ਪਟਿਆਲਾ (7 ਦਸੰਬਰ, 2009): ਲੁਧਿਆਣਾ ਵਿਖੇ ਪੁਲਿਸ ਵੱਲੋਂ ਸਿੱਖ ਸੰਗਤ ਉੱਤੇ ਕੀਤੀ ਗੋਲੀਬਾਰੀ ਲਈ ਪੰਜਾਬ ਸਰਕਾਰ ਨੂੰ ਸਿੱਧੇ ਤੌਰ ਉੱਤੇ ਜਿੰਮੇਵਾਰ ਠਹਿਰਾਉਂਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪੰਜਾਬ ਸਰਕਾਰ ਦੀ ਕਰੜੀ ਨਿਖੇਧੀ ਕੀਤੀ ਹੈ। ਫੈਡੇਰਸ਼ਨ ਦੇ ਮੀਤ ਪ੍ਰਧਾਨ ਸ. ਮੱਖਣ ਸਿੰਘ ਗੰਢੂਆਂ ਵੱਲੋਂ ਜਾਰੀ ਇੱਕ ਬਿਆਨ ਵਿੱਚ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ. ਪਰਮਜੀਤ ਸਿੰਘ ਗਾਜ਼ੀ ਨੇ ਕਿਹਾ ਹੈ ਕਿ ਪ੍ਰਸ਼ਾਸਨ ਨੇ ਮੌਜੂਦ ਵਿਕਲਪ ਵਰਤੇ ਬਿਨਾ ਹੀ ਸਿੱਧੀ ਗੋਲੀ ਚਲਾ ਦੇਣ ਦੀ ਗੈਰ-ਜਿੰਮੇਵਾਰ ਕਾਰਵਾਈ ਕੀਤੀ ਹੈ ਜਿਸ ਦੇ ਨਤੀਜੇ ਵਿੱਚ ਕੀਮਤੀ ਮਨੁੱਖੀ ਜਾਨਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਜਲ ਤੋਪਾਂ ਜਾਂ ਰਬੜ ਦੀਆਂ ਗੋਲੀਆਂ ਨਾਲ ਵੀ ਸਥਿਤੀ ਉੱਤੇ ਕਾਬੂ ਪਾਇਆ ਜਾ ਸਕਦਾ ਸੀ ਪਰ ਇਹ ਵਰਤੇ ਹੀ ਨਹੀਂ ਗਏ।
ਆਗੂਆਂ ਨੇ ਦੋਸ਼ ਲਾਇਆ ਕਿ ਇਸ ਘਟਨਾਕ੍ਰਮ ਦੌਰਾਨ ਪੁਲਿਸ ਦਾ ਵਤੀਰਾ ਗੈਰਕੁਦਰਤੀ ਸੀ ਅਤੇ ਪੁਲਿਸ ਵੱਲੋਂ ਨਿਹੱਥੇ ਸਿੱਖਾਂ ਸਮੇਤ, ਜਖਮੀਆਂ ਅਤੇ ਆਪਣੇ ਜਖਮੀ ਸਾਥੀਆਂ ਨੂੰ ਚੁੱਕਣ ਦੀ ਕੋਸ਼ਿਸ਼ ਕਰਨ ਵਾਲੇ ਸਿੱਖਾਂ ਉੱਤੇ ਵੀ ਬੇਰਹਿਮੀ ਨਾਲ ਡਾਂਗਾਂ ਵਰ੍ਹਾਈਆਂ ਗਈਆਂ ਜਿਸ ਨੇ ਬਲਦੀ ਉੱਤੇ ਤੇਲ ਦਾ ਕੰਮ ਕੀਤਾ।
ਉਨ੍ਹਾਂ ਕਿਹਾ ਕਿ ਬਾਦਲ-ਭਾਪਜਾ ਦੀ ਸਾਂਝੀ ਸਰਕਾਰ ਨੇ ਜਾਣ ਬੁੱਝ ਕੇ ਅਜਿਹੇ ਹਾਲਾਤ ਪੈਦਾ ਕੀਤੇ ਹਨ ਕਿ ਅੱਜ ਪੰਜਾਬ ਅੰਦਰ ਸਿੱਖ ਸੰਗਤ ਰੋਹ ਵਿੱਚ ਹੈ। ਆਗੂਆਂ ਨੇ ਆਗਾਹ ਕੀਤਾ ਹੈ ਕਿ ਪੰਜਾਬ ਸਰਕਾਰ ਦੇਹਧਾਰੀ ਡੇਰਾਦਾਰਾਂ ਨੂੰ ਮਦਦ ਦੇਣੀ ਬੰਦ ਕਰੇ ਨਹੀਂ ਤਾਂ ਇਸ ਦੇ ਮਾੜੇ ਨਤੀਜੇ ਹੁਣ ਪ੍ਰਤੱਖ ਦਿਸ ਰਹੇ ਹਨ।