ਬਰੇਸ਼ੀਆ, ਇਟਲੀ ( 8 ਅਪ੍ਰੈਲ, 2015): ਇਟਲੀ ਵਿੱਚ ਸਿੱਖ ਕਕਾਰਾਂ ਖਾਸ ਕਰਕੇ ਕਿਰਪਾਨ ਨੂੰ ਜਨਤਕ ਥਾਵਾਂ ‘ਤੇ ਧਾਰਨ ਕਰਕੇ ਜਾਣ ਸਬੰਧੀ ਅਤੇ ਸਿੱਖ ਧਰਮ ਨੂ ਇੱਥੇ ਰਜਿਸਟਰ ਕਰਵਾਉਣ ਸਬੰਧੀ ਗ੍ਰੀਹ ਮੰਤਰਾਲੇ ਦੇ ਅਧਿਾਕਰੀਆਂ ਨਾਲ ਸਿੱਖ ਆਗੂਆਂ ਦੀ ਹੋਈ ਮੀਟਿੰਗ ਦੀ ਕਾਰਵਾਈ ਬਾਰੇ ਕਰਮਜੀਤ ਸਿੰਘ ਢਿੱਲੋਂ ਨੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਸਿੱਖ ਆਗੂਆਂ ਦੀ ਸਹਿਮਤੀ ਮਗਰੋਂ ਇਟਾਲੀਅਨ ਸਰਕਾਰ ਨਿਰਧਾਰਤ ਆਕਾਰ ਵਾਲੀ ਕਿਰਪਾਨ ਪਹਿਨਣ ਦੀ ਆਗਿਆ ਲਈ ਰਾਜ਼ੀ ਹੋ ਗਈ ਹੈ।
ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰ ਕਰਵਾਉਣ ਲਈ ਇੱਥੋਂ ਦੇ ਸਿੱਖ ਆਗੂਆਂ ਦੁਆਰਾ ਬੀਤੇ ਦਿਨ ਇਟਲੀ ਦੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਦੇ ਨਾਲ ਰੋਮ ਵਿਖੇ ਅਹਿਮ ਬੈਠਕ ਕੀਤੀ । ਬੈਠਕ ਦੌਰਾਨ ਸਿੱਖ ਆਗੂਆਂ ਦੁਆਰਾ ਸਰਕਾਰ ਦੇ ਸਾਹਮਣੇ ਕਿਰਪਾਨ ਦੇ ਮਿੱਥੇ ਗਏ ਆਕਾਰ ‘ਤੇ ਆਪਣੀ ਸਹਿਮਤੀ ਦਿੰਦਿਆਂ ਇਸ ਮਾਮਲੇ ‘ਤੇ ਅਗਲੇਰੀ ਕਾਰਵਾਈ ਕਰਨ ਲਈ ਹਰੀ ਝੰਡੀ ਦਿੱਤੀ ਗਈ ।
ਗ੍ਰਹਿ ਮੰਤਰਾਲੇ ਦੀ ਜੋਆਨਾ ਉਰਾਤੋ ਦੇ ਨਾਲ ਹੋਈ ਇਸ ਵਿਸ਼ੇਸ਼ ਬੈਠਕ ਵਿਚ ਇਟਲੀ ਦੀਆਂ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ ਨੇ ਸ਼ਿਰਕਤ ਕਰਕੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੂੰ ਇਟਲੀ ਵਿਚ ਸਿੱਖ ਧਰਮ ਨੂੰ ਜਲਦ ਤੋਂ ਜਲਦ ਰਜਿਸਟਰ ਕਰਨ ਦੀ ਮੰਗ ਕੀਤੀ ।
ਸਿੱਖਾਂ ਨੂੰ ਸਰਕਾਰ ਦੇ ਇਸ ਫੈਸਲੇ ਨਾਲ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ ਅਤੇ ਇਸ ਨਾਲ ਇਟਲੀ ਵਿੱਚ ਰਹਿੰਦੇ ਸਿੱਖ 10 ਸੈਂਟੀਮੀਟਰ ਦੀ ਕਿਰਪਾਨ ਪਾ ਸਕਣਗੇ ਜੋ ਕਿ ਉਨ੍ਹਾਂ ਦੇ ਧਰਮ ਦੀ ਰਹਿਤ ਦਾ ਇੱਕ ਅਨਿੱਖੜਵਾਂ ਅੰਗ ਹੈ।