ਅੰਮਿ੍ਤਸਰ (28 ਨਵੰਬਰ,2014): ਕਰੀਬ 11 ਵਰ੍ਹੇ ਪਹਿਲਾਂ ਲਾਗੂ ਕੀਤੇ ਨਾਨਕਸ਼ਾਹੀ ਕੈਲੰਡਰ ਨੇ ਮੌਜੂਦਾ ਸਮੇਂ ‘ਚ ਕੱਝ ਧਿਰਾਂ ਵੱਲੋਂ ਵਿਰੋਧ ਕਾਰਨ ਅੰਦਰੂਨੀ ਵਿਵਾਦ ਦਾ ਰੂਪ ਲੈ ਲਿਆ ਹੈ, ਜਿਸ ਦੇ ਅਸਥਾਈ ਹੱਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਦਿਹਾੜਿਆਂ ਦੀਆਂ ਬਦਲੀਆਂ ਤਰੀਕਾਂ ਨੇ ਪੈਦਾ ਕੀਤੀ ਭੰਬਲਭੂਸੇ ਵਾਲੀ ਸਥਿਤੀ ਮਗਰੋਂ ਮਾਮਲੇ ਦੇ ਤਰਕਪੂਰਨ ਨਬੇੜੇ ਦੀ ਥਾਂ ਸਮੂਹ ਧਿਰਾਂ ਆਪੋ ਆਪਣੇ ਪੱਖ ‘ਤੇ ਅੜੀਆਂ ਹਨ |
ਸਿੱਖਾਂ ਵੱਲੋਂ ਪੁਰਾਤਨ ਵੇਲੇ ਤੋਂ ਮਨਾਏ ਜਾਂਦੇ ਪਾਵਨ ਦਿਹਾੜਿਆਂ ਦੀ ਮਿਥ ਪੁਰਾਨੇ ਬਿਕ੍ਰਮੀ (ਦੇਸੀ) ਕੈਲੰਡਰ ਅਨੁਸਾਰ ਹੀ ਗਿਣੀ ਜਾਂਦੀ ਸੀ ਤੇ ਚੰਦਰਮਾ ਦੀ ਚਾਲ ਨਾਲ ਜੁੜੇ ਦੇਸੀ ਕੈਲੰਡਰ ਅਨੁਸਾਰ ਹਰ ਵਾਰ ਧਾਰਮਿਕ ਦਿਹਾੜੇ ਮਨਾਉਣ ਵੇਲੇ ਤਰੀਕਾਂ ਬਦਲ ਜਾਂਦੀਆਂ ਸਨ |
ਮਾਹਿਰਾਂ ਅਨੁਸਾਰ ਇਸਦਾ ਕਾਰਨ ਦੇਸੀ 12 ਮਹੀਨਿਆਂ ਦੀ ਮਿਣਤੀ 354 ਦਿਨਾਂ ‘ਚ ਪੂਰੀ ਹੋ ਜਾਣਾ ਸੀ, ਜਦਕਿ ਸਾਲ ‘ਚ 365 ਦਿਨ 6 ਘੰਟੇ ਹੁੰਦੇ ਹਨ, ਅਜਿਹੇ ‘ਚ ਬਿਕ੍ਰਮੀ ਕੈਲੰਡਰ ਦੇ ਧਾਰਨੀ ਕੁੱਝ ਫਿਰਕੇ ਤਿੰਨ ਸਾਲ ਬਾਅਦ 13ਵੇਂ ਮਹੀਨੇ ਲਈ ‘ਤਾਰਾ ਡੋਬਕੇ’ ਗੈਰ ਵਿਗਿਆਣਕ ਢੰਗ ਨਾਲ ਸਮਾਂ ਪੂਰਾ ਕਰ ਲੈਂਦੇ ਸਨ, ਪਰ ਇਸਦਾ ਸਿੱਖਾਂ ਦੇ ਧਾਰਮਿਕ ਦਿਹਾੜਿਆਂ ‘ਤੇ ਪ੍ਰਭਾਵ ਅਨੋਖੀ ਉਲਝਣ ਖੜੀ ਕਰ ਦਿੰਦਾ ਸੀ |
ਇਸੇ ਸਮੱਸਿਆ ਦੇ ਨਬੇੜੇ ਲਈ ਉਘੇ ਸਿੱਖ ਖਗੋਲ ਮਾਹਿਰ ਸ: ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਸੂਰਜ਼ੀ ਚਾਲ ਨਾਲ ਬਣਾਇਆ, ਜਿਸ ‘ਚ ਦੇਸੀ ਨਾਂਅ ਦੇਕੇ ਪਹਿਲੇ 5 ਮਹੀਨੇ 31 ਅਤੇ ਮਗਰਲੇ 7 ਮਹੀਨੇ 30 ਦਿਨਾਂ ਦੇ ਨਿਰਧਾਰਿਤ ਕਰ ਦਿੱਤੇ, ਜਦਕਿ ਰੋਮਨ ਕੈਲੰਡਰ ਵਾਂਗ ਲੀਫ ਦੇ ਵਰ੍ਹੇ ਆਖਰੀ ਮਹੀਨੇ ਫੱਗਣ ਨੂੰ ਵੀ 31 ਦਿਨ ਦਾ ਨਿਰਧਾਰਿਤ ਕਰ ਦਿੱਤਾ |
ਇਸ ਕੈਲੰਡਰ ਦੀ ਸਥਾਪਨਾ ਪਿਛਲਾ ਤਰਕ ਧਾਰਮਿਕ ਦਿਹਾੜੇ ਮਨਾਉਣ ਮੌਕੇ ਪੈਦਾ ਹੁੰਦੀ ਦੁਬਿਧਾ ਭਰੀ ਸਥਿਤੀ ਨੂੰ ਖਤਮ ਕਰਨਾ ਸੀ ਅਤੇ ਇਸਦਾ ਸਬੰਧ ਧਾਰਮਿਕ ਦੇ ਨਾਲ ਸਮਾਜਿਕ ਅਤੇ ਵਿਗਿਆਣਕ ਪੱਖਾਂ ਦੀ ਪੂਰਤੀ ਵੀ ਸੀ | ਪਰ ਇਸ ਕੈਲੰਡਰ ਦੀ ਸਥਾਪਤੀ ਮੌਕੇ ਹੋਰਨਾਂ ਫਿਰਕਿਆਂ ਨਾਲ ਜੁੜੇ ਕੁੱਝ ਤਿਉਹਾਰਾਂ ਜਿਵੇਂ ਦੀਵਾਲੀ ਤੇ ਹੋਲੀ ਨਾਲ ਮਿਥੇ ਜਾਂਦੇ ਸਿੱਖਾਂ ਦੇ ਬੰਦੀ ਛੋੜ ਦਿਵਸ, ਹੋਲਾ ਮਹੱਲਾ ਆਦਿ ਪੁਰਾਣੇ ਹੀ ਰਹਿਣ ਦਿੱਤੇ ਗਏ ਅਤੇ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਵੀ ਪੁਰਾਣੀ ਪ੍ਰੰਪਰਾ ਅਨੁਸਾਰ ਕੱਤਕ ਮਹੀਨੇ ਦੀ ਪੂਰਨਮਾਸ਼ੀ ਦਾ ਹੀ ਰਹਿਣ ਦਿੱਤਾ ਗਿਆ, ਜੋ ਮੁੜ ਚੰਦਰ ਚਾਲ ਨਾਲ ਹੀ ਜੁੜਿਆ ਰਿਹਾ |
ਸੰਨ 2003 ‘ਚ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਵੇਲੇ ਪੰਥ ਦੀਆਂ ਸਿਰਮੌਰ ਹਸਤੀਆਂ ਨੇ ਇਸਦੀ ਉਸਤਤ ਕੀਤੀ ਅਤੇ ਕਰੀਬ 7 ਸਾਲ ਇਹ ਕੈਲੰਡਰ ਸਿੱਖ ਜਗਤ ਦੇ ਵੱਡੇ ਹਿੱਸੇ ‘ਚ ਮੰਨਿਆਂ ਜਾਂਦਾ ਰਿਹਾ, ਪਰ ਇਸ ਦੌਰਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਨਾਲ ਜੁੜੇ ਸਿੱਖ ਪੁਰਾਤਨ ਦੇਸੀ ਕੈਲੰਡਰ ਅਨੁਸਾਰ ਹੀ ਧਾਰਮਿਕ ਦਿਹਾੜੇ ਮਨਾਉਂਦੇ ਰਹੇ ਅਤੇ ਇਸ ‘ਚ ਦਮਦਮੀ ਟਕਸਾਲ ਵੱਲੋਂ ਵੀ ਪੁਰਾਣੀ ਮਿਥ ਦਾ ਸਾਥ ਦਿੱਤਾ ਗਿਆ |
ਇਸ aulJx ਦੀ ਨਵਿਰਤੀ ਲਈ 2010 ‘ਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਨਿਰਦੇਸ਼ਨਾ ਹੇਠ ਬਣੀ ਕਮੇਟੀ ਵੱਲੋਂ ਖਗੋਲ ਮਾਹਿਰਾਂ ਦੀ ਗੈਰ ਮੌਜ਼ੂਦਗੀ ‘ਚ ਤਰਕ ਸਹਿਤ ਮਨਾਉਣ ਦੀ ਥਾਂ ਦੇਸੀ ਕੈਲੰਡਰ ਦੇ ਮੁਦੱਈਆਂ ਦੀ ਮੰਗ ‘ਤੇ ਪੰਜਵੀਂ ਪਾਤਸ਼ਾਹੀ ਦੇ ਸ਼ਹੀਦੀ ਪੁਰਬ, ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਸਮੇਤ ਕੁੱਝ ਧਾਰਮਿਕ ਦਿਹਾੜੇ ਦੇਸੀ ਕੈਲੰਡਰ ਅਨੁਸਾਰ ਮਿਥ ਦਿੱਤੇ ਗਏ |
ਇਸ ਤਬਦੀਲੀ ਨਾਲ ਇਕਜੁੱਟਤਾ ਦੀ ਥਾਂ ਸਿੱਖ ਦੋ ਦੀ ਥਾਂ ਤਿੰਨ ਧਿਰਾਂ ‘ਚ ਵੰਡੇ ਗਏ ਅਤੇ ਹਰ ਪਾਵਨ ਪੁਰਬ ਨੂੰ ਮਨਾਉਣ ਮੌਕੇ ਵਿਵਾਦ ਉਘੜਣਾ ਸ਼ੁਰੂ ਹੋ ਗਿਆ ਹੈ |
ਨਾਨਕਸ਼ਾਹੀ ਕੈਲੰਡਰ ‘ਤੇ ਚੱਲ ਰਹੇ ਵਿਵਾਦ ਕਾਰਨ ਇਸ ਵਾਰ ਮਈ ਜੂਨ ‘ਚ ਪੰਜਵੀਂ ਪਾਤਸ਼ਾਹੀ ਦਾ ਸ਼ਹੀਦੀ ਦਿਹਾੜਾ ਮਨਾਉਣ ਮੌਕੇ ਸਿੱਖਾਂ ‘ਚ ਵਖਰੇਵੇਂ ਭਰੀ ਸਥਿਤੀ ਨੇ ਪਾਵਨ ਗੁਰਪੁਰਬ ਦਾ ਮਜ਼ਾਕ ਬਣਾ ਦਿੱਤਾ | ਇਸ ਮਗਰੋਂ ਹੁਣ ਦਸਵੀਂ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਏ ਗਏ ਬਦਲਵੇਂ ਫੈਸਲਿਆਂ ਨਾਲ ਵਿਰੋਧਭਾਵੀ ਲਾਵਾ ਮੁੜ ਫੁੱਟ ਪਿਆ ਹੈ |
ਸਿੱਖ ਕੌਮ ਦੀ ਅਗਵਾਈ ਕਰਦੇ ਪੰਜ ਤਖਤ ਸਹਿਬਾਨ ਦੇ ਜਥੇਦਾਰ ਸਾਹਿਬ ਵੀ ਮੁੱਦੇ ਸਬੰਧੀ ਇਕਮਤ ਨਹੀਂ ਹਨ, ਜਿਨ੍ਹਾਂ ‘ਚੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਮੂਲ ਨਾਨਕਸ਼ਾਹੀ ਕੈਲੰਡਰ, ਸ੍ਰੀ ਅਕਾਲ ਤਖਤ ਸਾਹਿਬ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੋਧੇ ਹੋਏ ਜਦਕਿ ਤਖਤ ਸ੍ਰੀ ਪਟਨਾ ਸਾਹਿਬ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਦੇਸੀ ਕੈਲੰਡਰ ਦੀ ਹਮਾਇਤ ਕਰ ਰਹੇ ਹਨ |
ਅਜਿਹੇ ‘ਚ ਪਈ ਦਰਾਰ ਤੋਂ ਰੋਸਜ਼ਦਾ ਸਿੱਖਾਂ ਦੀ ਨਜ਼ਰ ਮਾਮਲੇ ‘ਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੀ ਭੂਮਿਕਾ ਵੱਲ ਲੱਗੀ ਹੋਈ ਹੈ, ਤਾਂ ਜੋ ਸਿੱਖਾਂ ਦੀ ਇਕਮੁੱਠਤਾ ਲਈ ਤਰਕ ਭਰਪੂਰ ਫੈਸਲਾ ਕੀਤਾ ਜਾ ਸਕੇ |
ਜਿਸ ਲਈ ਜਿਥੇ ਪੰਜਾਬੋਂ ਬਾਹਰਲੇ ਤਖਤ ਸਹਿਬਾਨ ਦੇ ਸੰਪਰਕ ਵਾਲੀ ਸੰਗਤ ਨੂੰ ਚੰਦਰਮਾ ਚਾਲ ਨਾਲ ਜੁੜੇ ਕੈਲੰਡਰ ਦੀਆਂ ਖਾਮੀਆਂ ਸਮਝਾ ਕੇ ਕੌਮ ਦੇ ਹਿੱਤ ‘ਚ ਫੈਸਲਾ ਲੈਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ ਉਥੇ ਇਸ ਮੁੱਦੇ ਨੂੰ ਵਿਵਾਦ ਬਨਾਉਣ ਵਾਲੀਆਂ ਧਿਰਾਂ ਨੂੰ ਸੰਜਮ ਵਾਲੀ ਭਾਸ਼ਾ ਵਰਤਦਿਆਂ ਢੁਕਵੇਂ ਹੱਲ ‘ਤੇ ਕੇਂਦਰਤ ਹੋਣਾ ਚਾਹੀਦਾ ਹੈ |
ਇਸ ਮਾਮਲੇ ‘ਚ ਕੈਲੰਡਰ ਲਾਗੂ ਕਰਨ ਮਗਰੋਂ ‘ਵਿਸਾਰ’ ਦਿੱਤੇ ਗਏ ਇਸਦੇ ਰਚੇਤਾ ਸ: ਪਾਲ ਸਿੰਘ ਪੁਰੇਵਾਲ ਨੂੰ ਸ਼ਾਮਿਲ ਕਰਨ ਦੀ ਜ਼ਰੂਰਤ ਹੈ ਤਾਂ ਜੋ ਕੈਲੰਡਰ ਦਾ ਵਿਰੋਧ ਕਰਨ ਵਾਲੇ ਸਿੱਖਾਂ ਨੂੰ ਤਰਕ ਪੂਰਨ ਜੁਆਬ ਦਿੱਤੇ ਜਾ ਸਕਣ |
ਮਾਮਲੇ ਦੀ ਨਜ਼ਰਸਾਨੀ ਕਰਦਿਆਂ ਸਪੱਸ਼ਟ ਹੋਇਆ ਹੈ ਕਿ ਪ੍ਰਮੁੱਖ ਧਾਰਮਿਕ ਸ਼ਖਸੀਅਤਾਂ ਅਤੇ ਸ਼੍ਰੋਮਣੀ ਕਮੇਟੀ ਦੇ ਬਹੁਤਾਤ ਅਹੁਦੇਦਾਰਾਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿਵਾਉਣ ਦੇ ਚਾਹਵਾਨ ਹਨ, ਪਰ ਵਖਰੇਵੇਂ ਵਾਲੀਆਂ ਧਿਰਾਂ ਨਾਲ ਤਾਲਮੇਲ ਦੀ ਘਾਟ ਕਾਰਨ ਇਸਨੂੰ ਲਾਗੂ ਕਰਾਉਣ ਦੇ ਯੋਗ ਯਤਨ ਨਹੀਂ ਹੋ ਰਹੇ |
ਸਿੱਖ ਵਿਸ਼ਿਆਂ ਦੇ ਮਾਹਿਰ ਮੈਂਬਰ ਸ਼੍ਰੋਮਣੀ ਕਮੇਟੀ ਐਡਵੋਕੇਟ ਜਸਵਿੰਦਰ ਸਿੰਘ ਨੇ ਵਾਰ ਵਾਰ ਪੈਦਾ ਹੁੰਦੇ ਵਿਵਾਦਾਂ ਦੇ ਖਾਤਮੇ ਲਈ ਨਾਨਕਸ਼ਾਹੀ ਕੈਲੰਡਰ ‘ਤੇ ਫੈਸਲਾ ਲੈਣ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕੋਲੋਂ ਵਿਸ਼ਾ ਮਾਹਿਰਾਂ ਦਾ ਇਕ ਸਲਾਹਕਾਰ ਬੋਰਡ ਗਠਨ ਕਰਨ ਦੀ ਮੰਗ ਕੀਤੀ ਹੈ |
ਪੰਜਾਬੀ ਅਖਬਾਰ “ਅਜੀਤ” ਵਿੱਚੋਂ ਧੰਨਵਾਦ ਸਾਹਿਤ