ਲੁਧਿਆਣਾ( 1 ਜੁਲਾਈ 2014): ਲੰਮੀਆਂ ਉਡੀਕਾਂ ਤੋਂ ਬਾਅਦ ਇਤਿਹਾਸਕ ਪੰਜਾਬੀ ਫਿਲਮ “ਕੌਮ ਦੇ ਹੀਰੇ” ਹੁਣ 22 ਅਗਸਤ 2014 ਨੂੰ ਸਮੁੱਚੇ ਭਾਰਤ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।ਭਾਰਤੀ ਫਿਲਮ ਸੈਂਸਰ ਬੋਰਡ ਵੱਲੋਂ ਇਸ ਫਿਲਮ ਨੂੰ ਪਰਵਾਨਗੀ ਨਾ ਮਿਲਣ ਕਰਕੇ ਇਹ ਪਿਛਲੇ ਲੰਮੇ ਸਮੇਂ ਤੋਂ ਰਿਲੀਜ਼ ਨਹੀ ਹੋ ਸਕੀ ਸੀ।ਇਹ ਜਾਣਕਾਰੀ ਇਸ ਫਿਲਮ ਦੇ ਮੁੱਖ ਕਲਾਕਰ ਰਾਜ ਕਾਕੜਾ ਵੱਲੋਂ ਆਪਣੇ ਫੇਸਬੁੱਕ ਪੇਜ਼ ਰਾਹੀਂ ਦਿੱਤੀ ਗਈ ਹੈ।
ਪਹਿਲਾਂ ਇਹ ਫਿਲਮ 28 ਫਰਵਰੀ ਨੂੰ ਰਿਲੀਜ਼ ਹੋਣੀ ਸੀ , ਪਰ ਭਾਰਤੀ ਸੈਂਸਰ ਬੋਰਡ ਦੇ ਪੱਖਪਾਤੀ ਰੱਵੀਏ ਕਾਰਨ ਫਿਲ਼ਮ ਨੂੰ ਰਿਲੀਜ਼ ਕਰਨ ਵਿੱਚ ਦੇਰ ਹੋ ਗਈ।ਪਰ ਹੁਣ ਸੈਂਸਰ ਬੋਰਡ ਦੀ ਪ੍ਰਵਾਨਗੀ ਤੋਂ ਬਆਦ ਫਿਲਮ 22 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।
ਇਹ ਫਿਲਮ ਸ਼ਹੀਦ ਭਾਈ ਬੇਅੰਤ ਸਿੰਘ , ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੇ ਜੀਵਨ ‘ਤੇ ਅਧਾਰਤਿ ਹੈ, ਜਿੰਨ੍ਹਾਂ ਨੇ ਜੂਨ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਫੌਜੀ ਹਮਲੇ ਦੀ ਜ਼ਿਮੇਵਾਰ ਤੱਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ ਉਸ ਵੱਲੋਂ ਦਰਬਾਰ ਸਾਹਿਬ ਦੀ ਕੀਤੀ ਬੇਅਦਬੀ ਦਾ ਫਲ਼ ਭੁਗਤਾਇਆ ਸੀ।ਇਹ ਸਿੱਖ ਕੌਮ ਦਾ ਇਤਿਹਾਸ ਹੈ ਕਿ ਜਦ ਕਦੇ ਵੀ ਕਿਸੇ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਹਮਲਾ ਕੀਤਾ, ਤਾਂ ਸਿੱਖਾਂ ਨੇ ਉਸਦਾ ਬਦਲਾ ਜਰੂਰ ਲਿਆ।