ਆਮ ਖਬਰਾਂ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪੰਥ ਦਾ ਘਾਣ ਕਰਨ ਵਾਲੇ ਬਾਦਲ ਨੂੰ ਪੰਥ ਰਤਨ (ਫਖਰ-ਏ-ਕੌਮ) ਐਵਾਰਡ ਦੇਣ ਤੋਂ ਸੰਕੋਚ ਕਰਨ

By ਸਿੱਖ ਸਿਆਸਤ ਬਿਊਰੋ

December 04, 2011

ਯੂ ਕੇ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਜਥੇਦਾਰ ਸਾਹਿਬ ਦੇ ਐਲਾਨ ਦਾ ਭਾਰੀ ਵਿਰੋਧ

ਬ੍ਰਮਿੰਘਮ (04/12/2011): ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ (ਫਖਰ-ਏ-ਕੌਮ) ਦਾ ਖ਼ਿਤਾਬ ਦੇਣ ਦਾ ਐਲਾਨ ਕਰਨ ਪਿੱਛੋਂ ਦੇਸ਼ ਵਿਦੇਸ਼ ਵਿਚ ਸਿੱਖਾਂ ਵੱਲੋਂ ਇਸ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ । ਜਿੱਥੇ ਅਮਰੀਕਨ ਸਿੱਖ ਆਰਗੇਨਾਈਜ਼ੇਸ਼ਨਜ਼ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਇਸ ਦਾ ਸਖਤ ਵਿਰੋਧ ਕੀਤਾ ਹੈ, ਉਥੇ ਯੂ ਕੇ ਦੀਆਂ ਸਮੂਹ ਜਥੇਬੰਦੀਆਂ ਨੇ ਵੀ ਜਥੇਦਾਰ ਸਾਹਿਬ ਦੇ ਇਸ ਬਿਆਨ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਨੂੰ ਇਹ ਐਵਾਰਡ ਨਾ ਦੇਣ ਵਾਸਤੇ ਅਪੀਲ ਕੀਤੀ ਹੈ ।

ਇਥੇ ਇਕ ਟੀਵੀ ਚੈਨਲ ਉਤੇ ਲਾਈਵ ਪ੍ਰੋਗਰਾਮ ਪਿੱਛੋਂ ਐਫ ਐਸ ਓ ਦੇ ਕੋਆਰਡੀਨੇਟਰਾਂ ਸ: ਜੋਗਾ ਸਿੰਘ ਅਤੇ ਸ: ਕੁਲਦੀਪ ਸਿੰਘ ਚਹੇੜੂ ਨੇ ਮੀਡੀਆ ਦੇ ਨਾਂ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਥੇਦਾਰ ਸਾਹਿਬ ਦੇ ਇਸ ਬਿਆਨ ਨਾਲ ਸਾਰੀ ਸਿੱਖ ਕੌਮ ਦੇ ਹਿਰਦਿਆਂ ਨੂੰ ਗਹਿਰੀ ਸੱਟ ਵੱਜੀ ਹੈ । ਇਸ ਮੌਕੇ ਸ: ਜੋਗਾ ਸਿੰਘ, ਸ: ਕੁਲਦੀਪ ਸਿੰਘ ਚਹੇੜੂ, ਸ: ਰਾਜਿੰਦਰ ਸਿੰਘ ਪੁਰੇਵਾਲ, ਸ: ਅਮਰੀਕ ਸਿੰਘ ਗਿੱਲ, ਜਥੇਦਾਰ ਬਲਬੀਰ ਸਿੰਘ, ਸ: ਅਵਤਾਰ ਸਿੰਘ ਸੰਘੇੜਾ, ਸ: ਹਰਦੀਸ਼ ਸਿੰਘ, ਸ: ਗੁਰਜੀਤ ਸਿੰਘ ਸਮਰਾ, ਸ: ਗੁਰਦੇਵ ਸਿੰਘ ਚੌਹਾਨ, ਸ: ਬਲਬਿੰਦਰ ਸਿੰਘ ਨੰਨੂਆ, ਸ: ਹਰਜਿੰਦਰ ਸਿੰਘ ਮੰਡੇਰ, ਸ: ਨਰਿੰਦਰ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਜਥੇਦਾਰ ਸਾਹਿਬ ਦੇ ਇਸ ਐਲਾਨ ਦਾ ਵਿਰੋਧ ਕੀਤਾ ।

ਉਹਨਾਂ ਕਿਹਾ ਸ: ਪ੍ਰਕਾਸ਼ ਸਿੰਘ ਬਾਦਲ ਨੇ ਹੁਣ ਤੱਕ ਜੋ ਕੁਝ ਕੀਤਾ, ਉਹ ਹਮੇਸ਼ਾ ਸਿੱਖ ਪੰਥ ਦੇ ਖਿਲਾਫ਼ ਹੀ ਗਿਆ ਹੈ । ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਹਮਲਾ ਕਰਵਾਉਣ ਵਾਲਿਆਂ ਨਾਲ ਉਸ ਦੀ ਭਾਈਵਾਲੀ ਹੈ। ਬਾਦਲ ਨੇ ਪੰਜਾਬ, ਪੰਜਾਬੀ ਤੇ ਪੰਜਾਬੀਆਂ ਦੇ ਨਾਲ ਅਤੇ ਸਿੱਖ ਕੌਮ ਦੇ ਨਾਲ ਇਨਸਾਫ਼ ਨਹੀਂ ਕੀਤਾ । ਉਹਨੇ ਆਪਣੀ ਵੋਟਾਂ ਦੀ ਨੀਤੀ ਹੀ ਅਪਣਾਈ ਰੱਖੀ ਹੈ । ਉਹਦੇ ਰਾਜ ਵਿਚ ਸਿੱਖਾਂ ਅਤੇ ਸਿੱਖ ਰਵਾਇਤਾਂ ਦਾ ਘਾਣ ਕੀਤਾ ਗਿਆ ਹੈ । ਬਾਦਲ ਨੇ ਸਿੱਖਾਂ ਦੇ ਕਾਤਲਾਂ ਦੀ ਪੁਸ਼ਤ ਪਨਾਹੀ ਕੀਤੀ ਹੈ, ਜਿਵੇਂ ਕਿ ਅਜ਼ਹਾਰ ਆਲਮ, ਸੁਮੇਧ ਸੈਣ, ਬਦਨਾਮ ਪੂਹਲਾ ਨਿਹੰਗ, ਆਦਿ ਨੂੰ ਇਹ ਆਪਣੀ ਸੁਰੱਖਿਆ ਛਤਰੀ ਪ੍ਰਦਾਨ ਕਰਦਾ ਰਿਹਾ ਹੈ ਤੇ ਹੁਣ ਵੀ ਅਜ਼ਹਾਰ ਆਲਮ ਨੂੰ ਆਪਣੀ ਪਾਰਟੀ ਵੱਲੋਂ ਟਿਕਟ ਦੇ ਰਿਹਾ ਹੈ । ਇਸ ਦੇ ਨਾਲ ਹੀ ਉਹ ਗੁਰੂ ਡੰਮ੍ਹ ਅਤੇ ਡੇਰਾਵਾਦ ਨੂੰ ਸ਼ਹਿ ਦੇ ਰਿਹਾ ਹੈ, ਪੰਜਾਬ ਵਿਚ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦਾ ਬਾਜ਼ਾਰ ਸ਼ਰੇਆਮ ਲੋਕਾਂ ਦਾ ਜੀਣਾ ਹਰਾਮ ਕਰ ਰਿਹਾ ਹੈ । ਅਨੰਦਪੁਰ ਸਾਹਿਬ ਦੇ ਮਤੇ ਦੇ ਮੋਰਚੇ ਤੋਂ ਲੈ ਕੇ ਹੁਣ ਤੱਕ ਬਾਦਲ ਆਪਣੇ ਕਿਸੇ ਐਲਾਨ ਨੂੰਤੇ ਟਿਕਿਆ ਨਹੀਂ । ਸਿੱਖ ਕੌਮ ਦਾ ਘਾਣ ਹੀ ਕਰਵਾਇਆ ਹੈ, ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀਆਂ ਪੰਥ ਦੀਆਂ ਸੰਸਥਾਵਾਂ ਦਾ ਵੱਕਾਰ ਰੋਲ ਕੇ ਰੱਖ ਦਿੱਤਾ ਹੈ । ਇਸ ਹਾਲਤ ਵਿਚ ਸਿੱਖ ਕੌਮ ਦਾ ਬਹੁਤ ਵੱਡਾ ਹਿੱਸਾ ਜਥੇਦਾਰ ਸਾਹਿਬ ਨੂੰ ਅਪੀਲ ਕਰਦਾ ਹੈ ਕਿ ਉਹ ਜੋ ਕਰਨ ਜਾ ਰਹੇ ਹਨ, ਸਿੱਖ ਕੌਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਕਾਰ ਨੂੰ ਠੇਸ ਪਹੁੰਚਦੀ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਹ ਜਿਸ ਜਿੰਮੇਵਾਰ ਅਹੁਦੇ ਤੇ ਬੈਠੇ ਹਨ, ਇਸੇ ਤਖ਼ਤ ਸਾਹਿਬ ਦੇ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ਼ਹੀਦ ਕਰਨ ਵਾਲੇ ਦੋਸ਼ੀਆਂ ਬਾਰੇ ਰਿਪੋਰਟਾਂ ਵੀ ਇਸ ਸਰਕਾਰ ਨੇ ਹੁਣ ਤੱਕ ਦਬਾਈ ਰੱਖੀਆਂ ਹਨ । ਇਸ ਲਈ ਜਥੇਦਾਰ ਸਾਹਿਬ ਇਸ ਕਾਰਵਾਈ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਆਪਣੀ ਜਿੰਮੇਵਾਰੀ ਨੂੰ ਚੰਗੀ ਤਰ੍ਹਾਂ ਸਮਝ ਲੈਣ ।

ਅਗਰ ਉਹਨਾਂ ਨੇ ਇੰਝ ਹੀ ਕੀਤਾ ਤਾਂ ਅੱਗੇ ਤੋਂ ਉਹਨਾਂ ਦੇ ਵਿਦੇਸ਼ ਵਿਚ ਆਉਣ ਸਮੇਂ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਹੋ ਸਕਦਾ ਹੈ । ਸਿੱਖ ਆਗੂਆਂ ਨੇ ਅਪੀਲ ਕੀਤੀ ਕਿ ਅਗਰ ਉਹਨਾਂ ਨੇ ਇਹ ਵੱਕਾਰੀ ਐਵਾਰਡ ਦੇਣਾ ਹੀ ਹੈ ਤਾਂ ਸਿੱਖ ਕੌਮ ਨੂੰ ਜਗਾਉਣ ਵਾਲੇ ਅਤੇ ਸਿੱਖ ਕੌਮ ਦੀ ਪੱਤ ਰੱਖਣ ਵਾਲੇ ਸਿੰਘਾਂ, ਜਿਵੇਂ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ, ਸ਼ਹੀਦ ਸਤਵੰਤ ਸਿੰਘ ਬੇਅੰਤ ਸਿੰਘ, ਸ਼ਹੀਦ ਸੁਖਦੇਵ ਸਿੰਘ ਸੁੱਖਾ- ਹਰਜਿੰਦਰ ਸਿੰਘ ਜਿੰਦਾ, ਜਿੰਦਾ ਸ਼ਹੀਦ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ ਵਰਗੇ ਸਿੰਘਾਂ ਵਿਚੋਂ ਕਿਸੇ ਨੂੰ ਚੁਣ ਸਕਦੇ ਹਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: