ਫ਼ਤਿਹਗੜ੍ਹ ਸਾਹਿਬ, 27 ਅਪ੍ਰੈਲ 2010 : ਦਿੱਲੀ ਦੀ ਇੱਕ ਅਦਾਲਤ ਵਲੋਂ ਸੀ.ਬੀ.ਆਈ. ਦਾ ਝੂਠਾ ਤੱਥ ਮੰਨਦੇ ਹੋਏ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਸਬੂਤਾਂ ਦੀ ਘਾਟ ਦਾ ਬਹਾਨਾ ਲਗਾ ਕੇ ਬਰੀ ਕਰ ਦਿੱਤੇ ਜਾਣ ਨੂੰ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਭਾਰਤ ਦੀ ਕਥਿਤ ਜ਼ਮਹੂਰੀਅਤ ਦੇ ਮੱਥੇ ’ਤੇ ਕਾਲਾ ਧੱਬਾ ਕਿਹਾ ਹੈ। ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੰਦੀਪ ਸਿੰਘ ਕੈਨੇਡੀਅਨ ਨੇ ਕਿਹਾ ਕਿ ਸੀ.ਬੀ.ਆਈ. ਕੇਸ ਦੀ ਜਾਂਚ ਕਰਨ ਦੀ ਥਾਂ ਇਸ ਘਿਣਾਉਣੇ ਕਤਲੇਆਮ ਦੇ ਦੋਸ਼ੀਆਂ ਦੀ ਵਕੀਲ ਵਜੋਂ ਅਤੇ ਸਰਕਾਰ ਦੇ ਇੱਕ ਵਿੰਗ ਵਜੋਂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਇਸ ਕਤਲੇਆਮ ਨਾਲ ਸਬੰਧਿਤ ਕੇਸ ਵਿੱਚ ਸੀ.ਬੀ.ਆਈ. ਦੀ ਕਾਰਗੁਜ਼ਾਰੀ ਦੋਸ਼ੀਆਂ ਨੂੰ ਬਚਾਉਣ ਵਾਲੀ ਤੇ ਪੀੜਤਾਂ ਨੂੰ ਝੂਠੇ ਤੇ ਅਵਿਸ਼ਵਾਸਯੋਗ ਕਹਿ ਕੇ ਜ਼ਲੀਲ ਕਰਨ ਵਾਲੀ ਰਹੀ ਹੈ ਕਿਉਂਕਿ ਸਿੱਖਾਂ ਦਾ ਇਹ ਕਤਲੇਆਮ ਹੋਰਨਾਂ ਹਿੰਦੂਵਾਦੀ ਨੇਤਾਵਾਂ ਦੇ ਨਾਲ-ਨਾਲ ਰਾਜੀਵ ਗਾਂਧੀ ਦੀ ਸ਼ਹਿ ’ਤੇ ਹੋਇਆ। ਉਨ੍ਹਾਂ ਕਿਹਾ ਕਿ ਇਸ ਵਰਤਾਰੇ ਤੋਂ ਹੀ ਇਸ ਦੇਸ਼ ਨੂੰ ਚਲਾ ਰਹੀ ਮੰਨੂੰਵਾਦੀ ਸੋਚ ਜਗ ਜ਼ਾਹਰ ਹੋ ਰਹੀ ਹੈ ਕਿ ਗੈਰ ਹਿੰਦੂਆਂ ਤੇ ਦਲਿਤਾਂ ਲਈ ਨਾਂ ਇਸ ਦੇਸ਼ ਵਿਚ ਕੋਈ ਥਾਂ ਹੈ ਨਾ ਇਨਸਾਫ ਤੇ ਨਾ ਹੀ ਕਾਨੂੰਨ। ਜੇ ਦੇਸ਼ ਦੀ ਮੰਨੂੰਵਾਦੀ ਪਾਲਿਸੀ ਅਨੁਸਾਰ ਘੱਟਗਿਣਤੀਆਂ ਲਈ ਕੁਝ ਹੈ ਤਾਂ ਸਿਰਫ਼ ਕਤਲੇਆਮ, ਬਲਾਤਕਾਰ, ਜੇਲ੍ਹਾਂ ਤੇ ਫ਼ਾਸੀਆਂ। ਉਕਤ ਆਗੂਆਂ ਨੇ ਕਿਹਾ ਕਿ ਦੇਸ਼ ਦੀਆਂ ਏਜੰਸੀਆਂ ਇਸੇ ਪਾਲਿਸੀ ਨਾਲ ਦੇਸ਼ ਨੂੰ ਚਲਾ ਰਹੀਆਂ ਹਨ। ਮਹਾਂਰਾਸ਼ਟਰ ਪਲਿਸ ਦੇ ਸਾਬਕਾ ਆਈ ਜੀ, ਐਸ.ਐੱਮ. ਮੁਸਰਫ ਨੇ ਅਪਣੀ ਕਿਤਾਬ ‘ਹੂ ਕਿਲਡ ਕਰਕਰੇ ਦ ਰੀਅਲ ਫੇਸ ਆਵ ਟੈਰੋਰਿਜ਼ਮ ਇਨ ਇੰਡੀਅ’ ਵਿਚ ਭਾਰਤੀ ਏਜੰਸੀਆਂ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਦਾ ਬਾਖੂਬੀ ਵਰਣਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ਾਂ ਵਿਚ ਵਜ਼ਨ ਹੈ ਕਿ ਇਮਾਨਦਾਰ ਪੁਲਿਸ ਅਫਸਰ ਹੇਮੰਤ ਕਰਕਰੇ ਨੂੰ ਬੇਦੋਸ਼ਿਆਂ ਦੇ ਕਾਤਲ ਹਿੰਦੂਆਂ ਅੱਤਵਾਦੀਆਂ ਨੂੰ ਬਚਾਉਣ ਲਈ ਹੀ ਮੁੰਬਈ ਦੀ ਮੁੱਠਭੇੜ ਦੀ ਆੜ ਵਿਚ ਮਾਰਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਮੁੰਬਈ ਹਮਲੇ ਬਾਰੇ ਸਟੇਟ ਏਜੰਸੀਆਂ ’ਤੇ ਕਈ ਤਰ੍ਹਾਂ ਦੇ ਕਿੰਤੂ-ਪ੍ਰੰਤੂ ਉੱਠ ਰਹੇ ਹਨ ਜਿਨ੍ਹਾਂ ਦਾ ਦੇਸ਼ ਦੇ ਨਿਜ਼ਾਮ ਜਾਂ ਇਨ੍ਹਾਂ ਏਜੰਸੀਆਂ ਵਲੋਂ ਕਿਸੇ ਵੀ ਤਰ੍ਹਾਂ ਕੋਈ ਪੁਖਤਾ ਸ਼ਪੱਸਟੀਕਰਨ ਨਹੀਂ ਦਿੱਤਾ ਜਾ ਸਕਿਆ ਜੋ ਸਮੁੱਚੇ ਮਾਮਲੇ ਨੂੰ ਹੋ ਵੀ ਸ਼ੱਕੀ ਬਣਾਉਂਦਾ ਹੈ। ਉਕਤ ਆਗੂਆਂ ਨੇ ਕਿਹਾ ਕਿ ਅਜਿਹੇ ਤੱਥਾਂ ਦੇ ਹੁੰਦੇ ਹੋਏ ਕੋਈ ਵੀ ਘੱਟਗਿਣਤੀਆਂ ਨਾਲ ਸਬੰਧਿਤ ਵਿਅਕਤੀ ਨਾਂ ਤਾਂ ਦੇਸ ਦੇ ਨਿਜ਼ਾਮ ਤੋਂ ਕਿਸੇ ਇਨਸਾਫ਼ ਦੀ ਉਮੀਦ ਕਰ ਸਕਦਾ ਹੈ ਤੇ ਨਾ ਹੀ ਸੁਰੱਖਿਅਤ ਭੱਵਿਖ ਦੀ।