ਚੰਡੀਗੜ੍ਹ, 30 ਅਗਸਤ (ਬਿਊਰੋ) : ਪੰਜਾਬ ਦੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਣ ਲਈ ਭਾਰਤ ਤੇ ਪੰਜਾਬ ਸਰਕਾਰਾਂ ਅਤੇ ਇਨ੍ਹਾਂ ਦੀਆਂ ਏਜੰਸੀਆਂ ਮਿਲ ਕੇ ‘ਅੱਤਵਾਦ’ ਦਾ ਹਊਆ ਖੜ੍ਹਾ ਕਰ ਰਹੀਆਂ ਹਨ। ਅੱਜ ਪੂਰੀ ਦੁਨੀਆਂ ਦੀ ਸਿਆਸਤ ‘ਅੱਤਵਾਦ’ ਲਫ਼ਜ ਦੇ ਦੁਆਲੇ ਹੀ ਘੁੰਮ ਰਹੀ ਹੈ ਇਸਦਾ ਫ਼ਾਇਦਾ ਲੈਂਦਿਆ ਭਾਰਤੀ ਤਾਣੇ ਬਾਣੇ ’ਤੇ ਪੂਰੀ ਤਰ੍ਹਾਂ ਕਾਬਜ਼ ਹੋ ਚੁੱਕੀਆਂ ਭਗਵੀਆਂ ਅੱਤਵਾਦੀ ਸ਼ਕਤੀਆਂ ਅਪਣੇ ਕੀਤੇ ਕਾਰੇ ਵੀ ਸਰਕਾਰ ਰਾਹੀਂ ਸਿੱਖਾਂ ’ਤੇ ਮੜ੍ਹ ਰਹੀਆ ਹਨ। ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਅੱਜ ਇਥੇ ਉਕਤ ਵਿਸ਼ੇ ’ਤੇ ਰੱਖੀ ਗਈ ਪ੍ਰੈਸ ਕਾਨਫਰੰਸ ਵਿਚ ਇਹ ਵਿਚਾਰ ਪੇਸ਼ ਕਰਦਿਆਂ ਦਲ ਦੇ ਆਗੂਆਂ ਹਰਪਾਲ ਸਿੰਘ ਚੀਮਾ, ਕੱਮਿਕਰ ਸਿੰਘ ਮੁਕੰਦਪੁਰ, ਜਸਵੀਰ ਸਿੰਘ ਖੰਡੂਰ ਤੇ ਜਸਟਿਸ ਅਜੀਤ ਸਿੰਘ ਬੈਂਸ (ਚੇਅਰਮੈਨ ਹਿਊਮਨ ਰਾਈਟਸ ਅਤੇ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ) ਨੇ ਕਿਹਾ ਕਿ ਇਹ ਸਾਰਾ ਵਰਤਾਰਾ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਕਵਾਇਦ ਦਾ ਇੱਕ ਹਿੱਸਾ ਹੈ। ਆਈ.ਬੀ. ਤੇ ਰਾਅ ਵਰਗੀਆਂ ਖੁਫੀਆਂ ਏਜੰਸੀਆਂ ਭਗਵਾਂ ਅੱਤਵਾਦੀ ਗਰੁਪਾਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ ਤੇ ਇਨ੍ਹਾਂ ਗੱਲਾਂ ਦਾ ਖੁਲਾਸਾ ਮਹਾਰਾਸ਼ਟਰਾ ਪੁਲਿਸ ਦੇ ਆਈ.ਜੀ. (ਸਾਬਕਾ) ਐੱਸ. ਐੱਮ. ਮੁਸਰਿਫ ਨੇ ਅਪਣੀ ਕਿਤਾਬ “ਹੂ ਕਿਲਡ ਕਰਕਰੇ ਦ ਰੀਅਲ ਫੇਸ ਆਫ ਟੈਰੋਰਿਸਮ ਇਨ ਇੰਡੀਅ” ਵਿੱਚ ਕੀਤਾ ਹੈ।ਇਸ ਕਿਤਾਬ ਦੇ ਸੱਚ ਤੋਂ ਖਫ਼ਾ ਭਾਰਤ ਸਰਕਾਰ ਨੇ ਇਸ ’ਤੇ ਪਾਬੰਦੀ ਲਗਾ ਦਿੱਤੀ ਹੈ। ਉਕਤ ਆਗੂਆਂ ਨੇ ਕਿਹਾ ਕਿ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਸਾਫ਼ ਜ਼ਾਹਰ ਹੁੰਦਾ ਹੈ ਕਿ 26/11 ਦੇ ਮੁੰਬਈ ਹਮਲੇ ਵਿੱਚ ਭਗਵਾ ਅੱਤਵਾਦ ਨੂੰ ਨੰਗਾ ਕਰ ਰਹੇ ਏਟੀਐਸ ਮੁੱਖੀ ਹੇਮੰਤ ਕਰਕਰੇ ਨੂੰ ਮਾਰਨ ਦਾ ਡਰਾਮਾ ਆਈ. ਬੀ. ਨੇ ਖੁਦ ਰਚਿਆ ਸੀ ਤਾਂ ਜੋ ਭਾਰਤੀ ਨਿਜ਼ਾਮ ਤੇ ਭਗਵਾ ਅੱਤਵਾਦ ਦੀ ਸਾਂਝ ਦੁਨੀਆਂ ਅੱਗੇ ਨੰਗੀ ਨਾ ਹੋ ਜਾਵੇ। ਇਸ ਕਿਤਾਬ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਭਗਵੇਂ ਅੱਤਵਾਦੀਆਂ ਵਲੋਂ ਕੀਤੇ ਗਏ ਬੰਬ ਧਮਾਕਿਆਂ ਦੇ ਮਾਮਲਿਆਂ ਸਬੰਧੀ ਜਾਂਚ ਨੂੰ ਸਰਕਾਰੀ ਤੰਤਰ ਨੂੰ ਨੰਗਾ ਹੋਣੋਂ ਬਚਾਉਣ ਲਈ ਕਿਵੇਂ ਰੋਕਿਆ ਜਾਂਦਾ ਹੈ।ਉਕਤ ਆਗੂਆਂ ਨੇ ਕਿਹਾ ਕਿ ਐਲ. ਕੇ. ਅਡਵਾਨੀ ਦੇ ਗ੍ਰਹਿ ਮੰਤਰੀ ਹੁੰਦਿਆਂ ਬ੍ਰਾਹਮਣ ਤੇ ਯਹੂਦੀ ਆਗੂਆ ਨੇ ਅਪਣੀ ਸਾਂਝੀ ਮੀਟਿੰਗ ਵਿਚ ਫੈਸਲਾ ਕੀਤਾ ਸੀ ਕਿ ਉਨ੍ਹਾਂ ਦਾ ਦੁਸ਼ਮਣ ਸ਼ਾਂਝਾ ਹੈ ਇਸ ਲਈ ਉਸ ਖਿਲਾਫ ਲੜਾਈ ਵੀ ਇਕੱਠਿਆਂ ਹੋ ਕੇ ਲੜੀ ਜਾਵੇ। ਇਸੇ ਫੈਸਲੇ ਤਹਿਤ ਪੰਜਾਬ ਸਰਕਾਰ ਪੁਲਿਸ ਜਵਾਨਾਂ ਨੂੰ ਇਜ਼ਰਾਇਲ ਪੁਲਿਸ ਤੋਂ ਟ੍ਰੇਨਿੰਗ ਦਿਵਾਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਛੱਤੀ ਸਿੰਘਪੁਰਾ (ਕਸ਼ਮੀਰ) ਵਾਂਗ ਹੀ ਇਕ ਹੋਰ ਸਿੱਖ ਕਤਲੇਆਮ ਮੁੜ ਤੋਂ ਦੁਹਰਾਇਆ ਜਾ ਸਕਦਾ ਹੈ ਜਿਸ ਲਈ ਮੁਸਲਮਾਨਾਂ ਦੇ ਨਾਂ ਹੇਠ ਸਿੱਖਾਂ ਨੂੰ ਧਮਕੀਆਂ ਦੇ ਕੇ ਜ਼ਮੀਨ ਤਿਆਰ ਕਰ ਲਈ ਗਈ ਹੈ। ਛੱਤੀ ਸਿੰਘਪੁਰਾ ਕਤਲੇਆਮ ਦੀ ਜਾਂਚ ਵੀ ਕੇਂਦਰ ਨੇ ਸੱਚ ਸਾਹਮਣੇ ਆਉਣ ਤੋਂ ਰੋਕਣ ਲਈ ਹੀ ਰੋਕ ਰੱਖੀ ਹੈ। ਉਕਤ ਆਗੂਆਂ ਨੇ ਕਿਹਾ ਕਿ ਕੋਝੇ ਹੱਥਕੰਡਿਆਂ ਰਾਹੀਂ ਸਿੱਖ ਕੌਮ ਨੂੰ ਜ਼ਲੀਲ ਤੇ ਬਦਨਾਮ ਕਰਕੇ ਪੰਥ ਤੇ ਪੰਜਾਬ ਨੂੰ ਹਾਸ਼ੀਏ ’ਤੇ ਸੁੱਟਣਾ ਭਾਰਤੀ ਸਟੇਟ ਦੇ ਹਮੇਸਾਂ ਏਜੰਡੇ ’ਤੇ ਰਿਹਾ ਹੈ। ਇਸੇ ਲਈ ਝੂਠੇ ਕੇਸ ਪਾ ਕੇ ਸਿੱਖ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਅਜੇ ਤੱਕ ਜਾਰੀ ਹੈ। ਬਾਦਲ ਸਰਕਾਰ ਭਗਵਾਂਵਾਦੀਆਂ ਦਾ ਉਕਤ ਏਜੰਡਾ ਬੀਜੇਪੀ ਦੇ ਇਸ਼ਾਰੇ ’ਤੇ ਰਾਜਨੀਤਿਕ ਤੇ ਵਿਚਾਰਧਾਰਿਕ ਵਿਰੋਧੀਆਂ ਨੂੰ ਦਬਾਉਣ ਲਈ ਲਾਗੂ ਕਰ ਰਹੀ ਹੈ। ਜਿਸ ਤਹਿਤ ਭਾਈ ਦਲਜੀਤ ਸਿੰਘ ਬਿੱਟੂ ’ਤੇ ਪਾਏ ਗਏ ਕੇਸ ਅਦਾਲਤਾਂ ਵਿੱਚ ਝੂਠੇ ਸਾਬਤ ਹੋ ਰਹੇ ਹਨ ਤੇ ਇਨ੍ਹਾਂ ਗ੍ਰਿਫ਼ਤਾਰੀਆਂ ਦਾ ਸੱਚ ਸਾਹਮਣੇ ਆਉਣਾ ਸੁਰੂ ਹੋ ਗਿਆ ਹੈ। ਲਿਲੀ ਸ਼ਰਮਾ ਕਤਲ ਕੇਸ ਦੇ ਮੁੱਖ ਗਵਾਹਾਂ ਨੇ ਵੀ ਉਨ੍ਹਾਂ ਦੀ ਇਸ ਕੇਸ ਵਿੱਚ ਸ਼ਮੂਲੀਅਤ ਤੋਂ ਇਨਕਾਰ ਕਰ ਦਿੱਤਾ ਹੈ। ਪ੍ਰੋ. ਗੁਰਵੀਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਇਕ ਕੇਸ ਵਿਚ ਬਰੀ ਹੋ ਜਾਣਾ ਵੀ ਇਸ ਗੱਲ ਨੂੂੰ ਸਾਬਤ ਕਰਦਾ ਹੈ ਕਿ ਪੁਲਿਸ ਸਿੱਖਾਂ ਨੂੰ ਝੂਠੇ ਕੇਸਾਂ ਤਹਿਤ ਗ੍ਰਿਫ਼ਤਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਕੀਤੀ ਗਈ ਜਾਂਚ ਵਿੱਚ ਇਹ ਤੱਥ ਸਾਹਮਣੇ ਆਏ ਹਨ ਕਿ ਪਿਛਲੇ ਦਿਨੀਂ ਨੌਜਵਾਨਾਂ ਨੂੰ ਲੋਕਾਂ ਦੇ ਸਾਹਮਣੇ ਉਨਾਂ ਦੇ ਘਰਾਂ ’ਚੋਂ ਚੁੱਕਿਆ ਗਿਆ ਤੇ ਗ੍ਰਿਫ਼ਤਾਰੀਆਂ ਖੰਨਾ ਜਾਂ ਅੰਮ੍ਰਿਤਸਰ ਤੋਂ ਪਾਈਆ ਗਈਆਂ। ਪੁਲਿਸ ਦੀ ਇਹ ਕਾਰਗੁਜ਼ਾਰੀ ਇਨ੍ਹਾਂ ਨੌਜਵਾਨਾਂ ’ਤੇ ਪਾਏ ਗਏ ਕੇਸਾਂ ਨੂੰ ਝੂਠੇ ਸਾਬਤ ਕਰਦੀ ਹੈ। ਬਾਬਾ ਬਲਜੀਤ ਸਿੰਘ ਦਾਦੂਵਾਲ ’ਤੇ ਧਾਰਾ 295-ਏ ਤਹਿਤ ਕੇਸ ਦਰਜ ਕਰਨਾ ਵੀ ਸਰਕਾਰ ਦੇ ਉਕਤ ਮਨਸੂਬਿਆਂ ਨੂੰ ਜਗ ਜ਼ਾਹਰ ਕਰਦਾ ਹੈ। ਉਕਤ ਆਗੂਆਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆ ਸਬੰਧੀ ਅਸਲੀ ਤੱਥ ਕਿਉਂ ਨਹੀਂ ਪੇਸ਼ ਕਰਦੀ। ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿਚ ਹੋਰਨਾਂ ਤੋਂ ਬਿਨਾਂ ਸੰਤੋਖ ਸਿੰਘ ਸਲਾਣਾ, ਸੁਰਿੰਦਰ ਸਿੰਘ ਕਿਸ਼ਨਪੁਰਾ, ਸੰਦੀਪ ਸਿੰਘ ਕੈਨੇਡੀਅਨ ਤੇ ਹੋਰ ਆਗੂ ਵੀ ਹਾਜ਼ਰ ਸਨ।