ਆਮ ਖਬਰਾਂ

ਬੰਦ ਦੇ ਸੱਦੇ ਤੇ ਫਰੀਦਕੋਟ ਤੇ ਆਸ ਪਾਸ ਦੇ ਕਸਬਿਆਂ ਚ ਮੁਕੰਮਲ ਬੰਦ ਰਿਹਾ

By ਸਿੱਖ ਸਿਆਸਤ ਬਿਊਰੋ

July 05, 2010

ਫਰੀਦਕੋਟ (5 ਜੁਲਾਈ, 2010 – ਗੁਰਭੇਜ ਸਿੰਘ ਚੌਹਾਨ): ਕਾਂਗਰਸ ਸਰਕਾਰ ਦੇ ਸੱਤਾ ਵਿਚ ਹੁੰਦਿਆਂ ਘਟਣ ਦੀ ਬਜਾਏ ਵੱਧ ਰਹੀ ਸਿਰਤੋੜ ਮਹਿੰਗਾਈ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਅਤੇ ਹੋਰ ਹਮ ਖਿਆਲੀ ਵਿਰੋਧੀ ਧਿਰਾਂ ਵੱਲੋਂ ਅੱਜ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਜਿਲ੍ਹਾ ਫਰੀਦਕੋਟ ਅਤੇ ਆਸਪਾਸ ਦੇ ਕਸਬੇ ਸਾਦਿਕ,ਗੋਲੇਵਾਲਾ,ਕੋਟਕਪੂਰਾ ਸਹਿਰ,ਬਾਜਾਖਾਨਾ,ਜੈਤੋ ਚ ਇਸ ਬੰਦ ਦੀ ਕਾਲ ਦੌਰਾਨ ਮੁਕੰਮਲ ਬੰਦ ਰਿਹਾ। ਭਾਰਤੀ ਜਨਤਾ ਪਾਰਟੀ ਮੰਡਲ ਦੇ ਆਗੂ, ਅਸ਼ੋਕ ਕੁਮਾਰ ਮੋਂਗਾ, ਵਪਾਰ ਮੰਡਲ ਸਾਦਿਕ ਦੇ ਪ੍ਰਧਾਨ ਸੁਰਿੰਦਰ ਸੇਠੀ, ਮੀਤ ਪ੍ਰਧਾਨ ਜਗਦੇਵ ਸਿੰਘ, ਸਕੱਤਰ ਸ਼ਾਮ ਸੁੰਦਰ ਤੇ ਕੈਸ਼ੀਅਰ ਪਰਮਜੀਤ ਸਿੰਘ ਮੱਕੜ ਨੇ ਦੱਸਿਆ ਕਿ ਸਾਰੇ ਹੀ ਦੁਕਾਨਦਾਰਾਂ ਨੇ ਭਰਵਾਂ ਸਹਿਯੋਗ ਦਿੰਦਿਆਂ ਸਾਰੀਆਂ ਦੁਕਾਨਾਂ ਬੰਦ ਰੱਖੀਆਂ।

ਆੜ੍ਹਤੀਆ ਐਸੋਸੀਏਸ਼ਨ ਸਾਦਿਕ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਵੀ ਕਿਹਾ ਕਿ ਉਨ੍ਹਾ ਦੀ ਜੱਥੇਬੰਦੀ ਵੀ ਇਸ ਬੰਦ ਨੂੰ ਪੂਰਨ ਸਹਿਯੋਗ ਦੇ ਰਹੀ ਹੈ। ਸਰਕਾਰੀ ਅਦਾਰੇ ਭਾਵੇਂ ਖੁੱਲ੍ਹੇ ਰਹੇ ਪਰ ਉਨ੍ਹਾ ਵਿਚ ਕੰਮ ਧੰਦੇ ਵਾਲੇ ਲੋਕਾਂ ਦੀ ਗਿਣਤੀ ਨਾ ਮਾਤਰ ਸੀ। ਇਥੋਂ ਤੱਕ ਕੇ ਮਹਿੰਗਾਈ ਦੇ ਸਤਾਏ ਆਮ ਵਰਗ ਅਤੇ ਰੇਹੜੀਆਂ ਵਾਲਿਆਂ,ਚਾਹ ਦੇ ਖੋਖਿਆਂ ਵਾਲਿਆਂ ਨੇ ਵੀ ਬੰਦ ਨੂੰ ਪੂਰਨ ਸਾਥ ਦਿੱਤਾ। ਸੜਕੀ ਆਵਾਜਾਈ ਨਾ ਮਾਤਰ ਸੀ, ਪ੍ਰਾਈਵੇਟ ਬੱਸਾਂ ਤੇ ਟੈਂਪੂ ਵੀ ਬੰਦ ਰਹੇ। ਜਦੋਂ ਕਿ ਸਿਹਤ ਸੇਵਾਵਾਂ ਲਈ ਜਰੂਰੀ ਮੈਡੀਕਲ ਸਟੋਰ ਅਤੇ ਹਸਪਤਾਲ ਖੁੱਲ੍ਹੇ ਰਹੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: