ਸਿੱਖ ਖਬਰਾਂ

ਹਰਿਆਣਾ ਦੀ ਵੱਖਰੀ ਕਮੇਟੀ ਦਾ ਮੁੱਦਾ: ਜਥੇਦਾਰ ਗਿਆਨੀ ਗੁਰਬਚਨ ਸਿੰਘ ਆਪਣੇ ਅਹੁਦੇ ਦੀ ਸ਼ਾਨ ਅਤੇ ਸਨਮਾਨ ਆਪ ਹੀ ਘਟਾ ਰਹੇ ਹਨ

July 6, 2014 | By

ਜਲੰਧਰ (5 ਜੁਲਾਈ 2014):  ਦਲ ਖਾਲਸਾ ਨੇ ਜਥੇਦਾਰ ਅਕਾਲ ਤਖਤ ਸਾਹਿਬ ਵਲੋਂ ਹਰਿਆਣਾ ਵਿੱਚ ਬਨਣ ਜਾ ਰਹੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ ਉਤੇ ਕੀਤੀ ਜਾ ਰਹੀ ਬਿਆਨਬਾਜੀ ਦਾ ਨੋਟਿਸ ਲੈਂਦਿਆਂ ਕਿਹਾ ਹੈ ਕਿ ਗਿਆਨੀ ਗੁਰਬਚਨ ਸਿੰਘ ਆਪਣੇ ਅਹੁਦੇ ਦੀ ਸ਼ਾਨ ਅਤੇ ਸਨਮਾਨ ਆਪ ਹੀ ਘਟਾ ਰਹੇ ਹਨ।

ਇੱਕ ਸਾਂਝੇ ਬਿਆਨ ਰਾਂਹੀ ਜਥੇਬੰਦੀ ਦੀ ਵਰਕਿੰਗ ਕਮੇਟੀ ਮੈਂਬਰ ਕੁਲਵੰਤ ਸਿੰਘ ਫੇਰੂਮਾਨ, ਅਵਤਾਰ ਸਿੰਘ ਜਲਾਲਾਬਾਦ, ਬਲਰਾਜ ਸਿੰਘ ਭਲਾਈਪੁਰ, ਗੁਰਵਿੰਦਰ ਸਿੰਘ ਟਾਂਡਾ ਅਤੇ ਹਰਮਿੰਦਰ ਸਿੰਘ ਹਰਮੋਏ ਨੇ ਕਿਹਾ ਕਿ ਹਰਿਆਣਾ ਸਥਿਤ ਗੁਰਦੁਆਰਿਆਂ ਦੀ ਸੇਵਾ-ਸੰਭਾਲ ਨੂੰ ਲੈਕੇ ਪੰਜਾਬ ਦੇ ਸਿੱਖਾਂ ਅਤੇ ਹਰਿਆਣੇ ਦੇ ਸਿੱਖਾਂ ਵਿਚਾਲੇ ਵੱਧ ਰਿਹਾ ਪਾੜਾ ਪੰਥ ਦੇ ਵਡੇਰੇ ਹਿੱਤਾਂ ਵਿੱਚ ਨਹੀ ਹੈ।

ਉਹਨਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਦੀ ਭੂਮਿਕਾ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦੀ ਹੈਸੀਅਤ ਤੱਕ ਸੀਮਤ ਹੋ ਕੇ ਰਹਿ ਗਈ ਹੈ। ਉਹਨਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਦੇ ਨਾਮ ਹੇਠ ਜਾਰੀ ਹੋਣ ਬਾਲੇ ਬਿਆਨ ਉਹਨਾਂ ਦੇ ਰੁਤਬੇ ਦੇ ਅਨੂਕੂਲ ਨਹੀ ਹਨ।

ਉਹਨਾਂ ਟਿਪਣੀ ਕਰਦਿਆਂ ਕਿਹਾ ਕਿ ਹਰਿਆਣੇ ਦੇ ਸਿੱਖਾਂ ਨੂੰ ਕਾਂਗਰਸ ਦਾ ਏਜੰਟ ਆਖ ਕੇ ਨਿੰਦਣਾ, ਅਕਾਲੀਆਂ ਦਾ ਪੁਰਾਣਾ ਹੱਥਕੰਡਾ ਹੈ ਜੋ ਸਮੇ ਦੇ ਬੀਤਣ ਨਾਲ ਆਪਣਾ ਅਸਰ ਗੁਆ ਚੁੱਕਾ ਹੈ। ਉਹਨਾਂ ਕਿਹਾ ਕਿ ਸਿੱਖਾਂ ਦੀ ਇਸ ਅੰਦੂਰਨੀ ਲੜਾਈ ਨਾਲ ਦਿੱਲੀ ਦੀ ਦਖਲਅੰਦਾਜੀ ਦਾ ਰਾਹ ਖੁਲਿਆ ਹੈ, ਜੋ ਮੰਦਭਾਗਾ ਹੈ। ਉਹਨਾਂ ਕਿਹਾ ਕਿ ਜੇਕਰ ਅਕਾਲੀਆਂ ਨੂੰ ਹਰਿਆਣੇ ਦੇ ਸਿੱਖਾਂ ਪਿਛੇ ਕਾਂਗਰਸ ਖੜੀ ਚੁੱਭ ਰਹੀ ਹੈ ਤਾਂ ਦੂਜੇ ਪਾਸੇ ਅਕਾਲੀਆਂ ਦਾ ਭਾਜਪਾ ਦਾ ਪਿਛਲੱਗ ਬਣਨਾ ਵੀ ਸਿੱਖਾਂ ਦੇ ਸੁਹਿਰਦ ਹਿੱਸੇ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਉਹਨਾਂ ਚੇਤਾਵਨੀ ਦੇਂਦਿੰਆ ਪੰਜਾਬ ਅਤੇ ਹਰਿਆਣਾ ਦੇ ਕਾਂਗਰਸ ਅਤੇ ਭਾਜਪਾ ਆਗੂਆਂ ਨੂੰ ਕਿਹਾ ਕਿ ਉਹ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜੀ ਬੰਦ ਕਰਨ।

ਉਹਨਾਂ ਕਿਹਾ ਕਿ ਵੱਖਰੀ ਕਮੇਟੀ ਦੇ ਮੁੱਦੇ ਉਤੇ ਸਿੱਖਾਂ ਵਿਚਾਲੇ ਚੱਲ ਰਹੀ ਰੱਸਾਕਸ਼ੀ ਪੰਥ ਦੇ ਹਿੱਤਾਂ ਦੇ ਖਿਲਾਫ ਹੈ ਅਤੇ ਕੌਮ ਦੀ ਆਜ਼ਾਦੀ ਦੀ ਲੜਾਈ ਨੂੰ ਕਮਜ਼ੋਰ ਕਰਨ ਵਾਲੀ ਹੈ। ਉਹਨਾਂ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਇਸ ਤਰਕ ਨੂੰ ਨਕਾਰਿਆ ਕਿ ਹਰਿਆਣਾ ਦੀ ਵੱਖਰੀ ਕਮੇਟੀ ਦੇ ਬਨਣ ਨਾਲ ਸ਼੍ਰੋਮਣੀ ਕਮੇਟੀ ਕਮਜ਼ੋਰ ਹੋ ਜਾਵੇਗੀ । ਉਹਨਾਂ ਕਿਹਾ ਕਿ ਬਾਦਲਕੇ, ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੋਨਾਂ ਸੰਸਥਾਵਾਂ ਦੇ ਸਤਿਕਾਰ ਅਤੇ ਵਕਾਰ ਨੂੰ ਸਿੱਖ ਪੰਥ ਦੀਆਂ ਨਜ਼ਰਾਂ ਵਿੱਚ ਘਟਾਉਣ ਲਈ ਜ਼ਿਮੇਵਾਰ ਹਨ।

ਉਹਨਾਂ ਬਾਦਲਕਿਆਂ ਦੇ ਦੋਹਰੇ ਮਾਪਦੰਡ ਦੀ ਗੱਲ ਕਰਦਿਆਂ ਕਿਹਾ ਕਿ ਇਕ ਪਾਸੇ ਗੁਰ੍ਰੁ ਦੀ ਗੋਲਕ ਵਿੱਚੋ ਮਾਇਆ ਖਰਚ ਕਰਕੇ ਹਰਿਆਣਾ ਦੇ ਸਿੱਖਾਂ ਖਿਲਾਫ ਅਖਬਾਰਾਂ ਵਿੱਚ ਇਸ਼ਤਿਹਾਰ ਛਪਵਾਇਆ ਜਾਂਦਾ ਹੈ ਅਤੇ ਦੂਜੇ ਪਾਸੇ ਅਕਾਲ ਤਖਤ ਦੇ ਜਥੇਦਾਰ ਦਾ ਮੋਢਾ ਵਰਤਕੇ ੧੦ ਮੈਂਬਰੀ ਵਫਦ ਨੂੰ ਹਰਿਆਣੇ ਦੇ ਸਿੱਖ ਆਗੂਆਂ ਨਾਲ ਗਲਬਾਤ ਕਰਨ ਲਈ ਭੇਜਿਆ ਜਾਂਦਾ ਹੈ। ਉਹਨਾਂ ਕਿਹਾ ਸਾਰੀ ਸਮਸਿਆ ਬਾਦਲ ਸਾਹਿਬ ਵਲੋਂ ਖੇਡੀ ਜਾਂਦੀ ਬੇਈਮਾਨੀ ਵਾਲੀ ਰਾਜਨੀਤੀ ਦੀ ਪੈਦਾ ਕੀਤੀ ਹੋਈ ਹੈ। ਉਹਨਾਂ ਕਿਹਾ ਕਾਂਗਰਸ ਵਾਂਗ ਬਾਦਲ ਵੀ ਸਿੱਖਾਂ ਨੂੰ ਆਪਸ ਵਿੱਚ ਵੰਡਣ ਅਤੇ ਰਾਜ ਕਰਨ ਦੀ ਰਾਜਨੀਤੀ ਵਿੱਚ ਮਾਹਿਰ ਹਨ। ਉਹਨਾਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਿਹਾ ਕਿ ਉਹ ਬਾਦਲ ਦੀ ਗੈਰ-ਸਿਧਾਂਤਕ ਅਤੇ ਫੁਟਪਾਉ ਰਾਜਨੀਤੀ ਵਿਰੁੱਧ ਫਤਵਾ ਜਾਰੀ ਕਰਨ ਨਾ ਕਿ ਹਰਿਆਣੇ ਦੇ ਸਿੱਖਾਂ ਨੂੰ ਨਿਸ਼ਾਨਾ ਬਨਾਉਣ ਜੋ ਆਪਣੇ ਧਾਰਮਿਕ ਸਥਾਨਾਂ ਦੀ ਸੇਵਾ-ਸੰਭਾਲ ਦਾ ਹੱਕ ਲੈਣ ਲਈ ਸੰਘਰਸ਼ ਕਰ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,