Site icon Sikh Siyasat News

ਪੰਜਾਬ ਸਰਕਾਰ ਸਾਹਿਤਕਾਰਾਂ ਅਤੇ ਡਾਕਰੀ ਅਧਿਆਪਕਾਂ ਨੂੰ ਖੁਸ਼ ਕਰਨ ਦੇ ਯਤਨ ਕਰਨ ਲੱਗੀ

ਚੰਡੀਗੜ੍ਹ: ਚੋਣਾਂ ਨੇੜੇ ਆਉਂਦੀਆਂ ਵੇਖ ਪੰਜਾਬ ਸਰਕਾਰ ਹੁਣ ਵੱਖੋ ਵੱਖ ਵਰਗਾਂ ਨੂੰ ਖੁਸ਼ ਕਰਨ ਦੇ ਯਤਨ ਕਰ ਰਹੀ ਹੈ ਜਿਸ ਤਹਿਤ ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸਟੇਟ ਮੈਡੀਕਲ ਐਂਡ ਡੈਂਟਲ ਟੀਚਰਜ਼ ਐਸੋਸੀਏਸ਼ਨ ਪੰਜਾਬ ਦੀ ਐਕਸ਼ਨ ਕਮੇਟੀ ਦੀ ਪ੍ਰਧਾਨ ਡਾ. ਹਰਸ਼ਿੰਦਰ ਕੌਰ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੇ ਲੇਖਕਾਂ, ਕਲਾਕਾਰਾਂ ਅਤੇ ਸੱਭਿਆਚਾਰ ਨੂੰ ਸਮੱਰਪਿਤ ਹਸਤੀਆਂ ਨੂੰ ਹਰ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧਤਾ ਦੋਹਰਾਈ।

ਮੁਲਾਕਾਤ ਦੌਰਾਨ ਡਾ. ਹਰਸ਼ਿੰਦਰ ਕੌਰ ਨਾਲ ਸੁਖਬੀਰ ਬਾਦਲ

ਡਾ. ਹਰਸ਼ਿੰਦਰ ਕੌਰ ਵੱਲੋਂ ਉਠਾਈਆਂ ਗਈਆਂ ਮੰਗਾਂ ਜਿੰਨ੍ਹਾਂ ’ਚ ਪ੍ਰਮੁੱਖ ਸਾਹਿਤਕਾਰਾਂ ਨੂੰ ਬੀਮਾ ਸਹੂਲਤ ਦੇਣ ਅਤੇ ਸਰਕਾਰੀ ਤੇ ਨਿੱਜੀ ਸਕੂਲਾਂ ਵਿੱਚ ਪੰਜਾਬੀ ਰਸਾਲਿਆਂ ਤੇ ਅਖ਼ਬਾਰਾਂ ਨੂੰ ਮੁਹੱਈਆ ਕਰਵਾਉਣਾ ਲਾਜ਼ਮੀ ਬਨਾਉਣਾ ਆਦਿ ਸ਼ਾਮਿਲ ਹੈ ਨੂੰ ਗੰਭੀਰਤਾ ਨਾਲ ਸੁਨਣ ਉਪਰੰਤ ਉਪ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਇੰਨ੍ਹਾ ਸਾਰੀਆਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ।

ਸ. ਬਾਦਲ ਨੇ ਅੱਗੇ ਕਿਹਾ ਕਿ ਰਾਜ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬੀ ਸਾਹਿਤ ਰਤਨ ਅਤੇ ਸ਼੍ਰੋਮਣੀ ਅਵਾਰਡ 17 ਵੱਖ-ਵੱਖ ਸ਼੍ਰੇਣੀਆਂ ’ਚ ਨਕਦ ਇਨਾਮ ਸਮੇਤ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਰਤਨ ਅਵਾਰਡੀ ਨੂੰ 10 ਲੱਖ ਰੁਪਏ ਅਤੇ ਸ਼੍ਰੋਮਣੀ ਅਵਾਰਡੀ ਨੂੰ 5 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਜਾਂਦਾ ਹੈ।

ਸ. ਬਾਦਲ ਨੇ ਵਾਅਦਾ ਕੀਤਾ ਕਿ ਉਹ ਜਲਦ ਹੀ ਸਟੇਟ ਮੈਡੀਕਲ ਐਂਡ ਡੈਂਟਲ ਟੀਚਰਜ਼ ਐਸੋਸੀਏਸ਼ਨ ਪੰਜਾਬ ਦੇ ਨੁਮਾਂਇੰਦਿਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਅਤੇ ਮੁੱਦਿਆਂ ’ਤੇ ਵਿਚਾਰ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version