Site icon Sikh Siyasat News

ਆਲਮ ਦੀ ਘਰਵਾਲੀ ਨੂੰ ਟਿਕਟ ਦੇ ਕੇ ਬਾਦਲਾਂ ਨੇ ਸਿਖਾਂ ਦੇ ਜ਼ਖਮਾਂ ‘ਤੇ ਲੂਣ ਛਿੜਕਿਆ

ਅੰਮ੍ਰਿਤਸਰ, ਪੰਜਾਬ (07 ਜਨਵਰੀ, 2012): ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਬਦਨਾਮ ਪੁਲਿਸ ਅਫਸਰ ਇਜ਼ਹਾਰ ਆਲਮ ਦੀ ਪਤਨੀ ਨਿਸਾਰਾ ਖਤੂਨ ਉਰਫ ਫਰਜ਼ਾਨਾ ਆਲਮ ਨੂੰ ਟਿਕਟ ਦਿੱਤੇ ਜਾਣ ਉਤੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਦਲ ਖ਼ਾਲਸਾ ਨੇ ਬਾਦਲਕਿਆਂ ਨੂੰ ਪੁਛਿਆ ਕਿ ਕੀ ਅਕਾਲੀ ਦਲ ਕੋਲ ਮਲੇਰਕੋਟਲਾ ਹਲਕੇ ਵਿੱਚ ਕੋਈ ਵੀ ਅਜਿਹਾ ਯੋਗ ਪਰਿਵਾਰ ਨਹੀ ਹੈ ਜਿਸ ਦਾ ਦਾਮਨ “ਦਾਗੀ ਨਾ ਹੋਵੇ“।

ਪਾਰਟੀ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੈ ਕਿ ਪਤਨੀ ਦਾ ਤਾਂ ਕੇਵਲ ਚੇਹਰਾ ਹੀ ਮੋਹਰੇ ਕੀਤਾ ਜਾ ਰਿਹਾ ਹੈ ਅਸਲ ਵਿੱਚ ਹਕੂਮਤ ਆਲਮ ਨੇ ਹੀ ਕਰਨੀ ਹੈ।

ਬਾਦਲਕਿਆਂ ਦੀ ਚਲਾਕੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਸਿੱਖ ਜਥੇਬੰਦੀਆਂ ਦੀ ਵਿਰੋਧਤਾ ਦੇ ਮੱਦੇਨਜ਼ਰ ਅਕਾਲੀ ਦਲ ਵਲੋਂ ਇਜ਼ਹਾਰ ਆਲਮ ਦੀ ਥਾਂ ਟਿਕਟ ਉਸ ਦੀ ਪਤਨੀ ਨੂੰ ਦੇਣਾ ਸਿੱਖਾਂ ਦੀਆਂ ਅੱਖਾਂ ਵਿੱਚ ਧੂੜ ਪਾਉਣ ਦੇ ਤੁੱਲ ਹੈ। ਉਹਨਾਂ ਕਿਹਾ ਕਿ ਆਲਮ ਜੋ ਕਿ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਦੋਸ਼ੀ ਸਮਝੇ ਜਾਂਦੇ ਹਨ, ਦੇ ਪਰਿਵਾਰਕ ਮੈਂਬਰ ਨੂੰ ਅਕਾਲੀ ਦਲ ਦੀ ਟਿਕਟ ਦੇਣਾ ਸਰਾਸਰ ਕੌਮ ਨਾਲ ਖਿਲਵਾੜ ਹੈ।

ਉਹਨਾਂ ਕਿਹਾ ਦਲ ਖ਼ਾਲਸਾ ਸਿਧਾਂਤਕ ਤੌਰ ਉਤੇ ਆਲਮ ਜਾਂ ਉਸ ਦੇ ਪਰਿਵਾਰਕ ਮੈਂਬਰ ਨੂੰ ਅਕਾਲੀ ਦਲ ਦੀ ਟਿਕਟ ਦੇਣ ਦੇ ਵਿਰੁੱਧ ਇਸ ਲਈ ਹੈ ਕਿਉਕਿ ਅਕਾਲੀ ਦਲ ਸਿੱਖ ਵੋਟਰਾਂ ਦੀ ਪ੍ਰਤੀਨਿਧ ਜਮਾਤ ਹੋਣ ਦਾ ਦਾਅਵਾ ਕਰਦਾ ਹੈ ਅਤੇ ਉਸ ਵਲੋਂ ਪੰਥ-ਦੁਸ਼ਮਣ ਵਿਅਕਤੀ ਨੂੰ ਪਾਰਟੀ ਅੰਦਰ ਪਨਾਹ ਦੇਣੀ ਪੰਥ ਨੂੰ ਟਿੱਚ ਕਰਨ ਦੇ ਬਰਾਬਰ ਹੈ।

ਉਹਨਾਂ ਕਾਂਗਰਸ ਵਲੋਂ ਦਸੁਹਾ ਹਲਕੇ ਤੋਂ ਆਲਮ ਵਾਂਗ ਜ਼ਾਲਿਮ ਪੁਲਿਸ ਅਫਸਰ ਐਸ.ਐਸ.ਵਿਰਕ ਨੂੰ ਟਿਕਟ ਨਾ ਦੇਣ ਉਤੇ ਤਸਲੀ ਪ੍ਰਗਟਾਉਦਿਆਂ ਕਿਹਾ ਕਿ ਇਹ ਅਜੀਬ ਦੁਖਾਂਤ ਹੈ ਕਿ ਜਿਸ ਅਕਾਲੀ ਦਲ ਨੇ ਸਰਕਾਰੀ ਅਤਵਾਦ ਦੀ ਮਾਰ ਝੱਲੀ ਹੋਵੇ, ਉਸ ਵਲੋਂ ਜੁਲਮ ਕਰਨ ਵਾਲੇ ਅਫਸਰਾਂ ਨੂੰ ਆਪਣੇ ਅੰਦਰ ਜਗ੍ਹਾ ਦਿੱਤੀ ਜਾਵੇ।

ਉਹਨਾਂ ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਨੂੰ ਅਪੀਲ ਕੀਤੀ ਕਿ ਉਹ ਬਾਦਲਕਿਆਂ ਦੇ ਇਸ ਪੰਥ-ਵਿਰੋਧੀ ਫੈਸਲੇ ਵਿਰੁੱਧ ਬੋਲਣ । ਉਹਨਾਂ ਨਾਲ ਹੀ ਹਰ ਇਨਸਾਫ-ਪਸੰਦ ਵਿਅਕਤੀ ਨੂੰ ਵੀ ਇਸ ਫੈਸਲੇ ਵਿਰੁੱਧ ਡਟਣ ਲਈ ਗੁਹਾਰ ਲਾਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version