ਮੈਲਬੌਰਨ, ਆਸਟਰੇਲੀਆ (14 ਫ਼ਰਵਰੀ 2015) : ਕ੍ਰਿਕੇਟ ਦੇ ਅੰਮ੍ਰਿਤਧਾਰੀ ਸਿੱਖ ਪ੍ਰਸ਼ੰਸਕਾਂ, ਜੋ ਕ੍ਰਿਪਾਨ (ਸ੍ਰੀ ਸਾਹਿਬ) ਧਾਰਨ ਕਰਦੇ ਹਨ, ਨੂੰ ਆਸਟਰੇਲੀਆ ਦੇ ਸ਼ਹਿਰ ਐਡੀਲੇਡ ’ਚ ਭਾਰਤ ਅਤੇ ਪਾਕਿਸਤਾਨ ਵਿਚਾਲ਼ੇ ਹੋਣ ਵਾਲ਼ਾ ਕ੍ਰਿਕੇਟ ਮੈਚ ਵੇਖਣ ਲਈ ਸਟੇਡੀਅਮ ਅੰਦਰ ਦਾਖ਼ਲ ਹੋਣ ਤੋਂ ਰੋਕਿਆ ਜਾ ਸਕਦਾ ਹੈ। ਉਂਝ ਭਾਵੇਂ ਅਜਿਹੀ ਕਿਸੇ ਰੋਕ ਜਾਂ ਪਾਬੰਦੀ ਦੀ ਸਰਕਾਰੀ ਤੌਰ ’ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ।
‘ਸਿੱਖ ਸਰਵਿਸੇਜ਼ ਆਸਟਰੇਲੀਆ’ ਦੇ ਨੁਮਾਇੰਦੇ ਸ੍ਰ ਹਰਵਿੰਦਰ ਸਿੰਘ ਗਰਚਾ ਨੇ ਐਡੀਲੇਡ ਦੇ ਪੁਲਿਸ ਕਮਿਸ਼ਨਰ ਕੋਲ਼ ਇਸ ਪਾਬੰਦੀ ਬਾਰੇ ਆਪਣੀ ਚਿੰਤਾ ਪ੍ਰਗਟ ਕਰਦਿਆਂ ਇਹ ਜਾਣਕਾਰੀ ਦੇ ਦਿੱਤੀ ਹੈ ਕਿ ਸਿੱਖ ਅਜਿਹੀ ਕਿਸੇ ਰੋਕ ਤੋਂ ਬਿਲਕੁਲ ਵੀ ਖ਼ੁਸ਼ ਨਹੀਂ ਹੋ ਸਕਦੇ।
ਕਮਿਸ਼ਨਰ ਨੇ ਅੱਗਿਓਂ ਇਹ ਜਵਾਬ ਦਿੱਤਾ ਹੈ ਕਿ ਕ੍ਰਿਪਾਨਧਾਰੀ ਸਿੰਘਾਂ ਤੇ ਸਿੰਘਣੀਆਂ ਦੇ ਐਡੀਲੇਡ ਸਟੇਡੀਅਮ ’ਚ ਦਾਖ਼ਲੇ ’ਤੇ ਰੋਕ ਸਥਾਨਕ ਪੁਲਿਸ ਨੇ ਨਹੀਂ, ਸਗੋਂ ਆਈ ਸੀ ਆਈ ਸੀ ਆਈ ਵਰਲਡ ਕੱਪ ਕੌਂਸਲ ਨੇ ਲਾਈ ਹੈ।
ਸ੍ਰ ਗਰਚਾ ਨੇ ਦੱਸਿਆ,‘‘ਇਸ ਪੜਾਅ ’ਤੇ ਸਾਡੇ ਕੋਲ਼ ਆਈ ਸੀ ਸੀ ਜਾਂ ਸੁਰੱਖਿਆ ਏਜੰਸੀਆਂ ਦਾ ਕੋਈ ਅਧਿਕਾਰਤ ਬਿਆਨ ਨਹੀਂ ਹੈ, ਜਿਨ੍ਹਾਂ ਦੀ ਨਿਗਰਾਨੀ ਹੇਠ ਕ੍ਰਿਕੇਟ ਮੈਚ ਹੋ ਰਹੇ ਹਨ।’’