ਅੰਮਿ੍ਤਸਰ (9 ਅਪ੍ਰੈਲ, 2015): ਫਿਲਮ ‘ਨਾਨਕ ਸ਼ਾਹ ਫਕੀਰ’ 17 ਅਪ੍ਰੈਲ ਨੂੰ ਜਾਰੀ ਹੋ ਰਹੀ ਹੈ, ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਖਿ਼ਲਾਫ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਾਰਵਾਈ ਕਰਨ ਲਈ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਨੌਜਵਾਨ ਨੁਮਾਇੰਦਿਆਂ ਨੇ ਨੀਲੇ ਚੋਲੇ ਪਾ ਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਪੱਤਰ ਦਿੱਤਾ ਅਤੇ ਹੱਥਾਂ ਵਿਚ ਤਖਤੀਆਂ ਫੜ੍ਹਕੇ ਫਿਲਮ ਨਿਰਮਾਤਾ ਵਿਰੁੱਧ ਕਰੀਬ ਇਕ ਘੰਟਾ ਰੋਸ ਪ੍ਰਗਟ ਕੀਤਾ ।
ਇਸ ਮੌਕੇ ‘ਤੇ ਨੌਜਵਾਨਾਂ ਨੇ ਕਿਹਾ ਕਿ 17 ਅਪ੍ਰੈਲ ਨੂੰ ਰੀਲੀਜ ਹੋਣ ਜਾ ਰਹੀ ਇਹ ਫਿਲਮ ਸਿੱਖ ਸਿਧਾਂਤਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਘੋਰ ਉਲੰਘਣਾ ਹੈ। ਜਿਸ ਅਨੁਸਾਰ ਕੋਈ ਵੀ ਵਿਅਕਤੀ ਗੁਰੂ ਸਾਹਿਬਾਨ ਅਤੇ ਗੁਰੂ-ਪਰਿਵਾਰ ਨੂੰ ਕਿਸੇ ਵੀ ਮਾਧਿਅਮ ਜਾਂ ਢੰਗ ਰਾਹੀਂ ਫਿਲਮਾ ਨਹੀ ਸਕਦਾ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਹ ਸਿੱਖ ਧਰਮ ਦੇ ਅਸੂਲਾਂ ਅਤੇ ਸਿਧਾਂਤਾਂ ਨਾਲ ਖਿਲਵਾੜ ਕਰ ਰਿਹਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਫਿਲ਼ਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ ਗੁਰੂ ਨਾਨਕ ਸਾਹਿਬ ਅਤੇ ਬੇਬੇ ਨਾਨਕੀ ਜੀ ਦਾ ਰੋਲ ਕਿਸੇ ਮਨੁੱਖੀ ਦੇਹ ਤੋਂ ਕਰਵਾਕੇ ਧਾਰਮਿਕ ਗੁਨਾਹ ਕੀਤਾ ਹੈ ਜੋ ਕਿ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਦਿੱਲੀ ਵਿਖੇ ਬੀਤੇ ਦਿਨ ਫਿਲ਼ਮ ਦੇ ਸੰਗੀਤ ਦੇ ਉਦਘਾਟਨ ਮੌਕੇ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਨਿਰਮਲ ਸਿੰਘ ਦੀ ਮੌਜੂਦਗੀ ਅਤਿ ਮੰਦਭਾਗੀ ਹੈ।
ਉਨ੍ਹਾਂ ਅਪੀਲ ਕੀਤੀ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫਿਲਮ ਰੁਕਵਾਉਣ ਲਈ ਨਿਰਮਾਤਾ ਵਿਰੁੱਧ ਹੁਕਮ ਜ਼ਾਰੀ ਕੀਤਾ ਜਾਵੇ ਙ ਇਸ ਮੌਕੇ ਹਰਜਿੰਦਰ ਸਿੰਘ, ਅਰਵਿੰਦਰ ਸਿੰਘ, ਸਰਵਕਾਲ ਸਿੰਘ, ਅਰਨ ਸਿੰਘ, ਬਹੁਲਿਵਲੀਨ ਸਿੰਘ, ਗੁਰਵੀਰ ਸਿੰਘ, ਗੁਰਸ਼ੇਰ ਸਿੰਘ, ਚੰਨਪ੍ਰੀਤ ਤਿਸੰਘ, ਜਰਮਨਜੀਤ ਸਿੰਘ, ਜਸਪ੍ਰੀਤ ਸਿੰਘ ਜੱਸਾ ਆਦਿ ਹਾਜ਼ਰ ਸਨ।
ਪਟਿਆਲਾ, ਪੰਜਾਬ: ਪੰਜਾਬੀ ਯੂਨੀਵਰਸਿਟੀ ਦੇ ਸੈਂਕੜੇ ਵਿਦਿਆਰਥੀਆਂ ਨੇ ਅੱਜ “ਨਾਨਕ ਸ਼ਾਹ ਫਕੀਰ” ਨਾਮੀ ਵਿਵਾਦਤ ਫਿਲਮ ਦੇ ਵਿਰੋਧ ਵਿਚ ਭਾਰੀ ਰੋਸ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਫਿਲਮ ਉੱਤੇ ਫੌਰੀ ਤੌਰ ਉੱਤੇ ਮੁਕੰਮਲ ਰੋਕ ਲਗਾਏ ਜਾਣ ਦੀ ਮੰਗ ਕੀਤੀ।
ਵਿਦਿਆਰਥੀਆਂ ਵਲੋਂ ਯੂਨੀਵਰਸਿਟੀ ਦੇ ਮੁੱਖ ਗੇਟ ਦੇ ਸਾਹਮਣੇ ਪਟਿਆਲਾ-ਰਾਜਪੁਰਾ ਮੁੱਖ ਸੜਕ ਉੱਤੇ ਕੁਝ ਸਮੇਂ ਲਈ ਆਵਾਜਾਈ ਵੀ ਠੱਪ ਕੀਤੀ ਗਈ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਇਕ ਮੰਗ ਪੱਤਰ ਪਟਿਆਲਾ ਦੇ ਡੀ. ਸੀ. ਨੂੰ ਸੌਂਪਿਆਂ ਗਿਆ ਜਿਸ ਵਿਚ ਇਹ ਮੰਗ ਕੀਤੀ ਗਈ ਹੈ ਕਿ ਵਿਵਾਦਤ ਫਿਲਮ ਨੂੰ ਜਾਰੀ ਹੋਣ ਤੋਂ ਰੋਕਿਆ ਜਾਵੇ।
ਫ਼ਿਲਮ ‘ਨਾਨਕ ਸ਼ਾਹ ਫਕੀਰ’ ‘ਤੇ ਤੁਰੰਤ ਪਾਬੰਦੀ ਲਗਾਈ ਜਾਵੇ-ਸਮੂਹ ਨਿਹੰਗ ਸਿੰਘ ਜਥੇਬੰਦੀਆਂ:
ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਹੈੱਡਕੁਆਟਰ ਗੁਰਦੁਆਰਾ ਹਰੀਆਂ ਵੇਲਾਂ ਵਿਖੇ ਜਥੇਦਾਰ ਸੰਤ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਹਾਜ਼ਰੀ ‘ਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਜਿਸ ‘ਚ ਬੁੱਢਾ ਦਲ 96ਵੇਂ ਕਰੋੜੀ ਦੇ ਜਥੇਦਾਰ ਬਾਬਾ ਬਲਬੀਰ ਸਿੰਘ, ਜਥੇਦਾਰ ਅਵਤਾਰ ਸਿੰਘ ਦਲ ਬਾਬਾ ਬਿਧੀਚੰਦ, ਜਥੇਦਾਰ ਮੱਖਣ ਸਿੰਘ ਬਾਬਾ ਬਕਾਲਾ, ਮੀਤ ਜਥੇਦਾਰ ਬਾਬਾ ਗੱਜਣ ਸਿੰਘ, ਜਥੇਦਾਰ ਬਾਬਾ ਮਾਨ ਸਿੰਘ ਮੜੀ੍ਹਆਂ ਵਾਲਾ ਦਲ, ਜਥੇਦਾਰ ਬਾਬਾ ਅਜੀਤ ਸੰਘ ਤਰਨਾ ਦਲ ਮਹਿਤਾ ਚੌਕ, ਜਥੇਦਾਰ ਤਰਲੋਕ ਸਿੰਘ ਤਰਨਾ ਦਲ ਖਿਆਲਾ, ਜਥੇਦਾਰ ਸ਼ਿੰਦਾ ਸਿੰਘ ਤਰਨਾ ਦਲ ਭਿੱਖੀਵਿੰਡ, ਜਥੇਦਾਰ ਲਾਲ ਸਿੰਘ ਮਾਲਵਾ ਤਰਨਾ ਦਲ, ਜਥੇਦਾਰ ਬਲਦੇਵ ਸਿੰਘ ਤਰਨਾ ਦਲ ਵੱਲਾ ਵੇਰਕਾ ਅਤੇ ਜਥੇਦਾਰ ਮੇਜਰ ਸਿੰਘ ਦਸਮੇਸ਼ ਤਰਨਾ ਦਲ ਲੁਧਿਆਣਾ ਦੀ ਭਰਵੀਂ ਇਕੱਤਰਤਾ ਹੋਈ, ਜਿਸ ‘ਚ ਸਰਬਸੰਮਤੀ ਨਾਲ ਪੁਰਜੋਰ ਸ਼ਬਦਾਂ ‘ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਨੂੰ ਫ਼ਿਲਮ ‘ਨਾਨਕ ਸ਼ਾਹ ਫਕੀਰ’ ਦੇ ਚਲਣ ‘ਤੇ ਤੁਰੰਤ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ ।