ਕਾਹਨੂੰਵਾਨ (9 ਜੂਨ, 2015): ਆਮ ਆਦਮੀ ਪਾਰਟੀ ਦੇ ਪੰਜਾਬ ਕਰਨਵੀਰ ਸੁੱਚਾ ਸਿੰਘ ਛੋਟੇਪੁਰ ਨੇ ਅੱਡਾ ਭੈਣੀ ਮੀਆਂ ਖਾਂ ਵਿੱਚ ਪ੍ਰੈੱਸ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਨਸ਼ੇ ਨੇ ਪੰਜਾਬ ਦੇ ਹਰਘਰ ਵਿੱਚ ਵੈਣ ਪੁਆ ਦਿੱਤੇ ਹਨ। ਸੱਤਾਧਾਰੀ ਪਾਰਟੀ ਦੀ ਸ਼ਹਿ ‘ਤੇ ਸ਼ੁਰੂ ਹੋਏ ਨਸ਼ਿਆਂ ਦੇ ਕਾਰੋਬਾਰ ਨੂੰ ਪੰਜਾਬ ਵਿੱਚ ਕੋਈ ਠੱਲ ਨਹੀਂ ਪੈ ਰਹੀ।
ਉਨ੍ਹਾਂ ਨੇ ਕਿਹਾ ਕਿ ੳੁਹ ਦਾਅਵਾ ਕਰਦੇ ਹਨ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਬਣਨ ਵਾਲੀ ਸਰਕਾਰ ਦੇ ਗਠਨ ਤੋਂ ਬਾਅਦ ਕੇਵਲ ਦੋ ਮਹੀਨੇ ਵਿੱਚ ਨਸ਼ਾ ਵੇਚਣ ਵਾਲੇ ਤਸਕਰਾਂ ਤੇ ਉਨ੍ਹਾਂ ਦੇ ਆਕਾਵਾਂ ਨੂੰ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਜਾਵੇਗਾ।
‘ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਵਾਲੀ ਪੰਥਕ ਕਹਾਉਣ ਵਾਲੀ ਸਰਕਾਰ ਦੇ ਰਾਜ ਭਾਗ ਵਿੱਚ ਨਸ਼ੇ ਦਾ ਵਪਾਰ ਤੇ ਬੁਰਛਾਗਰਦੀ ਆਪਣੀ ਸਿਖ਼ਰਾਂ ਉੱਤੇ ਪਹੁੰਚ ਗਈ ਹੈ। ਹਰ ਪਾਸੇ ਭ੍ਰਿਸ਼ਟਾਚਾਰ ਅਤੇ ਧੱਕੇਸ਼ਾਹੀ ਦਾ ਬੋਲ ਬਾਲਾ ਹੈ। ਇਸ ਕਾਰਨ ਪੰਜਾਬ ਦੇ ਲੋਕ ਤਡ਼ਫ ਕਰ ਰਹੇ ਹਨ, ਪਰ ਪੰਜਾਬ ਸਰਕਾਰ ਨਿੱਤ ਰਾਜ ਵਿੱਚ ਅਮਨ ਖ਼ੁਸ਼ਹਾਲੀਅਤੇ ਵਿਕਾਸ ਦੀਆਂ ਟਾਰ੍ਹਾਂ ਮਾਰ ਰਹੀ ਹੈ।’
ਪੰਜਾਬ ਵਿੱਚ ਫੈਲੀ ਬੇਰੁਜ਼ਗਾਰੀ ਦੇ ਮੁੱਦੇ ਉੱਤੇ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਬੇਰੁਜ਼ਗਾਰੀ ਦੂਰ ਕਰਨ ਲਈ ਸਨਅਤਕਾਰਾਂ, ਸਿੱਖਿਆ ਸ਼ਾਸਤਰੀਆਂ, ਕਿੱਤਾ ਮੁਖੀ ਮਾਹਿਰਾਂ ਤੋਂ ਇਲਾਵਾ ਬੁੱਧੀਜੀਵੀ ਵਰਗ ਤੇ ਜੁਡੀਸ਼ਰੀ ਦੇ ਲੋਕਾਂ ਦਾ ਇੱਕ ਪੈਨਲ ਆਉਣ ਵਾਲੇ ਦਿਨਾਂ ਵਿੱਚ ਤਿਆਰ ਕਰੇਗੀ। ਜੋ ਇਸ ਮੁੱਦੇ ਉੱਤੇ ਪਾਰਟੀ ਨੂੰ ਆਪਣਾ ਉਸਾਰੂ ਪੱਖ ਪੇਸ਼ ਕਰਨਗੇ।
ਬਾਦਲ ਦਲ ਉੱਤੇ ਵਰ੍ਹਦਿਆਂ ੳੁਨ੍ਹਾਂ ਕਿਹਾ ਕਿ ਇਸ ਪਾਰਟੀ ਦੀ ਸਥਾਪਨਾ ਕਰਨ ਵਾਲੇ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਸੰਤ ਫ਼ਤਿਹ ਸਿੰਘ, ਮੋਹਨ ਸਿੰਘ ਤੁੜ, ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਗੁਰਚਰਨ ਸਿੰਘ ਟੌਹੜਾ ਵਰਗੇ ਦਰਵੇਸ਼ ਸਿਆਸਦਾਨਾਂ ਦੀ ਵਿਰਾਸਤ ਅੱਜ ਬਾਦਲ ਪਰਿਵਾਰ ਐਂਡ ਕੰਪਨੀ ਤੇ ਵਪਾਰੀ ਕਿਸਮ ਦੇ ਆਗੂਆਂ ਦੇ ਹੱਥ ਵਿੱਚ ਆ ਚੁੱਕੀ ਹੈ। ਪਾਰਟੀ ਵਿੱਚ ਚਾਪਲੂਸਾਂ ਤੇ ਮੌਕਾਪ੍ਰਸਤਾਂ ਦੀ ਭੀੜ ਲੱਗੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਚੋਣਾਂ ਵਿੱਚ ਆਪਣੇ ਉਮੀਦਵਾਰਾਂ ਦੀ ਘੋਸ਼ਣਾ ਤੇ ਚੋਣ ਸਮੇਂ ਇਹ ਖ਼ਾਸ ਖ਼ਿਆਲ ਰੱਖੇਗੀ ਕਿ ੳੁਨ੍ਹਾਂ ਦੇ ਉਮੀਦਵਾਰ ਤਿੰਨ ਕੱਕੇ ਨਾਲ ਸਬੰਧ ਨਾ ਰੱਖਦੇ ਹੋਣ ਜਿਵੇਂ ਕ੍ਰਿਮੀਨਲ, ਕੁਰੱਪਟ ਤੇ ਕਰੈਕਟਰ ਲੈੱਸ ਲੋਕਾਂ ਨੂੰ ਚੋਣ ਤੋਂ ਦੂਰ ਰੱਖਿਆ ਜਾਵੇਗਾ। ਸ੍ਰ. ਛੋਟੇਪੁਰ ਨੇ ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਹੀ ਆਮ ਲੋਕਾਂ ਦਾ ਹਮਦਰਦ ਲੀਡਰ ਹੋਣ ਕਾਰਨ ਆਮ ਆਦਮੀ ਪਾਰਟੀ 2017 ਦੀਆਂ ਚੋਣਾਂ ਵਿੱਚ ਦਿੱਲੀ ਵਾਂਗ ਪੰਜਾਬ ਵਿੱਚ ਵੀ 117 ਵਿੱਚੋਂ 100 ਸੀਟਾਂ ਤੋਂ ਵੱਧ ਉੱਪਰ ਸਫਲਤਾ ਹਾਸਲ ਕਰੇਗੀ।