ਚੰਡੀਗੜ੍ਹ: ਕਾਂਗਰਸੀ ਵਿਧਾਇਕਾਂ ਵਲੋਂ ਪੰਜਾਬ ਵਿਧਾਨ ਸਭਾ ਵਿਚ ਰਾਤ ਗੁਜ਼ਾਰਨ ਸਮੇਂ ਸਕਾਚ ਵਿਸਕੀ ਦਾ ਸੇਵਨ, ਮੀਟ ਖਾਣ ਅਤੇ ਅੰਤਾਕਸ਼ਰੀ ਖੇਡਣ ਦੀ ਘਟਨਾ ਨੂੰ ਬਹੁਤ ਹੀ ਸ਼ਰਮਨਾਕ ਅਤੇ ਗੈਰ-ਜ਼ਿੰਮੇਵਰਾਨਾ ਗਰਦਾਨਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਸਪੀਕਰ ਕੋਲੋਂ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ।
ਵਲਟੋਹਾ ਨੇ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਾਂਗਰਸ ਦੇ ਵਿਧਾਇਕਾਂ ਨੇ ਵਿਧਾਨ ਸਭਾ ਦੀਆਂ ਰਵਾਇਤਾਂ ਦਾ ਘਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਸਦਨ ‘ਚ ਦਾਰੂ ਪੀਣ ਦੇ ਦੌਰ ਕਿਉਂ ਚਲਾਏ, ਸਦਨ ਵਿਚੋਂ ਅੱਜ ਖਾਲੀ ਬੋਤਲਾਂ ਦਾ ਮਿਲਣਾ ਕਾਂਗਰਸੀ ਵਿਧਾਇਕਾਂ ਦੀ ਹਰਕਤ ਦਾ ਪ੍ਰਤੱਖ ਸਬੂਤ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕਾਂਗਰਸ ਦੇ ਕੁਝ ਵਿਧਾਇਕਾਂ ਵੱਲੋਂ ਆਪਸ ਵਿਚ ਅਸ਼ਲੀਲ ਵੀਡਿਓ ਕਲਿੱਪ ਸ਼ੇਅਰ ਕੀਤੇ ਜਾਣ ਦੀ ਖਬਰ ਵੀ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।
ਵਲਟੋਹਾ ਨੇ ਕਿਹਾ ਕਿ ਵਿਧਾਨ ਸਭਾ ਦਾ ਸਦਨ ਚੁਣੇ ਹੋਏ ਨੁਮਾਇੰਦਿਆਂ ਲਈ ਪਵਿੱਤਰ ਅਸਥਾਨ ਹੈ, ਜਿਸ ਦੇ ਅੰਦਰ ਪਾਣੀ ਤੱਕ ਵੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਲਿਜਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਸ ਸਦਨ ਦੇ ਅੰਦਰ ਸ਼ਰਾਬ, ਮੀਟ, ਚੁਟਕਲਿਆਂ ਅਤੇ ਗੀਤਾਂ ਦੇ ਦੌਰ ਚਲਾ ਕੇ ਲੋਕਤੰਤਰ ਦੇ ਇਸ ਅਸਥਾਨ ਦੀ ਮਰਿਆਦਾ ਦਾ ਘਾਣ ਕੀਤਾ ਹੈ।
ਕਾਂਗਰਸੀ ਵਿਧਾਇਕਾਂ ਵੱਲੋਂ ਸੂਬੇ ਦੇ ਗੰਭੀਰ ਮਸਲਿਆਂ ਨੂੰ ਉਠਾਉਣ ਦੀ ਮੰਗ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਦੀ ਦੁਹਾਈ ਪਾਈ ਜਾਣ ’ਤੇ ਵਿਅੰਗ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਰਾਬਾਂ ਪੀਣ ਅਤੇ ਗਾਣੇ ਗਾਉਣ ਦਾ ਦੌਰ ਚਲਾ ਕੇ ਉਹ ਕਿਹੋ ਜਿਹੀ ਗੰਭੀਰਤਾ ਸਿੱਧ ਕਰਨੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਿ ਅੱਜ ਤਰਲੋਚਨ ਸੂੰਢ ਵੱਲੋਂ ਜੁੱਤੀ ਸੁੱਟ ਕੇ ਪ੍ਰਤੱਖ ਸਬੂਤ ਦੇ ਦਿੱਤਾ ਗਿਆ ਕਿ ਕਾਂਗਰਸੀ ਰਵਾਇਤਾਂ ਪ੍ਰਤੀ ਕਿੰਨੇ ਕੁ ਗੰਭੀਰ ਹਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਇਨ੍ਹਾਂ ਸਾਰੀਆਂ ਘਟਨਾਵਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਬੁਖਲਾਈ ਹੋਈ ਹੈ ਕਿ ਉਹ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰ ਸਕੀ।
ਕਾਂਗਰਸੀ ਵਿਧਾਇਕਾਂ ਵੱਲੋਂ ਸਦਨ ਦੀ ਪਵਿੱਤਰਤਾ ਭੰਗ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਕੋਲੋਂ ਮੰਗ ਕੀਤੀ ਕਿ ਉਹ ਇਸ ਦੀ ਜਾਂਚ ਕਰਵਾਉਣ।