ਦਲ ਖ਼ਾਲਸਾ ਦੇ ਆਗੂ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ (ਫਾਈਲ ਫੋਟੋ)

ਸਿਆਸੀ ਖਬਰਾਂ

ਸਿੱਖ ਇਤਿਹਾਸ ’ਤੇ ਸਾਜ਼ਿਸ਼ਮਈ ਢੰਗ ਨਾਲ ਚਿੱਕੜ ਸੁੱਟਣ ਦਾ ਸਿੱਖ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ

By ਸਿੱਖ ਸਿਆਸਤ ਬਿਊਰੋ

July 30, 2017

ਬਠਿੰਡਾ (ਬਲਜਿੰਦਰ ਸਿੰਘ ਬਾਗੀ ਕੋਟਭਾਰਾ): ਸਿੱਖ ਇਤਿਹਾਸ ਅਤੇ ਖ਼ਾਲਸਾ ਰਾਜ ਬਾਰੇ ਮਨਘੜ੍ਹਤ ਤੱਥਾਂ ਨਾਲ ਸਿੱਖਾਂ ਦੇ ਕਿਰਦਾਰਕੁਸ਼ੀ ਕਰਨ ਵਾਲੇ ਬਲਦੇਵ ਸਿੰਘ ਨਾਮੀ ਲੇਖਕ ਵਿਰੁੱਧ ਪੰਜਾਬ ਵਿੱਚ ਗੁੱਸੇ ਦੀ ਲਹਿਰ ਦਿਨੋ ਦਿਨ ਤੇਜ਼ ਹੁੰਦੀ ਜਾ ਰਹੀ ਹੈ। ਸਿੱਖ ਇਤਿਹਾਸ ’ਤੇ ਇੱਕ ਸਾਜ਼ਿਸ਼ਮਈ ਢੰਗ ਨਾਲ ਚਿੱਕੜ ਸੁੱਟਣ ਦਾ ਬਠਿੰਡਾ ਵਿੱਚ ਸਿੱਖ ਜਥੇਬੰਦੀਆਂ ਨੇ ਕਰੜਾ ਨੋਟਿਸ ਲਿਆ ਹੈ। ਦਲ ਖ਼ਾਲਸਾ ਤੇ ਹੋਰ ਜਥੇਬੰਦੀਆਂ ਨੇ ਅੱਜ (30 ਜੁਲਾਈ) ਤਿੱਖੇ ਸ਼ਬਦਾਂ ਵਿੱਚ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਸਿੱਖ ਰਾਜ ’ਤੇ ਚਿੱਕੜ ਉਛਾਲੀ ਕਰਨ ਵਾਲੀ ‘ਸੂਰਜ ਦੀ ਅੱਖ਼’ ਰੂਪੀ ਨਾਵਲ ਜੇ ਵਾਪਸ ਨਾ ਲਿਆ ਅਤੇ ਲੇਖਕ ਨੇ ਮਾਫ਼ੀ ਨਾ ਮੰਗੀ ਤਾਂ ਇੱਕ ਸੰਘਰਸ਼ ਵਿੱਢਿਆ ਜਾਵੇਗਾ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰ ਸਰਕਾਰ ਅਤੇ ਇਹ ਲੇਖਕ ਅਤੇ ਇਸ ਦੇ ਹਮਾਇਤੀ ਹੋਣਗੇ।

ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਦਲ ਖ਼ਾਲਸਾ ਦੇ ਗੁਰਵਿੰਦਰ ਸਿੰਘ ਬਠਿੰਡਾ, ਮਾਲਵਾ ਯੂਥ ਫੈਡਰੇਸਨ ਦੇ ਲੱਖਾ ਸਧਾਣਾ, ਚੜ੍ਹਦੀਕਲਾ ਵੈਲਫੇਅਰ ਸੁਸਾਇਟੀ ਦੇ ਜੀਵਨ ਸਿੰਘ ਗਿੱਲ ਕਲਾ ਨੇ ਸਿੱਖ ਸੰਗਤਾਂ ਸਮੇਤ ਬਠਿੰਡਾ ਵਿਖੇ ਐਸ.ਐਸ.ਪੀ. ਨੂੰ ਦਿੱਤੇ ਮੰਗ ਪੱਤਰ ਵਿੱਚ ਦੱਸਿਆ ਕਿ ਖ਼ਾਲਸਾ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਜੋ ਇੱਕ ਨੇਕ, ਧਰਮ ਨਿਰਪੱਖ ਬਾਦਸ਼ਾਹ ਸੀ, ਨਾ ਕੇਵਲ ਉਸ ਸਬੰਧੀ ਸਗੋਂ ਉਸ ਦੇ ਪਰਿਵਾਰ ਸਬੰਧੀ ਵੀ ਇਤਰਾਜ਼ਯੋਗ ਗੱਲਾਂ ਲਿਖੀਆਂ ਗਈਆਂ ਹਨ। ਰੋਸ ਪ੍ਰਗਟ ਕਰ ਰਹੇ ਆਗੂਆਂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਨ ਵਾਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਹੋਰ ਸਿੱਖ ਜਰਨੈਲਾਂ, ਸਿੱਖ ਪਾਤਰਾਂ ਦੀ ਕਿਰਦਾਰਕੁਸ਼ੀ, ਸਿੱਖਾਂ ਨੂੰ ਧਾੜਵੀ, ਲੁਟੇਰੇ, ਚਰਿੱਤਰਹੀਣ ਕਰਾਰ ਦੇ ਕੇ ਮਹਾਨ ਇਤਿਹਾਸ ਨੂੰ ਗਲਤ ਪਾਸੇ ਮੋੜਾ ਦੇਣਾ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਹੀ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਿੱਖ ਮਿਸਲਾਂ ਦੇ ਸਰਦਾਰਾਂ ਤੱਕ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ, ਇੱਥੋਂ ਤੱਕ ਕਿ ਸੰਸਾਰ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਨੂੰ ਭ੍ਰਿਸ਼ਟਾਚਾਰੀ ਦਿਖਾ ਕੇ ਲੇਖਕ ਨੇ ਸਿੱਖਾਂ ਪ੍ਰਤੀ ਆਪਣੀ ਜ਼ਹਿਰ ਨੂੰ ਪ੍ਰਗਟਾਇਆ ਹੈ।

ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਅਤੇ ਉਹਨਾਂ ਦੇ ਨਾਲ ਸਾਥੀਆਂ ਨੇ ਦੱਸਿਆ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਨੂੰ ਇੱਕ ਟੋਟਕੇ ਰਾਹੀਂ ਮਹਾਰਾਜਾ ਰਣਜੀਤ ਸਿੰਘ ਕੋਲੋਂ ਸ਼ਰਮਿੰਦਾ ਹੁੰਦਾ ਦਿਖਾਇਆ ਗਿਆ ਹੈ, ਜਦ ਕਿ ਮਹਾਰਾਜਾ ਰਣਜੀਤ ਸਿੰਘ ਆਪ ਵੀ ਜਥੇਦਾਰ ਅਕਾਲੀ ਫੂਲਾ ਸਿੰਘ ਦਾ ਹਰ ਹੁਕਮ ਸਿਰ ਮੱਥੇ ਮੰਨਦੇ ਸਨ। ਸਿੱਖ ਆਗੂਆਂ ਨੇ ਦੱਸਿਆ ਕਿ ਬਲਦੇਵ ਸੜਕਨਾਮਾ ਦੇ ਸਿੱਖ ਇਤਿਹਾਸ ਨੂੰ ਭੰਡਣ ਦੇ ਇਸ ਕੌਝੇ ਕਾਰਜ ਵਿੱਚੋਂ ਸਿੱਖ ਬੀਬੀਆਂ ਦੇ ਕਿਰਦਾਰ ਨੂੰ ਦਾਗ ਲਾਉਣ ਦੀ ਹਰਕਤ ‘ਚ ਸਾਜ਼ਿਸ਼ ਦੀ ਬਦਬੂ ਆ ਰਹੀ ਹੈ। ਸਿੱਖ ਆਗੂਆਂ ਦਾ ਕਹਿਣਾ ਸੀ ਕਿ ਸਿੱਖਾਂ, ਸਿੱਖ ਨੌਜਵਾਨਾਂ ਤੇ ਆਉਣ ਵਾਲੀ ਭਵਿੱਖ ਦੀ ਪੀੜ੍ਹੀ ਦੇ ਜਿਹਨ ਵਿੱਚੋਂ ਮਹਾਨ, ਕੁਰਬਾਨੀ ਵਾਲਾ ਸਿੱਖ ਇਤਿਹਾਸ ’ਤੇ ਇੱਕ ਸੋਚੀ ਸਮਝੀ ਕੋਝੀ ਹਰਕਤ ਨਾਲ ਪੋਚੀ ਫੇਰ ਕੇ ਇਸ ਨੂੰ ਉਲਟ ਗੇੜਾ ਦੇਣ ਦੀ ਹਰਕਤ ਨਾ-ਕਾਬਲੇ ਬਰਦਾਸ਼ਤ ਹੈ।

ਉਹਨਾਂ ਦੱਸਿਆ ਕਿ ਇਸ ਅਖੌਤੀ ਲੇਖਕ ਨੇ 18ਵੀਂ ਸਦੀ ਦੇ ਜੁਝਾਰੂ ਸਿੰਘਾਂ ਨੂੰ ਵੀ ਲੁਟੇਰੇ ਅਤੇ ਧਾੜਵੀ ਕਰਾਰ ਦੇਣ ਦੀ ਕੋਝੀ ਹਰਕਤ ਕੀਤੀ ਹੈ। ਉਹਨਾਂ ਸਵਾਲ ਕੀਤਾ ਕਿ ਇਹ ਵੀ ਦੱਸਿਆ ਕਿ ਕੁਝ ਸਮਾਂ ਪਹਿਲਾਂ ਟਰੱਕ ਓਪਰੇਟਰ ਵਜੋਂ ਕੰਮ ਕਰ ਰਿਹਾ ਇਹ ਵਿਅਕਤੀ ਇਤਿਹਾਸਕਾਰ ਕਿਵੇਂ ਬਣ ਗਿਆ? ਸਿੱਖ ਜਥੇਬੰਦੀਆਂ ਨੇ ਰਸੂਲ ਹਮਜ਼ਾਤੋਵ ਦੇ ਕਥਨਾਂ ਦੀ ਉਦਾਹਰਣ ਦਿੰਦਿਆਂ ਸਿੱਖਾਂ ’ਤੇ ਚਿੱਕੜਉਛਾਲੀ ਕਰਨ, ਕਰਵਾਉਣ ਤੇ ਇਹਨਾਂ ਦੇ ਅਖ਼ੌਤੀ ਸੰਸਥਾਵਾਂ ਦੇ ਅਖੌਤੀ ਲੇਖਕਾਂ ਨੂੰ ਚਿੰਤਾਵਨੀ ਦਿੰਦਿਆਂ ਕਿਹਾ ਕਿ ਉਹ ‘ਮੇਰਾ ਦਾਗਿਸਤਾਨ’ ਦੇ ਰਚਨਕਾਰ ਰਸੂਲ ਹਮਜ਼ਾਤੋਵ ਦੀ ਇਹ ਕਹੀ ਇੱਕ ਗੱਲ ਕਿ ਜੇ ਬੀਤੇ ਉ¤ਤੇ ਤੁਸੀਂ ਪਿਸਤੌਲ ਨਾਲ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੰਡੇਗਾ, ਯਾਦ ਰੱਖਣੀ ਚਾਹੀਦੀ ਹੈ ਕਿ ਸਿੱਖ ਸਮਾਜ ਨੂੰ ਕਲੰਕਤ ਕਰਨ ਵਾਲੇ ਲੋਕਾਂ ਨੂੰ ਇਤਿਹਾਸ ਮਾਫ਼ ਨਹੀਂ ਕਰੇਗਾ।

ਸਿੱਖ ਜਥੇਬੰਦੀ ਦੇ ਨੁਮਾਇੰਦਿਆਂ ਨੇ ਨਾਵਲ ਦੇ ਰਚਨਕਾਰ ਬਲਦੇਵ, ਪ੍ਰਕਾਸ਼ਨ ਨੂੰ ਤੁਰੰਤ ਮਾਫ਼ੀ ਮੰਗਣ ਲਈ ਵੀ ਕਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਇਹ ਨਾਵਲ ਜਬਤ ਨਾ ਕਰਕੇ, ਇਸ ਦੇ ਰਚਨਾਕਾਰ ’ਤੇ ਪਰਚਾ ਦਰਜ਼ ਨਹੀਂ ਕੀਤਾ ਜਾਂਦਾ ਤਾਂ ਇਸ ਵਿਰੁੱਧ ਸੂਬਾ ਭਰ ਵਿੱਚ ਸੰਘਰਸ਼ ਵਿੱਢਿਆ ਜਾਵੇਗਾ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰ ਸਰਕਾਰ, ਬਲਦੇਵ ਸਿੰਘ ਤੇ ਇਸ ਦੇ ਹਮਾਇਤੀ ਹੋਣਗੇ। ਇਸ ਮੌਕੇ ਰਣਜੀਤ ਸਿੰਘ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪਰਮਜੀਤ ਸਿੰਘ ਜੱਗੀ, ਮਹੰਤ ਜਗਤਾਰ ਸਿੰਘ, ਜਗਜੀਤ ਸਿੰਘ, ਦਲਜੀਤ ਸਿੰਘ ਸਧਾਣਾ, ਸੁਰਿੰਦਰ ਸਿੰਘ ਨਥਾਣਾ ਦਲ ਖਾਲਸਾ ਤੇ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।

ਨਾਵਲਕਾਰ ਤੇ ਪ੍ਰਕਾਸ਼ਨ ਨੂੰ ਕੀਤੇ ਕਾਨੂੰਨੀ ਨੋਟਿਸ ਜਾਰੀ

ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਵੱਲੋਂ ਸਿੱਖ ਇਤਿਹਾਸ ਤੇ ਸਿੱਖਾਂ ਦੀ ਕਿਰਦਾਰਕੁਸ਼ੀ ਕਰਨ ਵਾਲੇ ਲੇਖਕ ਬਲਦੇਵ ਸਿੰਘ ਤੇ ਇਸ ਦੇ ਚੰਡੀਗੜ੍ਹ ਸਥਿਤ ਇੱਕ ਪ੍ਰਕਾਸ਼ਨ ਨੂੰ ਉੱਘੇ ਵਕੀਲ ਹਰਪਾਲ ਸਿੰਘ ਖਾਰਾ ਰਾਹੀਂ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: