ਸਿੱਖ ਖਬਰਾਂ

ਕਿਤਾਬਾਂ ਵਾਲੇ ਕੇਸ ਵਿਚ ਇਕ ਉਮਰਕੈਦੀ ਨੌਜਵਾਨ ਸੁਰਜੀਤ ਸਿੰਘ ਦੀ ਜਮਾਨਤ ਉੱਤੇ ਰਿਹਾਈ ਹੋਈ

By ਸਿੱਖ ਸਿਆਸਤ ਬਿਊਰੋ

July 28, 2022

ਫਰੀਦਕੋਟ: ਨਵਾਂਸ਼ਹਿਰ ਦੀ ਇੱਕ ਆਦਲਤ ਵੱਲੋਂ ਸਾਲ 2019 ਵਿਚ ਇਕ ਫੈਸਲਾ ਸੁਣਾਉਂਦਿਆਂ ਤਿੰਨ ਸਿੱਖ ਨੌਜਵਾਨਾਂ ਨੂੰ ਭਾਈ ਰਣਧੀਰ ਸਿੰਘ ਜੀ ਲਿਖੀ ਕਿਤਾਬ ਸਮੇਤ ਪੁਸਤਕਾਂ ਮਿਲਣ ਦੇ ਦੋਸ਼ ਵਿਚ ਉਮਰ ਕੈਦ ਦੀ ਸਜਾ ਸੁਣਾ ਦਿੱਤੀ ਸੀ। ਇਹਨਾਂ ਵਿਚੋਂ ਇਕ ਨੌਜਵਾਨ ਭਾਈ ਸੁਰਜੀਤ ਸਿੰਘ ਲੱਕੀ ਦੀ ਲੰਘੇ ਦਿਨ (27 ਜੁਲਾਈ ਨੂੰ) ਜਮਾਨਤ ਉੱਤੇ ਰਿਹਾਈ ਹੋਈ ਹੈ। 

ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਬੰਦੀ ਸਿੰਘਾਂ ਦੇ ਕੇਸਾਂ ਦੀ ਪੈਰਵੀ ਕਰਨ ਵਾਲੇ ‘ਪੰਜ-ਆਬ ਲਾਇਰਜ਼’ ਦੇ ਮੁਖੀ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ “ਇੱਕ ਮਾਂ ਨਾਲ ਕੀਤਾ ਵਾਅਦਾ ਅੱਜ ਪੂਰਾ ਕੀਤਾ। ਭਾਈ ਸੁਰਜੀਤ ਸਿੰਘ ਲੱਕੀ ਦੀ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਜਮਾਨਤ ਹੋਣ ਤੋਂ ਬਾਅਦ ਅੱਜ ਚੀਫ਼ ਜੁਡੀਸ਼ਲ ਮੈਜਿਸਟਰੇਟ ਨਵਾਂਸ਼ਹਿਰ ਦੀ ਅਦਾਲਤ ਵਿੱਚ 1-1 ਲੱਖ ਦੀਆਂ ਦੋ ਜਮਾਨਤਾਂ ਭਰਨ ਤੋਂ ਬਾਅਦ ਅੱਜ ਓਹਨਾਂ ਦੀ ਰਿਹਾਈ ਕੇਂਦਰੀ ਜੇਲ੍ਹ ਫਰੀਦਕੋਟ ਤੋਂ ਦੇਰ ਸ਼ਾਮ ਕਰੀਬ 7:30 ਵਜੇ ਹੋਈ ਜਿੱਥੇ ਭਾਈ ਲਾਲ ਸਿੰਘ ਅਕਾਲਗੜ੍ਹ ਤੋਂ ਇਲਾਵਾ ਸ਼ਿਵਜੀਤ ਸਿੰਘ ‘ਫਰੀਦਕੋਟ’, ਦਲੇਰ ਸਿੰਘ ਡੋਡ, ਰਘਬੀਰ ਸਿੰਘ ਡੋਡ ਤੇ ਇਲਾਕੇ ਦੇ ਹੋਰ ਬਹੁਤ ਸਾਰੇ ਸਿੰਘ ਇਕੱਤਰ ਹੋਏ ਤੇ ਭਾਈ ਸੁਰਜੀਤ ਸਿੰਘ ਨੂੰ ਸਿਰੋਪਾਓ ਦੀ ਬਖ਼ਸ਼ਿਸ਼ ਕੀਤੀ। ਉਪਰੰਤ ਭਾਈ ਸੁਰਜੀਤ ਸਿੰਘ ਨੂੰ ਹੁਸ਼ਿਆਰਪੁਰ ਓਹਨਾਂ ਦੇ ਭੈਣ ਜੀ ਤੇ ਜੀਜਾ ਜੀ ਦੇ ਘਰ ਰਾਤ ਕਰੀਬ 10:30 ਵਜੇ ਓਹਨਾਂ ਦੀ ਮਾਤਾ ਨਾਲ ਓਹਨਾਂ ਦੇ ਪਿਤਾ ਸਰਦਾਰ ਟੇਕ ਸਿੰਘ ਜੀ ਦੇ ਸਨਮੁੱਖ ਇਕ ਸਾਲ ਪਹਿਲਾ ਕੀਤਾ ਵਾਅਦਾ ਪੂਰਾ ਕਰਕੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕੀਤਾ”।

ਜਿਕਰਯੋਗ ਹੈ ਕਿ ਭਾਈ ਸੁਰਜੀਤ ਸਿੰਘ ਅੱਜ ਕਰੀਬ 6 ਸਾਲ 2 ਮਹੀਨੇ ਦੀ ਕੈਦ ਤੋਂ ਬਾਅਦ ਰਿਹਾਅ ਹੋਏ ਹਨ।

ਵਕੀਲ ਮੰਝਪੁਰ ਨੇ ਅੱਗੇ ਕਿਹਾ ਕਿ “ਭਾਈ ਸੁਰਜੀਤ ਸਿੰਘ ਇੱਕ ਸਿਦਕਵਾਨ ਗੁਰਸਿੱਖ ਹੈ ਜਿਸਨੇ ਗੁਰੂ ਕੇ ਭਾਣੇ ਵਿੱਚ ਜੇਲ੍ਹ ਬੰਦੀ ਕੱਟੀ ਹੈ ਅਤੇ ਨਾਲ ਹੀ ਜੇਲ੍ਹ ਬੰਦੀ ਦੌਰਾਨ ਗ੍ਰੈਜੂਏਸ਼ਨ ਦੀ ਪੜ੍ਹਾਈ ਵੀ ਪੂਰੀ ਕੀਤੀ ਹੈ”।

ਭਾਈ ਸੁਰਜੀਤ ਸਿੰਘ 28 ਜੁਲਾਈ ਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ – ਇਸ਼ਨਾਨ ਕਰਨ ਉਪਰੰਤ ਆਪਣੇ ਪਿੰਡ ਬਹਾਦਰ ਹੁਸੈਨ, ਬਟਾਲਾ ਵਿਖੇ ਪੁੱਜਣਗੇ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਇਸ ਕੇਸ ਦੀ ਪੈਰਵੀ ਦਾ ਖਰਚ ਓਟਣ ਵਾਲੀ ਸੰਸਥਾ ਸਿੱਖ ਲੀਗਲ ਅਸਿਸਟੈਂਟ ਬੋਰਡ ਦਾ ਧੰਨਵਾਦ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: