ਸਿੱਖ ਖਬਰਾਂ

25 ਮਾਰਚ ਨੂੰ ‘ਸ਼ਹੀਦ ਨਵਰੀਤ ਸਿੰਘ ਨੌਜਵਾਨ-ਕਿਸਾਨ ਇੱਕਜੁਟਤਾ ਮਾਰਚ’ ਵਿੱਚ ਹਜ਼ਾਰਾਂ ਨੌਜਵਾਨ ਸ਼ਾਮਿਲ ਹੋਣਗੇ

By ਸਿੱਖ ਸਿਆਸਤ ਬਿਊਰੋ

March 22, 2021

ਜਲੰਧਰ: ਕਿਸਾਨੀ ਸੰਘਰਸ਼ ਦੌਰਾਨ 26 ਜਨਵਰੀ ਨੂੰ ਆਈ.ਟੀ.ਓ. ਵਿਖੇ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਣ ਵਾਲੇ ਨੌਜਵਾਨ ਸ਼ਹੀਦ ਨਵਰੀਤ ਸਿੰਘ ਦੇ ਦਾਦਾ ਜੀ ਬਾਪੂ ਹਰਦੀਪ ਸਿੰਘ ਡਿਬਡਿਬਾ ਵੱਲੋਂ ਨੌਜਵਾਨਾਂ ਅਤੇ ਕਿਸਾਨੀ ਮੋਰਚੇ ਦੌਰਾਨ ਇੱਕਜੁਟਤਾ ਨੂੰ ਮਜਬੂਤ ਕਰਨ ਹਿੱਤ ਕੀਤੇ ਜਾ ਰਹੇ ਉਪਰਾਲਿਆਂ ਤਹਿਤ 25 ਮਾਰਚ ਵਾਲੇ ਦਿਨ ‘ਸ਼ਹੀਦ ਨਵਰੀਤ ਸਿੰਘ ਨੌਜਵਾਨ-ਕਿਸਾਨ ਏਕਤਾ ਇੱਕਜੁਟਤਾ ਮਾਰਚ’ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ 24 ਮਾਰਚ ਨੂੰ ਸ਼ਹੀਦ ਨਵਰੀਤ ਸਿੰਘ ਨਮਿੱਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਹੋ ਜਾਵੇਗੀ, ਜਿਸ ਮੌਕੇ ਇੱਕਜੁਟਤਾ ਮਾਰਚ ਦੀ ਸੰਕੇਤਕ ਆਰੰਭਤਾ ਹੋ ਜਾਵੇਗੀ।

25 ਮਾਰਚ ਵਾਲੇ ਦਿਨ ਇਹ ਇੱਕਜੁਟਤਾ ਮਾਰਚ ਸਵੇਰੇ 9:30 ਵਜੇ ਮੋਗੇ ਤੋਂ ਬੀਬੀ ਕਾਹਨ ਕੌਰ ਵਾਲੇ ਗੁਰਦੁਆਰਾ ਸਾਹਿਬ ਤੋਂ ਅਰਦਾਸ ਉਪਰੰਤ ਰਵਾਨਾ ਹੋਵੇਗਾ।

ਇਸ ਮਾਰਚ ਵਿੱਚ ਸ਼ਮੂਲੀਅਤ ਕਰਨ ਵਾਲੇ ਨੌਜਵਾਨ ਦਾ ਵੱਡੇ ਕਾਫਿਲਾ ਮੋਗੇ ਨੇੜੇ ਅਜੀਤਵਾਲ ਮੰਡੀ ਵਿਖੇ ਇਕੱਤਰ ਹੋਵੇਗਾ ਅਤੇ ਇਸੇ ਥਾਂ ਤੋਂ ਕਾਫਿਲੇ ਦਾ ਹਿੱਸਾ ਬਣੇਗਾ।

ਇਹ ਇੱਕਜੁਟਤਾ ਮਾਰਚ 12 ਵਜੇ ਲੁਧਿਆਣਾ ਵੇਰਕਾ ਪਲਾਂਟ ਵਿਖੇ ਪਹੁੰਚੇਗਾ ਜਿੱਥੇ ਸੰਗਤਾਂ ਇਸ ਮਾਰਚ ਦਾ ਸਵਾਗਤ ਕਰਨਗੀਆਂ ਅਤੇ ਇੱਥੋਂ ਨੌਜਵਾਨਾਂ ਦਾ ਇੱਕ ਹੋਰ ਕਾਫਿਲਾ ਮਾਰਚ ਵਿੱਚ ਸ਼ਾਮਿਲ ਹੋਵੇਗਾ।

ਇਸ ਤੋਂ ਬਾਅਦ ਇਹ ਮਾਰਚ ਖੰਨਾ, ਸਰਹੰਦ ਤੇ ਰਾਜਪੁਰਾ ਹੁੰਦਾ ਹੋਇਆ 3:00 ਵਜੇ ਸ਼ੰਭੂ ਪਹੁੰਚੇਗਾ ਜਿੱਥੇ ਨੌਜਵਾਨਾਂ ਦੇ ਹੋਰ ਕਾਫਿਲੇ ਇਸ ਮਾਰਚ ਵਿੱਚ ਸ਼ਾਮਿਲ ਹੋਣਗੇ।

ਸ਼ੰਭੂ ਤੋਂ ਚੱਲ ਕੇ ਇਹ ਮਾਰਚ ਅੰਬਾਲਾ, ਕੁਰਕਸ਼ੇਤਰ, ਕਰਨਾਲ, ਪਾਣੀਪਤ ਅਤੇ ਸੋਨੀਪਤ ਰਾਹੀਂ ਹੁੰਦੇ ਹੋਏ ਕੁੰਡਲੀ-ਸਿੰਘੂ ਬਾਰਡਰ ਦੇ ਕਿਸਾਨ ਮੋਰਚੇ ਵਿਖੇ ਪਹੁੰਚੇਗਾ, ਜਿੱਥੇ ਮੋਰਚੇ ਵਿੱਚ ਸਮੂਲੀਅਤ ਕਰ ਰਹੇ ਕਿਸਾਨ ਅਤੇ ਆਗੂ ਮਾਰਚ ਦਾ ਸਵਾਗਤ ਕਰਨਗੇ, ਤੇ ਅਰਦਾਸ ਉਪਰੰਤ ਮਾਰਚ ਦੀ ਸਮਾਪਤੀ ਹੋਵੇਗੀ।

ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਪੂ ਹਰਦੀਪ ਸਿੰਘ ਡਿਬਡਿਬਾ ਨੇ ਕਿਹਾ ਕਿ ਉਹਨਾਂ ਦੇ ਪੋਤਰੇ ਨਵਰੀਤ ਸਿੰਘ ਦੀ ਸ਼ਹਾਦਤ ਨੇ ਕਿਸਾਨੀ ਮੋਰਚੇ ਪ੍ਰਤੀ ਉਹਨਾਂ ਦੀ ਜਿੰਮੇਵਾਰੀ ਵਧਾ ਦਿੱਤੀ ਹੈ। ਉਹਨਾਂ ਕਿਹਾ ਕਿ ਉਹ ਨੌਜਵਾਨਾਂ ਨੂੰ ਮਜਬੂਤੀ ਨਾਲ ਕਿਸਾਨੀ ਮੋਰਚੇ ਅਤੇ ਇਸ ਦੇ ਆਗੂਆਂ ਨਾਲ ਖੜ੍ਹੇ ਵੇਖਣਾ ਚਾਹੁੰਦੇ ਹਨ ਤਾਂ ਕਿ ਆਪਸੀ ਇੱਕਜੁਟਤਾ ਨਾਲ ਖੇਤੀ ਕਾਨੂੰਨ ਰੱਦ ਕਰਨ ਅਤੇ ਖੇਤੀ ਤੇ ਕਿਰਤ ਦਾ ਭਵਿੱਖ ਸੁਰੱਖਿਅਤ ਕਰਨ ਲਈ ਲਾਇਆ ਗਿਆ ਇਹ ਮੋਰਚਾ ਕਾਮਯਾਬ ਹੋ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: