ਜਲੰਧਰ: ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ‘ਆਪ’ ਦਾ ਪੰਜਾਬ ਦੇ ਪਾਣੀਆਂ ਬਾਰੇ ਸਟੈਂਡ ਬਿਲਕੁਲ ਸਪੱਸ਼ਟ ਹੈ ਕਿ ਸੂਬੇ ਦੇ ਦਰਿਆਈ ਪਾਣੀਆਂ ’ਤੇ ਹੋਰ ਕਿਸੇ ਦਾ ਹੱਕ ਨਹੀਂ ਕਿਉਂਕਿ ਪੰਜਾਬ ਕੋਲ ਫਾਲਤੂ ਪਾਣੀ ਹੈ ਹੀ ਨਹੀਂ।
ਸਤਲੁਜ਼ ਜ਼ਮੁਨਾ ਲਿੰਕ ਨਹਿਰ ਦੇ ਪਾਣੀਆਂ ’ਤੇ ਹਰਿਆਣਾ ਦੀ ਹਮਾਇਤ ਕਰਨ ਦੇ ਮਾਮਲੇ ਕਾਰਨ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਨਿਸ਼ਾਨੇ ’ਤੇ ਆਈ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੈ ਕਿ ਉਹ ਨਵੇਂ ਸਿਰੇ ਤੋਂ ਹਲਫ਼ਨਾਮਾ ਦਾਇਰ ਕਰੇਗੀ।
ਛੋਟੇਪੁਰ ਨੇ ਦੱਸਿਆ ਕਿ ਪਹਿਲਾਂ ਹਲਫਨਾਮਾ ਦਾਇਰ ਕਰਨ ਵਾਲੇ ਐਡਵੋਕੇਟ ਨੂੰ ਬਦਲ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਆਉ ਢਾਹੇ ਜਾਣ ਦੀ ਘਟਨਾ ਦੀ ਤੁਲਨਾ ਸਾਕਾ ਨੀਲਾ ਤਾਰਾ ਨਾਲ ਕੀਤੇ ਜਾਣ ਦੇ ਮਾਮਲੇ ’ਤੇ ਟਿੱਪਣੀ ਕਰਦਿਆਂ ਛੋਟੇਪੁਰ ਨੇ ਕਿਹਾ ਕਿ ਪਿਆਉ ਢਾਹੁਣ ਦੇ ਮਾਮਲੇ ਵਿੱਚ ‘ਆਪ’ ਸਰਕਾਰ ਦਾ ਕੋਈ ਹੱਥ ਨਹੀਂ ਹੈ। ਇਹ ਪਿਆਉ ਤਾਂ ਨਗਰ ਨਿਗਮ ਦਿੱਲੀ ਨੇ ਢਾਹਿਆ ਹੈ, ਜਿਸ ’ਤੇ ਭਾਜਪਾ ਦਾ ਕਬਜ਼ਾ ਹੈ।
ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਸਾਰਾ ਜ਼ੋਰ ਲੱਗ ਰਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਪਿਆਉ ਦੀ ਘਟਨਾ ਦੀ ਤੁਲਨਾ ਸ਼੍ਰੀ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਨਾਲ ਜੋੜ ਨੇ ਫੌਜੀ ਹਮਲੇ ਦੇ ਦੁਖਾਂਤ ਨੂੰ ਛੋਟਾ ਕਰ ਦੇਣ। ਉਨ੍ਹਾਂ ਸਵਾਲ ਕੀਤਾ ਕਿ ਪਿਆਉ ਦੀ ਘਟਨਾ ਦੀ ਤੁਲਨਾ ਬਹਿਬਲ ਕਲਾਂ ਦੀ ਘਟਨਾ ਨਾਲ ਕਿਉਂ ਨਹੀਂ ਕੀਤੀ ਜਾ ਰਹੀ? ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਇਸ ਘਟਨਾ ਬਾਰੇ ਆਪਣੀ ਭੂਮਿਕਾ ਸਪੱਸ਼ਟ ਕਰੇ।