ਪਟਿਆਲਾ: ਆਮ ਆਦਮੀ ਪਾਰਟੀ (‘ਆਪ’) ਵੱਲੋਂ 2017 ਵਿਧਾਨਸਭਾ ਚੋਣਾਂ ਲਈ ਚੋਣ ਮਨੋਰਥ ਪੱਤਰ ਦੀ ਤਿਆਰੀ ਸੰਬੰਧੀ ਸ਼ਨੀਵਾਰ ਨੂੰ ਨੌਜਵਾਨ ਵਰਗ ‘ਤੇ ਆਧਾਰਤ ‘ਬੋਲਦਾ ਪੰਜਾਬ’ ਵਿਚ ਸਿੱਖਿਆ ਦੀ ਮਾੜੀ ਹਾਲਤ ਅਤੇ ਬੇਰੋਜ਼ਗਾਰੀ ਜਿਹੇ ਮੁੱਦੇ ਅਹਿਮ ਰਹੇ। ਨੌਜਵਾਨ ਵਰਗ ਨੇ ਸਿੱਖਿਆ ਦੇ ਨਿਜੀਕਰਨ ਕਰਕੇ ਆ ਰਹੀਆਂ ਪਰੇਸ਼ਾਨੀਆਂ ਦੱਸੀਆਂ ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਨੂੰ ਅਪਡੇਟ ਕਰਨ ਦੀ ਜੋਰਦਾਰ ਮੰਗ ਚੁੱਕੀ।
‘ਬੋਲਦਾ ਪੰਜਾਬ’ ਦੇ ਪ੍ਰੋਗਰਾਮ ਵਿਚ ਪਾਰਟੀ ਦੀ ਮੈਨੀਫੈਸਟੋ ਕਮੇਟੀ ਦੇ ਮੁੱਖੀ ਕੰਵਰ ਸੰਧੂ ਦੇ ਨਾਲ ਪੰਜਾਬ ਦੇ ‘ਆਪ’ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਯੁਵਾ ਵਿੰਗ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ , ਸੀਨੀਅਰ ਲੀਡਰ ਗੁਰਪ੍ਰੀਤ ਸਿੰਘ ਘੁੱਗੀ ਅਤੇ ਚੰਦਰਸੁਤਾ ਡੋਗਰਾ ਜੀ ਮੌਜੂਦ ਰਹੇ।
ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਵੰਰ ਸੰਧੂ ਨੇ ਕਿਹਾ ਕਿ ਬਾਕੀ ਪਾਰਟੀ ਤੋਂ ਵੱਖ ‘ਆਪ’ ਲੋਕਾਂ ਦੀ ਰਾਏ ਮੁਤਾਬਕ ਮੈਨੀਫੈਸਟੋ ਤਿਆਰ ਕਰਨ ਵਿਚ ਵਿਸ਼ਵਾਸ ਰਖਦੀ ਹੈ, ਅਤੇ ਇਹ ਮੈਨੀਫੈਸਟੋ ਪਾਰਟੀ ਵੱਲੋਂ ਲੋਕਾਂ ਨਾਲ ਕੀਤਾ ਗਿਆ ਪਵਿਤਰ ਇਕਰਾਰਨਾਮਾ ਹੋਵੇਗਾ। ਇਸ ਮੈਨੀਫੈਸਟੋ ਵਿਚ ਦਰਜ ਮੁੱਦਿਆਂ ਨੂੰ ਇਕ ਸਮਾਂ ਬੱਧ ਢੰਗ ਨਾਲ ਪੂਰਾ ਕਰਨ ਦਾ ਟੀਚਾ ਮਿਥਿਆ ਗਿਆ ਹੈ। ਸੰਧੂ ਨੇ ਕਿਹਾ, “ਮੌਜੂਦਾ ਸਮੇਂ ਵਿਚ ਸਿਆਸਤੀ ਹਾਲਾਤਾਂ ਨੂੰ ਬਦਲਨਾ ਸਮੇਂ ਦੀ ਮੰਗ ਹੈ ਅਤੇ ਇਸਦੀ ਸ਼ੁਰੂਆਤ ਦਿੱਲੀ ਤੋਂ ਹੋ ਚੁੱਕੀ ਹੈ ਜੋ ਕਿ ਆਉਣ ਵਾਲੇ ਸਮੇਂ ਵਿਚ ਪੂਰੇ ਭਾਰਤ ਵਿਚ ਫੈਲ ਜਾਵੇਗੀ।”
ਇਸ ਮੌਕੇ ‘ਤੇ ਬੀਬੀ ਚੰਦਰਸੁਤਾ ਡੋਗਰਾ ਨੇ ਦਿੱਲੀ ਸਰਕਾਰ ਦੇ ਸਹਿਤ, ਸਿੱਖਿਆ ਅਤੇ ਹੋਰ ਖੇਤਰਾਂ ਵਿਚ ਕੀਤੇ ਗਏ ਕੰਮਾਂ ਦਾ ਬਿਉਰਾ ਲੋਕਾਂ ਸਾਹਮਣੇ ਰੱਖਿਆ। ਉਹਨਾਂ ਦਸਿਆ ਕਿ ਕਿਸ ਤਰਾਂ ਦਿੱਲੀ ਵਿਚਲੀ ਇਮਾਨਦਾਰ ਸਰਕਾਰ ਨੇ ਲੋਕਾਂ ਨੂੰ ਮੁਫਤ ਪਾਣੀ ਅਤੇ ਘੱਟ ਰੇਟਾਂ ਤੇ ਬਿਜਲੀ ਮੁਹਈਆ ਕਰਵਾ ਕੇ ਵੀ ਮੁਨਾਫਾ ਕਮਾਇਆ ਹੈ।
ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਸਰਕਾਰਾਂ ਦੀਆਂ ਅਣਗਹਿਲੀਆਂ ਕਰਕੇ ਦਿਸ਼ਾਹੀਨ ਹੈ ਅਤੇ ਇਸ ਕਰਕੇ ਉਹ ਨਿਰਾਸ਼ਾ ਦੇ ਦੌਰ ਵਿਚ ਜੀਵਨ ਬਸਰ ਕਰ ਰਿਹਾ ਹੈ ਜੋ ਕਿ ਪੰਜਾਬ ਵਿਚ ਨਸ਼ੇ ਦਾ ਇਕ ਵੱਡਾ ਕਾਰਨ ਹੈ। ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾ ਕੇ ਉਹਨਾਂ ਦਾ ਸਹੀ ਮਾਰਗਦਰਸ਼ਕ ਕਰਕੇ ਉਹਨਾਂ ਦੀ ਊਰਜਾ ਨੂੰ ਸਹੀ ਢੰਗ ਨਾਲ ਵਰਤੋਂ ਵਿਚ ਲਿਆਂਦਾ ਜਾਵੇਗਾ। ‘ਆਪ’ ਪੰਜਾਬ ਵਿਚ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਮੁੱਹਈਆ ਕਰਾਉਣ ਲਈ ਵਚਨਬੰਧ ਹੈ।
ਨੌਜਵਾਨਾਂ ਨੂੰ ਸੰਬੋਧਨ ਕਰਦਿਆ ਸੰਧੂ ਨੇ ਕਿਹਾ ਕਿ ਮੌਜੂਦ ਸਮੇਂ ਵਿਚ ਪੰਜਾਬ ਦੇ ਹਾਲਾਤ ਇੰਨੇ ਬਦਤਰ ਨੇ ਕਿ ਪੰਜਾਬ ਦੇ ਸਕੂਲਾਂ, ਹਸਪਤਾਲਾਂ, ਆਈਟੀਆਈ ਅਤੇ ਸਰਕਾਰੀ ਪਾਲੀਟੈਕਨੀ ਕਾਲਜਾਂ ਵਿਚ ਅਣਗਿਣਤ ਪੋਸਟਾਂ ਖਾਲੀ ਪਈਆ ਨੇ ਜਿਸ ਦੇ ਕਾਰਨ ਸਿੱਖਿਆ ਦਾ ਪੱਧਰ ਦਿਨ ਪਰ ਦਿਨ ਡਿੱਗਦਾ ਜਾ ਰਿਹਾ ਹੈ।
ਡਾਇਲਗ ਵਿਚ ਹਿੱਸਾ ਲੈਣ ਪਹੁੰਚੀ ਰੁਪਿੰਦਰ ਕੌਰ ਨੇ ਦਸਿਆ ਕਿ ਕਿਸ ਤਰਾਂ ਸਰਕਾਰੀ ਸਕੂਲਾਂ ਵਿਚ ਐਸਸੀ ਅਤੇ ਐਸਟੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਵਜੀਫੇ ਦੇ 600 ਕਰੋੜ ਰੁਪਏ ਸਰਕਾਰ ਨੇ ਖੁਰਦ ਬੁਰਦ ਕਰ ਦਿਤੇ ਨੇ ਜਿਸ ਕਾਰਨ ਗਰੀਬ ਅਤੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਉੱਚੇਰੀ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਗਏ। ਸੰਧੂ ਨੇ ਵਿਸ਼ਵਾਸ ਦਵਾਇਆ ਕਿ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਅਜਿਹੇ ਘਪਲਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾ ਦਿਤੀ ਜਾਵੇਗੀ।
ਇਕ ਹੋਰ ਵਿਦਿਆਰਥੀ ਮਨਜੀਤ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਨੂੰ ਅਪਗਰੇਡ ਕਰਕੇ ਮੌਜੂਦਾ ਹਾਲਾਤਾਂ ਦੇ ਮੁਤਾਬਕ ਸੀਬੀਐਸਸੀ ਜਾਂ ਆਈਸੀਐਸਸੀ ਦੇ ਪੱਧਰ ਉੱਤੇ ਲਿਆਉਣ ਦੀ ਲੋੜ ਤੇ ਜੋਰ ਦਿੱਤਾ। ਉਹਨਾਂ ਕਿਹਾ ਕਿ ਪੁਰਾਣੇ ਪਾਠਕਰਮ ਦੇ ਕਾਰਨ ਪੇਂਡੂ ਖੇਤਰਾਂ ਦੇ ਵਿਦਿਆਰਥੀ ਉੱਚੇਰੀ ਸਿੱਖਿਆ ਦੇ ਸਮੇਂ ਬਾਕੀ ਵਿਦਿਆਰਥੀਆ ਤੋਂ ਪੱਛੜ ਜਾਂਦੇ ਹਨ। ਇਸ ਤੇ ਸੰਧੂ ਨੇ ਕਿਹਾ ਕਿ ਭਾਰਤ ਅਤੇ ਵਿਦੇਸ਼ਾਂ ਦੇ ਵਿਦਵਾਨਾਂ ਦੀ ਦੇਖ ਰੇਖ ਇਕ ਕਮੇਟੀ ਦਾ ਗਠਨ ਕਰਕੇ ਉਹਨਾਂ ਤੋਂ ਮੌਜੂਦਾ ਸਮੇਂ ਵਿਚ ਸਿੱਖਿਆ ਬੋਰਡ ਦੇ ਸਿਲੇਬਸ ਵਿਚ ਕੀਤੀਆ ਜਾਣ ਵਾਲੀਆ ਤਬਦੀਲੀਆ ਬਾਰੇ ਰਿਪੋਰਟ ਲਈ ਜਾਵੇਗੀ। ਉਹਨਾਂ ਕਿਹਾ ਕਿ ਦਿੱਲੀ ਵਾਂਗ ਪੰਜਾਬ ਵਿਚ ਵੀ ਸਰਕਾਰੀ ਸਕੂਲਾਂ ਦਾ ਪੱਧਰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਹੀ ਨਹੀਂ ਬਲਕਿ ਉਹਨਾਂ ਤੋਂ ਉੱਚ ਦਰਜੇ ਦਾ ਬਣਾਇਆ ਜਾਵੇਗਾ।
ਸੰਧੂ ਨੇ ਕਿਹਾ ਕਿ ਇਸ ਸਮੇਂ ਰਾਜ ਸਰਕਾਰ ਸਰਕਾਰੀ ਵਿਦਿਅਕ ਅਦਾਰਿਆਂ ਨੂੰ ਅਣਗੋਲਿਆ ਕਰਕੇ ਸਿੱਖਿਆ ਮਾਫੀਆ ਦੀ ਮਦਦ ਨਾਲ ਪ੍ਰਾਈਵੇਟ ਕਾਲਜ ਖੋਲਣ ਨੂੰ ਤਰਜ਼ੀਹ ਦੇ ਰਹੀ ਹੈ ਅਤੇ ਪ੍ਰਾਈਵੇਟ ਕਾਲਜਾਂ ਵੱਲੋਂ ਵਿਦਿਆਰਥੀਆਂ ਨਾਲ ਕੀਤੀ ਜਾ ਰਹੀ ਮਨਮਾਨੀ ਅਤੇ ਧੱਕੇਸ਼ਾਹੀ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ। ਸੰਧੂ ਨੇ ਕਿਹਾ ਕਿ ਆਪ ਦੀ ਸਰਕਾਰ ਆਉਣ ਤੋਂ ਬਾਅਦ ਪ੍ਰਾਈਵੇਟ ਵਿਦਿਅਕ ਅਦਾਰਿਆਂ ਦੀ ਨਕੇਲ ਕਸ ਕੇ ਉਹਨਾਂ ਦੀ ਮਨਮਾਨੀ ਤੇ ਲਗਾਮ ਲਗਾਈ ਜਾਵੇਗੀ।
ਸੰਧੂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਨੌਜਵਾਨਾਂ ਲਈ ਇਕ ਵਿਆਪਕ ਪ੍ਰੋਗਰਾਮ ਬਣਾਇਆ ਜਾਵੇਗਾ ਜਿਸ ਰਾਹੀਂ ਖਾਸ ਤੌਰ ‘ਤੇ ਨੌਜਵਾਨਾਂ ਦੀਆਂ ਮੁਸ਼ਕਲਾਂ ਨੂੰ ਜ਼ਮੀਨੀ ਪੱਧਰ ’ਤੇ ਦੇਖ ਕੇ ਉਹਨਾਂ ਦਾ ਹੱਲ ਲੱਭਿਆ ਜਾਵੇਗਾ।