ਸਿੱਖ ਖਬਰਾਂ

ਪੰਜ ਪਿਆਰਿਆਂ ਦਾ ਮਾਮਲਾ: ਅੰਤਰਿੰਗ ਕਮੇਟੀ ਮੈਂਬਰ, ਪੰਥ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਫੈਸਲਾ ਕਰਨ -ਦਲ ਖਾਲਸਾ

By ਸਿੱਖ ਸਿਆਸਤ ਬਿਊਰੋ

December 31, 2015

ਅੰਮ੍ਰਿਤਸਰ (31 ਦਸੰਬਰ, 2015): ਦਲ ਖਾਲਸਾ ਨੇ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਉਹ ਪੰਜ ਪਿਆਰਿਆਂ ਵਲੋਂ ਮੌਜੂਦਾ ਜਥੇਦਾਰਾਂ ਨੂੰ ਹਟਾਉਣ ਦੇ ਆਦੇਸ਼ ਉਤੇ ਵਿਚਾਰ ਕਰਨ ਲਈ ਭਲਕੇ ੧ ਜਨਵਰੀ ਨੂੰ ਸੱਦੀ ਮੀਟਿੰਗ ਵਿੱਚ ਪੰਥ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਫੈਸਲਾ ਕਰਨ ਨਾਂ ਕਿ ਆਪਣੇ ਰਾਜਨੀਤਿਕ ਆਕਾਵਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ।

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਜ ਪਿਆਰਿਆਂ ਵਲੋਂ ਸ਼੍ਰੋਮਣੀ ਕਮੇਟੀ ਨੂੰ ਤਖਤਾਂ ਦੇ ਜਥੇਦਾਰ ਬਰਖਾਸਤ ਕਰਨ ਲਈ ਦਿਤਾ ਅਲਟੀਮੇਟਮ ਸਾਰੇ ਪੰਥ ਦੀ ਆਵਾਜ਼ ਹੈ ਅਤੇ ਉਹ ਪੰਜ ਪਿਆਰਿਆਂ ਦੇ ਇਸ ਫੈਸਲੇ ਦੇ ਨਾਲ ਖੜੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ ਅਵਤਾਰ ਸਿੰਘ, ਪੰਜ ਪਿਆਰਿਆਂ ਨੂੰ ਕਮੇਟੀ ਦੇ ਮੁਲਾਜ਼ਮ ਸਮਝ ਕੇ ਉਹਨਾਂ ਦੇ ਫੈਸਲੇ ਦੀ ਅਹਿਮੀਅਤ ਨੂੰ ਛੁਟਾਉਣ ਦੀ ਗਲਤੀ ਨਾ ਕਰਨ। ਉਹਨਾਂ ਟਿਪਾਣੀ ਕਰਦਿਆਂ ਪੁਛਿਆ ਕਿ ਉਂਝ ਤਾਂ ਤਖਤਾਂ ਦੇ ਜਥੇਦਾਰ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੀ ਹਨ, ਫਿਰ ਉਹਨਾਂ ਨੂੰ ਗਲਾਂ-ਬਾਤਾਂ ਨਾਲ ਸਿਰ ਉਤੇ ਕਿਉਂ ਬੈਠਾ ਕੇ ਰੱਖਿਆ ਜਾਂਦਾ ਹੈ।

ਉਹਨਾਂ ਕਿਹਾ ਕਿ ਪੰਜ ਪਿਆਰਿਆਂ ਦਾ ਸਤਿਕਾਰ ਹਰ ਸਿੱਖ ਏਸ ਕਰਕੇ ਕਰ ਰਿਹਾ ਹੈ ਕਿਉਕਿ ਉਹ ਪੰਥਕ ਭਾਵਨਾਵਾਂ ਅਤੇ ਰਵਾਇਤਾਂ ਅਨੁਸਾਰ ਫੈਸਲੇ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਦੇ ਉਲਟ ਤਖਤਾਂ ਦੇ ਜਥੇਦਾਰਾਂ ਦਾ ਤ੍ਰਿਸਕਾਰ ਏਸ ਕਰਕੇ ਹੋ ਰਿਹਾ ਹੈ ਕਿਉਕਿ ਉਹ ਪੰਥਕ ਭਾਵਨਾਵਾਂ ਦੇ ਉਲਟ ਜਾ ਕੇ ਫੈਸਲੇ ਕਰ ਰਹੇ ਹਨ।

ਉਹਨਾਂ ਜਥੇ ਅਵਤਾਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਪੰਜ ਪਿਆਰਿਆਂ ਉਤੇ ਕੁਹਾੜਾ ਚਲਾਉਣ ਦੀ ਮੁੜ ਬਜਰ ਗਲਤੀ ਨਾ ਕਰਨ ਸਗੋਂ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਵਿਵਾਦਿਤ ਜਥੇਦਾਰਾਂ ਨੂੰ ਛੇਤੀ ਤੋਂ ਛੇਤੀ ਅਹੁਦਿਆਂ ਤੋਂ ਫਾਰਗ ਕਰਨ।

ਉਹਨਾਂ ਕਿਹਾ ਕਿ ਪੰਜ ਪਿਆਰਿਆਂ ਵਲੋਂ ੨ ਜਨਵਰੀ ਨੂੰ ਦਾਗੀ ਅਤੇ ਵਿਵਾਦਤ ਉਹ ਚੁੱਕੇ ਇਹਨਾਂ ਜਥੇਦਾਰਾਂ ਨੂੰ ਅਹੁਦਿਆਂ ਤੋਂ ਹਟਾਉਣ ਲਈ ਜੋ ਪ੍ਰੋਗਰਾਮ ਉਲੀਕਿਆ ਜਾਵੇਗਾ, ਉਹ ਦਾ ਉਸ ਸਮਰਥਨ ਕਰਨਗੇ।

ਉਹਨਾਂ ਸਰਕਾਰੀ ਤੰਤਰ ਉਤੇ ਸ਼ੋਰਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਦੇ ਕੰਮ-ਕਾਜ ਵਿੱਚ ਸਿੱਧੀ ਦਖਲਅੰਦਾਜੀ ਦਾ ਇਲਜਾਮ ਲਾਉਦਿਆਂ ਕਿਹਾ ਕਿ ਬਾਦਲ ਪਰਿਵਾਰ ਦੇ ਧਾਰਮਿਕ ਸੰਸਥਾਵਾਂ ਨੂੰ ਰੋਲਣ ਕਾਰਨ ਲੋਕ ਡਾਢੇ ਦੁਖੀ ਹਨ ਅਤੇ ਉਹਨਾਂ ਦਾ ਗੁੱਸਾ ਆਉਂਦੇ ਦਿਨਾਂ ਵਿੱਚ ਸ਼ਾਇਦ ਸ਼੍ਰੋਮਣੀ ਕਮੇਟੀ ਅਤੇ ਵਿਧਾਨ ਸਭਾ ਚੋਣਾਂ ਮੌਕੇ, ਦੋਨਾਂ ਪਿਉ-ਪੁਤ ਦੇ ਰਾਜਨੀਤਿਕ ਸਫਰ ਉਤੇ ਵਿਰਾਮ ਲਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: