ਸਰੀ ( 27 ਅਪ੍ਰੈਲ 2015): ਇੱਥੋਂ ਦੇ ਇੱਕ ਸਿਨੇਮਾ ਹਾਲ ਵਿੱਚ 29 ਅਪ੍ਰੈਲ ਦੀ ਸ਼ਾਮ ਨੂੰ ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਵਿਖਾਉਣ ਦਾ ਪਤਾ ਲੱਗਣ ‘ਤੇ ਸੈਕੜੇ ਸਿੱਖਾਂ ਨੇ ਇਕੱਠੇ ਹੋ ਕੇ ਸਿਨੇਮਾ ਹਾਲ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ।ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਨੂੰ ਫਿਲਮੀ ਪਰਦੇ ‘ਤੇ ਦ੍ਰਿਸ਼ਮਾਨ ਕਰਦੀ ਇਸ ਫਿਲਮ ਨੂੰ 17 ਅਪ੍ਰੈਲ ਨੂੰ ਸਿੱਖ ਕੌਮ ਦੇ ਜਬਰਦਸਤ ਵਿਰੋਧ ਦੇ ਬਾਵਜੂਦ ਰਿਲੀਜ਼ ਕਰ ਦਿੱਤਾ ਗਿਆ ਸੀ।ਬਾਅਦ ਵਿਚ ਇਸ ਫਿਲਮ ਦੇ ਨਿਰਮਾਤਾ ਨੇ ਫਿਲਮ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਸੀ।
ਪਰ ਜਦ 29 ਅਪ੍ਰੈਲ ਨੂੰ ਸਿੱਖ ਸੰਗਤ ਨੂੰ ਪਤਾ ਲੱਗਾ ਕਿ ਸਰੀ ਦੇ ਸਟਰਾਬਰੀ ਹਿੱਲ ਸਿਨੇਮਾ ਹਾਲ ਵਿੱਚ ਫਿਲਮ ਨਾਨਕ ਸ਼ਾਹ ਵਿਖਾਈ ਜਾ ਰਹੀ ਹੈ ਤਾਂ 300 ਸੌ ਤੋਂ ਉਪਰ ਸਿੱਖਾਂ ਨੇ ਸਿਨੇਮਾ ਹਾਲ ਦੇ ਬਾਹਰ ਇਕੱਠਿਆਂ ਹੋਕੇ ਆਪਣਾ ਰੋਸ ਪ੍ਰਗਟ ਕੀਤਾ।ਵਿਖਾਵਾ ਕਰ ਰਹੇ ਸਿੱਖਾਂ ਨੇ ਸਬੰਧਿਤ ਧਿਰ ਨੂੰ ਦੱਸਿਆ ਕਿ ਇਹ ਫਿਲਮ ਸਿੱਖ ਸਿਧਾਤਾਂ ਦਾ ਸਪੱਸ਼ਟ ਉਲੰਘਣ ਕਰਦੀ ਹੈ, ਜਿਸ ਅਨੁਸਾਰ ਸਿੱਖ ਗੁਰੂਆਂ ਨੂੰ ਫਿਲਮਾਂ ਆਦਿ ਰਾਹੀਂ ਦ੍ਰਿਸ਼ਮਾਨ ਕਰਨ ਦੀ ਸਖਤ ਮਨਾਹੀ ਹੈ।
ਵਿਖਾਵਾਕਾਰੀ ਸਿੱਖਾਂ ਨੇ ਹਰਿੰਦਰ ਸਿੱਕਾ ਦੇ ਦੋਹਰੇ ਕਿਰਦਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਇੱਕ ਵਿਖਾਵਾਕਾਰੀ ਨੇ ਕਿਹਾ ਕਿ ਪਹਿਲਾਂ ਤਾਂ ਸਿੱਖ ਕੌਮ ਦੇ ਸਖਤ ਇਤਰਾਜ਼ ਦੇ ਬਾਵਜੂਦ ਸਿੱਖ ਭਾਵਨਾਵਾਂ ਨੂੰ ਦਰਕਿਨਾਰ ਕਰਦਿਆਂ ਹਰਿੰਦਰ ਸਿੱਕਾ ਨੇ ਫਿਲਮ ਨੂੰ ਰਿਲੀਜ਼ ਕੀਤਾ। ਫਿਰ ਜਦੋਂ ਫਿਲਮ ਸਿਨੇਮਿਆਂ ਵਿੱਚ ਬੁਰੀ ਤਰਾਂ ਪਿੱਟ ਗਈ ਤਾਂ ਸਿੱਕਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚੱਤਾ ਨੂੰ ਬਰਕਰਾਰ ਰੱਖਣ ਦਾ ਦਾਅਵਾ ਕਰਦਿਆਂ ਫਿਲਮ ਵਾਪਿਸ ਲੈ ਲਈ। ਪਰ ਸਰੀ ਦੇ ਸਿਨੇਮਾ ਘਰ ਵਿੱਚ ਫਿਲਮ ਦਾ ਲੱਗਣਾ ਇਹ ਦੱਸਦਾ ਹੈ ਕਿ ਸਿੱਕਾ ਅਜੇ ਵੀ ਫਿਲਮ ਦਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਤੋਂ ਮੰਗ ਕੀਤੀ ਕਿ ਸਿੱਕਾ ਨੂੰ ਤਲਬ ਕਰਕੇ ਫਿਲਮ ਦੀਆਂ ਸਾਰੀਆਂਕਾਪੀਆਂ ਜਬਤ ਕਰਕੇ ਉਨ੍ਹਾਂ ਨੂੰ ਖਤਮ ਕੀਤਾ ਜਾਵੇ।
ਜਦੋਂ ਗਿਆਨੀ ਗੁਰਬਚਨ ਸਿੰਘ ਨੂੰ ਸਰੀ ਵਿੱਚ ਫਿਲਮ ਦੇ ਵਿਖਾਏ ਜਾਣ ਬਾਰੇ ਪੁਛਿਆ ਤਾਂ ਉਨ੍ਹਾਂ ਨੇ ਇਸ ਪ੍ਰਤੀ ਅਨਜਾਨਤਾ ਦਾ ਪ੍ਰਗਟਾਵਾ ਕੀਤਾ। ਪਰ ਉਨ੍ਹਾਂ ਕਿਹਾ ਕਿ ਉਹ ਇਸਦਾ ਪਤਾ ਲਾਉਣਗੇ, ਜੇਕਰ ਇਹ (ਫਿਲਮ ਵਿਖਾਉਣ ਦੀ) ਗੱਲ ਸਹੀ ਹੋਈ ਤਾਂ ਇਸਤੇ ਬਣਦੀ ਕਾਰਵਾਈ ਕੀਤੀ ਜਾਵੇਗੀ