁਣਾ, ਕਿਉਂ?
- ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਪੁਲਿਸ ਹਿਰਾਸਤ ਵਿੱਚ ਹੋਏ ਕਤਲ ਉੱਪਰ ਪਰਦਾ ਪਾਉਣ ਦਾ ਕੀ ਰਾਜ਼ ਹੈ?
- ਇੰਦਰਾਕਿਆਂ ਨਾਲ ਗੁਪਤ ਮੁਲਾਕਾਤਾਂ ਅਤੇ ਗੁਪਤ ਚਿੱਠੀਆਂ ਰਾਂਹੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀ ਯੋਜਨਾਬੰਦੀ ਅਤੇ ਝੂਠੇ ਮੁਕਾਬਲਿਆਂ ਦੀ ਮੁਹਿੰਮ ਵਿੱਚ ਸ਼ਾਮਿਲ ਹੋਣ ਦੇ ਕੀ ਕਾਰਨ ਸਨ?
- ਪੰਜਾਬ ਦਾ ਕਿਸਾਨ ਅਤੇ ਗਰੀਬ ਕਰਜ਼ੇ ਦੀ ਮਾਰ ਹੇਠ ਲੱਖ ਯਤਨਾਂ ਦੇ ਬਾਵਜੂਦ ਖੁਦਕੁਸ਼ੀਆਂ ਦੇ ਰਾਹ ਪਿਆ ਹੈ ਪਰ ਤੁਸੀਂ ਕਿਸਾਨ ਤੋਂ ਅਰਬਾਪਤੀ ਕਿਵੇਂ ਬਣ ਗਏ?
- ਪੰਜਾਬ ਨੂੰ ਨਸ਼ਿਆਂ ਵਿੱਚ ਬਰਬਾਦ ਕੀਤਾ ਗਿਆ, ਜਵਾਨੀ ਜੇਲ੍ਹਾਂ ਵਿੱਚ ਅਤੇ ਕਿਸਾਨੀ ਕਰਜ਼ੇ ਹੇਠ ਰੋਲ ਦਿੱਤੀ ਗਈ ਗਰੀਬ ਨੂੰ ਦਵਾਈ-ਪੜਾਈ ਤੋਂ ਵਾਂਝੇ ਕਰ ਦਿੱਤਾ ਗਿਆ ਕਿਉਂ?
- ਬਾਬਾ ਬੂਝਾ ਸਿੰਘ ਜੀ ਦੇ ਝੂਠੇ ਮੁਕਾਬਲੇ ਤੋਂ ਤੁਸੀਂ ਆਪਣਾ ਰਾਜਨੀਤਿਕ ਜੀਵਨ ਸ਼ੁਰੂ ਕੀਤਾ ਸੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਦੇ ਬਾਵਜੂਦ ਅੱਜ ਤੱਕ ਜਾਰੀ ਹੈ। ਸਿੱਖੀ ਤੇ ਪੰਜਾਬ ਬਰਬਾਦ ਹੋ ਗਿਆ। ਪਰ ਤੁਹਾਡਾ ਪਰਿਵਾਰ ਤੇ ਤੁਹਾਡੇ ਲੱਗੇ ਬੱਧੇ ਸਭ ਮਾਲਾ ਮਾਲ ਹੋ ਗਏ। ਕਬਰਾਂ ਦੀ ਸ਼ਾਂਤੀ ਨੂੰ ਵਿਕਾਸ ਕਿਉੇਂ ਦੱਸਿਆ ਜਾ ਰਿਹਾ ਹੈ? ਇਹ ਇਕੱਠ ਸਮਝਦਾ ਹੈ ਕਿ ਬਾਦਲ ਨੂੰ ਪੰਜਾਬ ਵਿੱਚ ਰਾਜ ਭਾਗ ਵਿੱਚ ਬਣੇ ਰਹਿਣ ਦਾ ਇੱਕ ਮਿੰਟ ਵੀ ਅਧਿਕਾਰ ਨਹੀਂ। ਇਸ ਲਈ ਬਾਦਲ ਸਰਕਾਰ ਦੇ ਤੁਰੰਤ ਅਸਤੀਫੇ ਦੀ ਮੰਗ ਕਰਦਾ ਹੈ।
ਇਕੱਠ ਵੱਲੋਂ ਪਾਸ ਕੀਤੇ ਮਤੇ ਵਿੱਚ ਬਾਦਲ-ਭਾਜਪਾ-ਕਾਂਗਰਸ-ਆਰ.ਐਸ.ਐਸ. ਨੂੰ ਪੰਜਾਬ ਅੰਦਰ ਪੈ ਰਹੇ ਵੈਣਾਂ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਇਨ੍ਹਾਂ ਦੀਆਂ ਜੜ੍ਹਾਂ ਪੁੱਟਣ ਲਈ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਅਤੇ ਪੰਜਾਬ ਅੰਦਰ ਕਾਨੂੰਨ ਦਾ ਰਾਜ ਕਾਇਮ ਕਰਨ ਲਈ ਹੰਭਲਾ ਮਾਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ‘ਤੇ ਇਕੱਠ ਨੂੰ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਕਿਰਪਾਲ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ ਪ੍ਰਧਾਨ ਮਨੁੱਖੀ ਇਨਸਾਫ ਸੰਘਰਸ਼ ਕਮੇਟੀ, ਖਾਲੜਾ ਮਿਸ਼ਨ ਦੇ ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ, ਸਤਵਿੰਦਰ ਸਿੰਘ ਪਲਾਸੌਰ, ਭਾਈ ਜੋਗਿੰਦਰ ਸਿੰਘ ਫੌਜੀ, ਭਾਈ ਪਰਮਜੀਤ ਸਿੰਘ ਗਾਜ਼ੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ‘ਤੇ ਹਾਜ਼ਰੀ ਭਰਨ ਵਾਲਿਆਂ ਵਿੱਚ ਪ੍ਰਮੁੱਖ ਸਨ ਪਰਿਵਾਰਕ ਮੈਂਬਰਾਂ ਵੱਲੋਂ ਪਰਵੀਨ ਕੁਮਾਰ, ਬੋਬੀ ਕੁਮਾਰ, ਧਰਮਿੰਦਰ ਕੁਮਾਰ, ਬਲਵਿੰਦਰ ਕੁਮਾਰ ਅਤੇ ਦਰਸ਼ਨ ਸਿੰਘ ਮਨਿਹਾਲਾ, ਜਸਬੀਰ ਸਿੰਘ ਪੱਧਰੀ, ਐਡਵੋਕੇਟ ਸੁਰਿੰਦਰ ਸਿੰਘ, ਸ਼ਰਨਜੀਤ ਸਿੰਘ ਰਟੋਲ, ਕਾਬਲ ਸਿੰਘ ਜੋਧਪੁਰ, ਸੰਤੋਖ ਸਿੰਘ ਕੰਡਿਆਲਾ, ਸੇਵਾ ਸਿੰਘ ਦੇਉੇ, ਦਰਸ਼ਨ ਸਿੰਘ ਮੈਨੇਜਰ, ਜਗਰੂਪ ਸਿੰਘ ਤੂਤ, ਗੁਰਜੀਤ ਸਿੰਘ ਤਰਸਿੱਕਾ, ਤਰਸੇਮ ਸਿੰਘ ਤਾਰਪੁਰਾ ਹਾਜ਼ਰੀ ਭਰਨ ਵਾਲਿਆਂ ਵਿੱਚ ਸ਼ਾਮਿਲ ਸਨ।