-ਸ੍ਰ. ਕਰਮਜੀਤ ਸਿੰਘ ਚੰਡੀਗੜ੍ਹ
ਦਸੰਬਰ ਤੇ ਜਨਵਰੀ ਦੇ ਦਿਨ ਸਾਡੀਆਂ ਅੱਖਾਂ ਸੁੱਚੇ ਹੰਝੂਆਂ ਨੂੰ ਸੱਦਾ ਦਿੰਦੀਆਂ ਹਨ। ਸਮਾਂ ਤੇਜ਼ੀ ਨਾਲ ਪਿਛਾਂਹ ਵੱਲ ਮੁੜਦਾ ਹੈ ਤੇ ਸਾਡੀਆਂ ਯਾਦਾਂ ਅਨੰਦਪੁਰ, ਸਰਸਾ ਨਦੀ, ਚਮਕੌਰ, ਮਾਛੀਵਾੜਾ, ਸਰਹਿੰਦ ਅਤੇ ਮੁਕਤਸਰ ਦੀਆਂ ਪਰਿਕਰਮਾ ਕਰਨ ਲੱਗ ਜਾਂਦੀਆਂ ਹਨ।
ਇਹ ਉਹ ਸੁਭਾਗੇ ਦਿਨ ਸਨ, ਜਦੋਂ ਖਾਲਸਾ ਪੰਥ ਦੇ ਸਦ-ਜਗਤ ਯੋਧਿਆਂ ਨੇ ਇਸ ਸਰ-ਜ਼ਮੀਨ ’ਤੇ ਉਹ ਕਰਿਸ਼ਮੇ ਕੀਤੇ, ਉਹ ਚਮਤਕਾਰ ਵਿਖਾਏ ਕਿ ਇਤਹਿਾਸ ਦੇ ਗਰਿਹ-ਗੰਭੀਰ ਵਿਦਿਆਰਥੀ ਵੀ ਸਿਰਫ਼ ਹੈਰਾਨ ਹੀ ਹੋ ਸਕਦੇ ਹਨ।
ਫ਼ਿਲਾਸਫ਼ਰ ਹੀਗਲ ਨੇ ਦੁਨਿਆਵੀ ਬਾਦਸ਼ਾਹ ਦੇ ਸੰਕਲਪ ਦੀ ਪ੍ਰਸ਼ੰਸਾ ਅਤੇ ਉਸ ਦੀ ਲੋੜ ’ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਪ੍ਰਮਾਤਮਾ ਬਾਦਸ਼ਾਹ ਦੇ ਰਾਹੀਂ ਧਰਤੀ ’ਤੇ ਮਾਰਚ ਕਰਦਾ ਹੈ ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਦਸੰਬਰ ਅਤੇ ਜਨਵਰੀ ਦੇ ਮਹੀਨਿਆਂ ਵਿੱਚ ਖਾਲਸਾ ਪੰਥ ਨੇ ਦਸ਼ਮੇਸ਼ ਪਿਤਾ ਦੀ ਅਗਵਾਈ ਵਿੱਚ ਇਸ ਧਰਤੀ ’ਤੇ ਇਕ ਅਜਿਹਾ ਮਾਰਚ ਕੀਤਾ ਕਿ ਇਤਿਹਾਸ ਇਕ ਵਾਰ ਤਾਂ ਸ਼ਾਇਰਾਨਾ ਅੰਦਾਜ਼ ਵਿੱਚ ਝੂਮ ਉਠਿਆ।
ਜੇ ਫ਼ਲਸਫ਼ਾਨਾ ਅੰਦਾਜ਼ ਵਿੱਚ ਇਸੇ ਅਵਸਥਾ ਨੂੰ ਅੱਖਰਾਂ ਤੇ ਵਾਕਾਂ ਵਿੱਚ ਬੰਨਣਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਖਾਲਸਾ ਕੁਝ ਚਿਰ ਲਈ ਸ਼ਬਦ ਦਾ ਸਰੂਪ ਬਣ ਗਿਆ ਸੀ। ਦਸ਼ਮੇਸ਼ ਪਿਤਾ ਖ਼ੁਦ ਇਸ ਹਾਲਤ ਦੇ ਚਸ਼ਮਦੀਦ ਗਵਾਹ ਬਣੇ ਹਨ ਅਤੇ ਜਦੋਂ ਉਹ ਖਾਲਸਾ ਪੰਥ ਦੇ ਹੁਕਮ ਅਨੁਸਾਰ ਚਮਕੌਰ ਦੀ ਗੜੀ ਛੱਡ ਰਹੇ ਸਨ ਤਾਂ ਇਹ ਅਨੌਖੀ ਘਟਨਾ ਖਾਲਸਾ ਪੰਥ ਦੇ ਗੁਰੂ ਹੋਣ ਦਾ ਇਕ ਇਲਾਹੀ ਐਲਾਨਨਾਮਾ ਹੀ ਤਾਂ ਸੀ!
ਖਾਲਸਾ ਜੀ! ਜਿਸ ਧਰਤੀ ’ਤੇ ਜੁੜ ਕੇ ਅਸੀਂ ਅੱਜ ਵੱਡੇ ਸਾਕੇ ਕਰਨ ਵਾਲੀਆਂ ਦੋ ਨਿੱਕੀਆਂ ਜਿੰਦਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ, ਉਹ ਘਟਨਾ ਤਾਂ ਦਿਲਾਂ ਤੇ ਦਿਮਾਗਾਂ ਨੂੰ ਵੀ ਕੰਬਣੀ ਛੇੜ ਦਿੰਦੀ ਹੈ ਕਿਉਂਕਿ ਇੱਥੇ ਨਿਰਮਲ ਮਾਸੂਮੀਅਤ ਦੇ ਦੋ ਪ੍ਰਤੀਕ ਜਿਉਂਦੇ ਦੀਵਾਰਾਂ ਵਿੱਚ ਚਿਣ ਦਿੱਤੇ ਗਏ ਸਨ।
ਦਸ਼ਮੇਸ਼ ਪਿਤਾ ਦੇ ਬਿੰਦੀ ਪੁੱਤਰਾਂ ਨੇ ਜਿਵੇਂ ਸ਼ਹਾਦਤਾਂ ਦੇ ਜਾਮ ਪੀਤੇ ਅਤੇ ਜਿਵੇਂ ਮਗਰੋਂ ਦਸ਼ਮੇਸ਼ ਪਿਤਾ ਦੇ ਨਾਦੀ ਪੁੱਤਰਾਂ ਨੇ ਇਸ ਦਾ ਬਦਲਾ ਲਿਆ। ਉਸ ਤੋਂ ਪਤਾ ਲੱਗਦਾ ਹੈ ਕਿ ਨੀਲੇ ਘੋੜੇ ਦੇ ਸ਼ਾਹਸਵਾਰ ਦੀ ਅਗਵਾਈ ਵਿੱਚ ਨਾਦੀ ਪੁੱਤਰਾਂ ਤੇ ਬਿੰਦੀ ਪੁੱਤਰਾਂ ਵਿੱਚ ਕੋਈ ਭੇਦ-ਭਾਵ ਨਹੀਂ ਸੀ ਰਹਿ ਗਿਆ। ਸਿੱਖ ਇਤਿਹਾਸ ਦਾ ਇਹ ਨਿਰਮਲ ਨਜ਼ਾਰਾ ਇਸ ਧਰਤੀ ’ਤੇ ਵਸਦੀਆਂ ਹੋਰ ਕੌਮਾਂ ਨੂੰ ਵੀ ਇਹ ਪੈਗ਼ਾਮ ਦਿੰਦਾ ਹੈ ਕਿ ਸੱਚੀ-ਸੁੱਚੀ, ਸਹੀ ਤੇ ਇਤਿਹਾਸ ਨੂੰ ਪ੍ਰਣਾਈ ਲੀਡਰਸ਼ਿਪ ਦੇ ਮਾਪ-ਦੰਡ ਕਿਸ ਤਰਾਂ ਦੇ ਹੋਣੇ ਚਾਹੀਦੇ ਹਨ।
ਚੋਟੀ ਦੇ ਸਿਆਸਤਦਾਨਾਂ ਵੱਲੋਂ ਆਪਣੇ ਪੁੱਤਰਾਂ ਨੂੰ ਰਾਜਨੀਤੀ ਵਿੱਚ ਲਿਆਉਣ ਦੀ ਇੱਛਾ ਜਾਂ ਤਮੰਨਾ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਉਹ ਜੀਵਨ ਦੇ ਖੱਟੇ-ਮਿੱਠੇ, ਕੰਢਿਆਲੇ ਅਤੇ ਬਿਖਰੇ ਰਾਹਾਂ ਦਾ ਸਵਾਦ ਚੱਖੇ ਤੋਂ ਬਿਨਾਂ ਹੀ ਆਪਣੇ ਮਾਪਿਆਂ ਦੇ ਬਲਵਾਨ ਮੋਢਿਆਂ ’ਤੇ ਚੜ ਕੇ ਧੰਨ ਦੌਲਤ ਦੀ ਜੁਗਤ ਵਰਤ ਕੇ ਟੀਸੀ ਦਾ ਬੇਰ ਬਣ ਜਾਂਦੇ ਹਨ ਅਤੇ ਜਦੋਂ ਜਥੇਬੰਦੀ ਦੇ ਅੰਦਰ ਦਹਾਕਿਆਂ ਤੋਂ ਸੰਘਰਸ਼ ਕਰ ਰਹੇ ਕੁਰਬਾਨੀ ਵਾਲੇ ਆਪਣੇ ਹੀ ਸਾਥੀਆਂ ਦੇ ਉਤੋਂ ਦੀ ਛਾਲ ਮਾਰ ਕੇ ਉਚੀਆਂ ਪਦਵੀਆਂ ’ਤੇ ਸ਼ਸ਼ੋਭਿਤ ਹੋ ਜਾਂਦੇ ਹਨ ਤਾਂ ਫਿਰ ਇਹੋ ਜਿਹੇ ਰਾਜਸੀ ਆਗੂ ਜੇ ਗੰਭੀਰ ਵਿਚਾਰ ਦੇਣ ਦੇ ਨਾਟਕ ਵੀ ਰਚ ਲੈਣ ਤਾਂ ਉਹ ਵਿਚਾਰ ਗਿੱਟਿਆਂ-ਗੋਢਿਆਂ ਤੋਂ ਅੱਗੇ ਨਹੀਂ ਜਾ ਸਕਦੇ।
ਉਹ ਕੁਝ ਵੀ ਬਣ ਜਾਣ ਪਰ ਨੀਤੀਵਾਨ ਨਹੀਂ ਹੋ ਸਕਣਗੇ। ਸਿਆਸਤਦਾਨ ਅਤੇ ਨੀਤੀਵਾਨ ਵਿੱਚ ਅੰਤਰ ਕਰਦਿਆਂ ਜੇ. ਐਫ. ਕਲਾਰਕ ਨੇ ਕਿੰਨਾ ਸੋਹਣਾ ਕਿਹਾ ਹੈ ਕਿ ਸਿਆਸਤਦਾਨ ਅਗਲੀਆਂ ਚੋਣਾਂ ਬਾਰੇ ਸੋਚਦਾ ਹੈ, ਜਦਕਿ ਨੀਤੀਵਾਨ ਅਗਲੀ ਪੀੜੀ ਬਾਰੇ ਸੋਚਦਾ ਹੈ। ਸਿਆਸਤਦਾਨ ਆਪਣੀ ਪਾਰਟੀ ਦੀ ਸਫ਼ਲਤਾ ਦੀ ਹੀ ਕਾਮਨਾ ਕਰਦਾ ਹੈ, ਜਦਕਿ ਨੀਤੀਵਾਨ ਨੂੰ ਆਪਣੀ ਕੌਮ ਦਾ ਫ਼ਿਕਰ ਹੁੰਦਾ ਹੈ।
ਸਿਆਸਤਦਾਨ ਗਿਰਗਟ ਵਾਂਗ ਰੰਗ ਬਦਲਦਾ ਹੈ, ਜਦਕਿ ਨੀਤੀਵਾਨ ਦੇ ਸਾਹਮਣੇ ਬਕਾਇਦਾ ਇਕ ਮੰਜ਼ਲ ਹੁੰਦੀ ਹੈ। ਸਾਡੇ ਅੱਜ ਦੇ ਸਿਆਸ਼ਤਦਾਨਾਂ ਨੂੰ ਕੌਮ ਦੇ ਵਾਰਸ ਬਣਨ ਲਈ ਪੋਹ-ਮਾਘ ਦੇ ਇਸ ਮਹੀਨੇ ਵਿੱਚ ਸੁੱਕੇ ਘਾਹ ਦੇ ਸੱਥਰ ’ਤੇ ਜੰਡ ਥੱਲੇ ਇੱਟ ਦਾ ਸਿਰਾਣਾ ਲੈ ਕੇ ਸੁੱਤਾ ਸਾਡਾ ਦਸ਼ਮੇਸ਼ ਪਿਤਾ ਸ਼ਾਇਦ ਇਨਾਂ ਦੀਆਂ ਸੁੱਤੀਆਂ ਜ਼ਮੀਰਾਂ ਨੂੰ ਕੋਈ ਹਲੂਣਾ ਦੇ ਸਕੇ।
ਕੀ ਸਾਨੂੰ ਇਹ ਮਹਿਸੂਸ ਨਹੀਂ ਹੋ ਰਿਹਾ ਕਿ ਖਾਲਸਾ ਪੰਥ ਦਾ ਸੰਘਰਸ਼ ਵਿਚਾਰਾਂ ਦੇ ਧਰਾਤਲ ਤੋਂ ਉਖੜ ਕੇ ਪਰਿਵਾਰਾਂ ਦੇ ਮੋਹ ਤੱਕ ਸਿਮਟ ਦੇ ਰਹਿ ਗਿਆ ਹੈ। ਸਾਨੂੰ ਤਾਂ ਇਸ ਗੱਲ ਵਿੱਚ ਵੀ ਤੱਥ ਨਜ਼ਰ ਆਉਂਦਾ ਹੈ ਕਿ ਵੇਲੇ ਦੀਆਂ ਸਰਕਾਰਾਂ ਅਤੇ ਸਥਾਪਤ ਸੰਸਥਾਵਾਂ ਵੀ ਇਹੋ ਜਿਹੇ ਰੁਝਾਨਾਂ ਨੂੰ ਸ਼ਾਬਾਸ਼ ਦੇ ਰਹੀਆਂ ਹਨ।
ਸਾਡੇ ਕੁਝ ਆਪਣੇ ਵੀ ਅਚੇਤ ਰੂਪ ਵਿੱਚ ਇਸ ਤਰਾਂ ਦੇ ਵਰਤਾਰਿਆਂ ਦੇ ਸਰਗਰਮ ਸਾਥੀ ਹਨ। ਜਦੋਂ ਉਹ ਵੱਡੇ ਪੰਚਾਇਤੀ ਬਣ ਕੇ ਸਾਨੂੰ ਸਮੇਂ ਮੁਤਾਬਕ ਬਦਲਣ ਦੀਆਂ ਸਲਾਹਾਂ ਦੇਣ ਲੱਗਦੇ ਹਨ ਤਾਂ ਉਨਾਂ ਸਲਾਹਾਂ ਵਿੱਚ ਉਨਾਂ ਦੇ ਨਿੱਕੇ-ਨਿੱਕੇ ਸਵਾਰਥ ਲੱਭਣੇ ਮੁਸ਼ਕਲ ਨਹੀਂ ਹੁੰਦੇ।
ਜੇ ਅਸੀਂ ਉਨਾਂ ਦੀਆਂ ਰਾਹਾਂ ’ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਅਸੀਂ ਯਕੀਨਨ ਕੁਰਾਹੇ ਪੈ ਜਾਵਾਂਗੇ। ਖਾਲਸਾ ਜੀ! ਸੰਸਾਰ ਬਹੁਤ ਅੱਗੇ ਨਿਕਲ ਗਿਆ ਹੈ। ਹਰ ਚੀਜ਼, ਹਰ ਵਰਤਾਰਾ ਫੈਸ਼ਨ ਦੇ ਰੂਪ ਵਿੱਚ ਪੇਸ਼ ਹੋ ਰਿਹਾ ਹੈ। ਇੱਥੋਂ ਤੱਕ ਕਿ ਸੁੱਚੇ ਜਜ਼ਬਾਤ ਵੀ ਇਸ਼ਤਿਹਾਰਾਂ ਦੀ ਸ਼ਕਲ ਵਿੱਚ ਮੰਡੀ ਦਾ ਰੂਪ ਅਖ਼ਤਿਆਰ ਕਰ ਗਏ ਹਨ।
ਛੋਟੇ, ਹਲਕੇ ਤੇ ਹੋਛੇ ਲੋਕ ਇਸ ਫੈਸ਼ਨ ਦੇ ਹੜ ਨਾਲ ਵੱਗ ਤੁਰੇ ਹਨ। ਕਿਤੇ-ਕਿਤੇ ‘ਹਰਿੳੂ ਬੂਟ’ ਨਜ਼ਰ ਆਉਂਦੇ ਹਨ, ਪਰ ਸਵਾਲ ਪੈਦਾ ਹੁੰਦਾ ਹੈ ਕਿ ਇਹ ‘ਹਰੇ ਕਚੂਚ’ ਲੋਕ ਕਿਵੇਂ ਇਕੱਠੇ ਹੋਣ? ਕੀ ਅਨੰਦਪੁਰ, ਮਾਛੀਵਾੜਾ, ਸਰਹਿੰਦ ਤੇ ਚਮਕੌਰ ਦੀਆਂ ਯਾਦਾਂ ਸਾਨੂੰ ਇਕੱਠੇ ਕਰਨ ਲਈ ਕਾਫ਼ੀ ਨਹੀਂ? ਇਹ ਸਤਰਾਂ ਲਿਖਦਿਆਂ ਦਸ਼ਮੇਸ ਪਿਤਾ ਦੀ ਰੂਹ ਦੇ ਐਨ ਕਰੀਬ ਪਹੁੰਚੇ ਸ਼ਾਇਦ ਭਾਈ ਨੰਦ ਲਾਲ ਯਾਦ ਆ ਗਏ ਹਨ –
ਨਾਜ਼ਰਾਨਿ ਰੁਇ ਗੁਰੂ ਗੋਬਿੰਦ ਸਿੰਘ॥
ਮਸਤ ਹੱਕ ਦਰਕੂਇ ਗੁਰੂ ਗੋਬਿੰਦ ਸਿੰਘ॥
ਅਰਥਾਤ – ਜਿਨਾਂ ਨੇ ਗੁਰੂ ਗੋਬਿੰਦ ਸਿੰਘ ਦਾ ਪਵਿੱਤਰ ਮੁੱਖ ਵੇਖ ਲਿਆ, ਉਹ (ਅਨੰਦਪੁਰ ਦੀਆਂ) ਗਲੀਆਂ ਵਿੱਚ ਮਸਤਾਨੇ ਹੋ ਕੇ ਫਿਰੇ।
ਖਾਲਸੇ ਨੇ ਤਾਂ ਪੈਗੰਬਰਾਂ ਦੇ ਇਸ ਸਹਿਨਾਸ਼ਾਹ ਨੂੰ ਬਹੁਤ ਨੇੜਿਓੁਂ ਹੋ ਕੇ ਵੇਖਿਆ ਤੇ ਪਲ-ਪਲ ਉਨਾਂ ਦਾ ਸਾਥ ਵੀ ਮਾਣਿਆ। ਉਨਾਂ ਦੀਆਂ ਅਸੀਸਾਂ ਵੀ ਲਈਆਂ ਪਰ ਫਿਰ ਵੀ ਸਾਡਾ ਇਹ ਖਾਲਸਾ ਅੱਜ ਰੁਲਦਾ-ਖੁਲਦਾ ਕਿਉਂ ਨਜ਼ਰ ਆ ਰਿਹਾ ਹੈ?