ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਆਰ.ਐਸ.ਐਸ.ਦੇ ਨਾਗਪੁਰ ਸਥਿਤ ਹੈਡਕੁਆਟਰ ਤੋਂ ਇਕ ਨਿੱਜੀ ਪ੍ਰਕਾਸ਼ਕ ਵਲੋਂ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਧਰਮ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਖਿਲਾਫ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਅਤੇ ਅਖੰਡ ਕੀਤਰਨੀ ਜਥਾ ਵਲੋਂ ਸਾਂਝੇ ਤੌਰ ਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ।ਜਥੇਬੰਦੀਆਂ ਨੇ ਮੰਗ ਕੀਤੀ ਕਿ ਪ੍ਰਕਾਸ਼ਕ ਦੁਆਰਾ ਛਪਵਾਈਆਂ ਵਿਵਾਦਤ ਪੁਸਤਕਾਂ ਦੀ ਜਾਂਚ ਕਰਕੇ ਕੇਸ ਦਰਜ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਸਖਤ ਸਜਾ ਦਿੱਤੀ ਜਾਵੇ।ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਅਤੇ ਅਖੰਡ ਕੀਤਰਨੀ ਜਥਾ ਵਲੋਂ ਜਥੇਦਾਰ ਬਲਦੇਵ ਸਿੰਘ ਸਿਰਸਾ,ਅਜੀਤ ਸਿੰਘ ਬਾਠ,ਕਸ਼ਮੀਰ ਸਿੰਘ,ਜਸਪਾਲ ਸਿੰਘ ਚਮਿਆਰੀ,ਪ੍ਰਿੰਸੀਪਲ ਬਲਜਿੰਦਰ ਸਿੰਘ,ਮਨਜੀਤ ਸਿੰਘ ਠੇਕੇਦਾਰ,ਮਹਾਂਬੀਰ ਸਿੰਘ ਸੁਲਤਾਨਵਿੰਡ ਦੀ ਅਗਵਾਈ ਵਿੱਚ ਸੈਂਕੜੇ ਜਾਗਰੂਕ ਸਿੱਖ ਰਣਜੀਤ ਐਵੇਨਿਉ ਸਥਿਤ ਗੁਰਦੁਆਰਾ ਸਾਹਿਬ ਵਿਖੇ ਇੱਕਤਰ ਹੋਏ ਜਿਥੋਂ ਇਕ ਮਾਰਚ ਦੇ ਰੂਪ ਵਿੱਚ ਕਮਿਸ਼ਨਰ ਪੁਲਿਸ ਦਫਤਰ ਪੁਜੇ ।
ਕਮਿਸ਼ਨਰ ਪੁਲਿਸ ਸ੍ਰੀ ਐਸ.ਐਸ.ਸ੍ਰੀਵਾਸਤਵਾ ਨੂੰ ਮੰਗ ਪੱਤਰ ਸੌਪਦਿਆਂ ਆਗੂਆਂ ਨੇ ਦੱਸਿਆ ਕਿ ਸਿੱਖ ਧਰਮ ਇਤਿਹਾਸ ਸਮੁੱਚੀ ਮਨੁੱਖਤਾ ਦੇ ਭਲੇ ਅਤੇ ਧਰਮਾਂ ਦੀ ਆਜਾਦੀ ਲਈ ਜਾਲਮਾਂ ਤੇ ਜਾਬਰਾਂ ਨਾਲ ਜੂਝਣ ਵਾਲਿਆਂ ਦੀਆਂ ਕੁਰਬਾਨੀਆਂ ਨਾਲ ਲੈਸ ਹੈ ।ਦੁਨੀਆਂ ਭਰ ਦੇ ਧਰਮਾਂ ‘ਚੋਂ ਇਹ ਇੱਕ ਅਹਿਮ ਤੇ ਨਿਵੇਕਲਾ ਧਰਮ ਹੈ ਜੋ ਨਾ ਕਿਸੇ ਨੂੰ ਭੈਅ ਦੇਣ ਤੇ ਨਾ ਹੀ ਭੈਅ ਮੰਨਣ ਦੇ ਅਸੂਲ ਤੇ ਪਹਿਰਾ ਦੇ ਰਿਹਾ ਹੈ ।ਜੋ ਕੁਝ ਵੀ ਨਾਗਪੁਰੀ ਪ੍ਰਕਾਸ਼ਕ ਨੇ ਕੀਤਾ ਹੈ ਉਹ ਕੋਈ ਮਾਮੂਲੀ ਗਲਤੀ ਨਹੀਂ ਹੈ ।
ਉਕਤ ਦੋਸ਼ੀਆਂ ਵੱਲੋਂ ਇਕ ਸ਼ਾਜਿਸ਼ ਦੇ ਤਹਿਤ ਬੱਦਨੀਤੀ ਨਾਲ “ਸਿੱਖ ਧਰਮ” ਜੋ ਦੁਨੀਆਂ ਦੇ ਧਰਮਾਂ ਤੋਂ ਨਿਆਰਾ ਅਤੇ ਵੱਖਰਾ ਹੈ ਜਿਸ ਦਾ ਹਿੰਦੂ ਧਰਮ ਨਾਲ ਰੱਤੀ ਭਰ ਵੀ ਕੋਈ ਸਬੰਧ ਨਹੀ ਹੈ। ਜਿਸ ਦੀਆਂ ਕਈ ਲਿਖਤੀ ਮਿਸਾਲਾਂ ਵੀ ਦਿੱਤੀਆਂ ਗਈਆਂ ਹਨ। ਜਿਵੇਂ ਕਿ ਸਿੱਖ ਧਰਮ ਦਾ ਇੱਕੋ ਗ੍ਰੰੰਥ ਕੇਵਲ ਤੇ ਕੇਵਲ “ਸ਼੍ਰੀ ਗੁਰੂ ਗ੍ਰੰਥ ਸਾਹਿਬ” ਹੈ। ਇਸ ਦੇ ਉਲਟ ਹਿੰਦੂ ਧਰਮ ਦੇ ਅਨੇਕਾਂ ਹੀ ਧਰਮ ਗ੍ਰੰਥ ਹਨ ਜਿਵੇਂ ਕਿ ਵੇਦ ਸ਼ਾਸ਼ਤਰ, ਗੀਤਾ ਤੇ ਰਾਮਾਇਣ ਆਦਿ। ਸਿੱਖ ਕੇਵਲ ਇਕ “ਅਕਾਲ ਪੁਰਖ” ਦਾ ਪੁਜਾਰੀ ਹੈ ਜਦੋ ਕਿ ਹਿੰਦੂ ਧਰਮ ਵਿਚ 33 ਕਰੋੜ ਦੇਵੀ ਦੇਵਤਿਆਂ,ਰੁੱਖਾ ਦਾ ਪੁਜਾਰੀ,ਜਾਨਵਰਾਂ ਅਤੇ ਪੱਥਰਾਂ ਦੀ ਮੂਰਤੀਆਂ ਦਾ ਪੁਜਾਰੀ ਆਦਿ ਆਦਿ ਹੈ। ਜਨਮ – ਮਰਨ ਅਤੇ ਵਿਆਹ ਸ਼ਾਦੀਆਂ ਦੇ ਰੀਤੀ ਰਿਵਾਜ ਸਭ ਵੱਖਰੇ ਵੱਖਰੇ ਹਨ। ਜਿਸ ਕਰਕੇ ਇਹਨਾਂ ਕਿਤਾਬਾਂ ਨੂੰ ਪੜਕੇ ਜਿੰਨਾਂ ਵਿਚ “ਸ਼੍ਰੀ ਗੁਰੂ ਅਰਜਣ ਦੇਵ ਜੀ” ਨੂੰ ਗਊ ਦਾ ਪੁਜਾਰੀ ਦੱਸਿਆ ਗਿਆ ਹੈ।, “ਸ਼੍ਰੀ ਗੁਰੂ ਗੋਬਿੰਦ ਸਿੰਘ ਜੀ” ਨੂੰ ਹਿੰਦੂ ਰਕਤ (ਖੂਨ) ਦੱਸਿਆ ਗਿਆ ਹੈ। ਅਤੇ ਇਹ ਵੀ ਲਿਖਿਆ ਹੈ ਕਿ 1699 ਦੀ ਵਿਸਾਖੀ ਨੂੰ ਖਾਲਸਾ ਦੀ ਸਿਰਜਣਾ ਸਮੇਂ ਪਹਿਲ਼ਾਂ ਹੀ ਬੱਕਰੇ ਬੰਨ੍ਹੇ ਹੋਏ ਸੀ। ਇਸ ਦਾ ਭਾਵ ਹੈ ਕਿ ਗੁਰੂ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਸਮੇਂ ਇਕ ਲੋਕ ਵਿਖਾਵਾ ਹੀ ਰਚਿਆ ਸੀ। ਇਹਨਾਂ ਕਿਤਾਬਾਂ ਵਿਚ ਹੋਰ ਵੀ ਬਹੁਤ ਕੁਝ ਲਿਖਿਆ ਗਿਆ ਹੈ ਜਿਸ ਕਰਕੇ ਇਹਨਾਂ ਕਿਤਾਬਾਂ ਨੂੰ ਪੜਨ ਅਤੇ ਮੀਡੀਆ ਰਾਹੀ ਖਬਰਾਂ ਪੜ੍ਹ ਕੇ ਸੁਣਕੇ ਸਮੁੱਚੀ ਸਿੱਖ ਕੌੰਮ ਦੇ ਹਿਰਦੇ ਵਲੂੰਧਰੇ ਗਏ ਹਨ।
ਮੰਗ ਪੱਤਰ ‘ਚ ਮੰਗ ਕੀਤੀ ਗਈ ਹੈ ਕਿ ਲੇਖਕਾਂ ਅਤੇ ਛਾਪਣ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਸਦੇ ਇਸ ਤਰ੍ਹਾਂ ਦੀਆਂ ਮਾੜੀ ਨੀਅਤ ਨਾਲ ਦੋ ਫਿਰਕਿਆ ਦੇ ਆਪਸ ਵਿਚ ਦੰਗੇ ਆਦਿ ਕਰਵਾਉਣ ਦੀਆਂ ਸਾਜਿਸ਼ ਘੜਨ ਵਾਲੀ ਆਰ ਐਸ ਐਸ ਜੱਥੇਬੰਦੀ ਨੂੰ ਅੱਤਵਾਦੀ ਐਲਾਨਣ ਦੀ ਸ਼ਿਫਾਰਿਸ਼ ਵੀ ਕੀਤੀ ਜਾਵੇ ਤਾਂ ਕਿ ਪੰਜਾਬ ਵਿਚ ਸ਼ਾਂਤੀ ਦੇ ਮਾਹੌਲ ਨੂੰ ਬਰਕਰਾਰ ਰੱਖਿਆ ਜਾਵੇ।