ਸਿੱਖ ਖਬਰਾਂ

ਪਟਿਆਲਾ ਪੁਲਿਸ ਵੱਲੋਂ ਦੋ ਖਾੜਕੂ 40 ਲੱਖ ਰੁਪਏ ਦੀ ਹਵਾਲਾ ਰਕਮ ਸਮੇਤ ਕਾਬੂ ਕਰਨ ਦਾ ਦਾਅਵਾ

By ਪਰਦੀਪ ਸਿੰਘ

April 25, 2010

ਨਾਭਾ, (24 ਅਪ੍ਰੈਲ, 2010)-ਜ਼ਿਲ੍ਹਾ ਪਟਿਆਲਾ ਪੁਲਿਸ ਵੱਲੋਂ ਨਾਭਾ ਪੁਲਿਸ ਅਤੇ ਕਾਊਂਟਰ ਇੰਟੈਂਲੀਜੈਂਸ ਦੀ ਮਦਦ ਨਾਲ ਦੋ ਖਾੜਕੂਆਂ ਤੋਂ 40 ਲੱਖ ਰੁਪਏ ਦੇ ਕਰੰਸੀ ਨੋਟ ਬਰਾਮਦ ਕਰਨ ਦਾ ਅੱਜ ਸਥਾਨਕ ਰੈਸਟ ਹਾਊਸ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਰਣਬੀਰ ਸਿੰਘ ਖੱਟੜਾ ਨੇ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ: ਖੱਟੜਾ ਨੇ ਦੱਸਿਆ ਕਿ ਬੀਤੀ ਰਾਤ ਨਾਭਾ-ਛੀਟਾਂਵਾਲਾ ਰੋਡ ’ਤੇ ਸਥਿਤ ਬੱਸ ਅੱਡਾ ਪਿੰਡ ਕੋਟ ਖੁਰਦ ਤੇ ਡੀ.ਐਸ.ਪੀ. ਅਰਸ਼ਦੀਪ ਸਿੰਘ ਗਿੱਲ, ਐਸ.ਆਈ. ਸਮਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਕੀਤੀ ਹੋਈ ਸੀ, ਇਸ ਦੌਰਾਨ ਉਨ੍ਹਾਂ ਨੇ ਇਕ ਇੰਡੀਗੋ ਕਾਰ (ਪੀ.ਬੀ.10 ਸੀ. ਐਚ.-4317) ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚ ਸਵਾਰ ਹਕੀਕਤ ਰਾਏ ਉਰਫ ਮੁੰਨਾ ਪੁੱਤਰ ਸੁਖਦੇਵ ਰਾਜ ਵਾਸੀ ਸ਼ਿਵਪੁਰੀ ਰੋਡ ਨੇੜੇ ਟੂਟੀਆਂ ਵਾਲਾ ਮੰਦਿਰ ਮੁਹੱਲਾ ਬਸੰਤ ਨਗਰ ਲੁਧਿਆਣਾ ਅਤੇ ਸੁਰਿੰਦਰ ਸਿੰਘ ਉਰਫ ਕਾਕੂ ਪੁੱਤਰ ਰੋਸ਼ਨ ਲਾਲ ਵਾਸੀ ਪਿੰਡ ਟੀਹਰਾ ਥਾਣਾ ਸੁਜਾਨਪੁਰ ਜ਼ਿਲ੍ਹਾ ਹਮੀਰਪੁਰ (ਹਿਮਾਚਲ ਪ੍ਰਦੇਸ) ਹਾਲ ਵਾਸੀ ਲੁਧਿਆਣਾ ਦੇ ਕਬਜ਼ੇ ਵਿਚੋਂ 40 ਲੱਖ ਰੁਪਏ ਦੇ ਕਰੰਸੀ ਨੋਟ ਜੋ ਕਿ ਹਵਾਲਾ ਨਾਲ ਸੰਬੰਧਿਤ ਹਨ, ਬਰਾਮਦ ਕੀਤੇ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਦਾ ਸਬੰਧ ਥਾਣਾ ਸਦਰ ਨਾਭਾ ਵਿਚ ਗੈਸ ਪਲਾਂਟ ਨਾਭਾ ਪਾਸ ਰੱਖੇ ਗਏ ਬੰਬ ਦੇ ਕਥਿਤ ਦੋਸ਼ੀ ਅਤੇ ਥਾਣਾ ਸਦਰ ਨਾਭਾ ਦੇ ਬਖਸ਼ੀਸ਼ ਸਿੰਘ ਉਰਫ ਬਾਬਾ, ਜਸਵੀਰ ਸਿੰਘ ਉਰਫ ਜੱਸੀ ਵਾਸੀ ਮਾਣਕੀ, ਹਰਜੰਟ ਸਿੰਘ ਉਰਫ ਡੀਸੀ ਵਾਸੀ ਬਿਜਲੀਵਾਲਾ ਅਤੇ ਪ੍ਰਗਟ ਸਿੰਘ ਵਾਸੀ ਭਲਵਾਨੂ ਨਾਲ ਹੈ। ਸ: ਖੱਟੜਾ ਨੇ ਅੱਗੇ ਦੱਸਿਆ ਕਿ ਇਨ੍ਹਾਂ ਨੇ ਪਹਿਲਾਂ ਵੀ 6/7 ਲੱਖ ਰੁਪਏ ਉਕਤ ਦੋਸ਼ੀਆਂ ਨੂੰ ਦਿੱਤੇ ਸਨ। ਇਨ੍ਹਾਂ ਦੀ ਗ੍ਰਿਫਤਾਰੀ ਨਾਲ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਇਨ੍ਹਾਂ ਨੂੰ ਪੈਸਾ ਹਵਾਲਾ ਅਤੇ ਵੈਸਟਰਨ ਯੂਨੀਅਨ ਰਾਹੀਂ ਆਉਂਦਾ ਹੈ, ਜਿਸਦੇ ਤਹਿਤ ਹੀ ਉਕਤ ਖਾੜਕੂ ਇਹ ਹਵਾਲਾ ਦੇ ਪੈਸੇ ਦੇਣ ਜਾਂਦੇ ਬੀਤੀ ਰਾਤ ਕਾਬੂ ਕੀਤੇ ਗਏ।ਇਸ ਮੌਕੇ ਗੁਰਦੀਪ ਸਿੰਘ ਪੰਨੂ ਐਸ.ਪੀ. (ਡੀ), ਡੀ.ਐਸ.ਪੀ. ਨਾਭਾ ਅਰਸ਼ਦੀਪ ਸਿੰਘ ਗਿੱਲ, ਮੁੱਖ ਥਾਣਾ ਅਫਸਰ ਐਸ.ਆਈ. ਸਮਿੰਦਰ ਸਿੰਘ, ਕੋਤਵਾਲੀ ਇੰਚਾਰਜ ਹਰਭਜਨ ਸਿੰਘ ਵੀ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: