ਝੂਠੇ ਮੁਕਾਬਲਿਆਂ 'ਚ ਮਾਰੇ ਗਇਆਂ ਨੂੰ ਸ਼ਰਧਾਂਜਲੀ ਦਿੰਦਿਆਂ ਮਨੁੱਖੀ ਅਧਿਕਾਰੀ ਜਥੇਬੰਦੀਆਂ ਨੇ ਤਰਨਤਾਰਨ ਵਿਖੇ ਲੰਗਰ ਲਾਇਆ

ਸਿੱਖ ਖਬਰਾਂ

ਵਿਦੇਸ਼ੀ ਸਿੱਖਾਂ ਵਲੋਂ ਸਿੱਖ ਨਸਲਕੁਸ਼ੀ ਦੀ ਜਾਂਚ ਦੀ ਅਵਾਜ਼ ਚੁੱਕਣੀ ਸ਼ਲਾਘਾਯੋਗ ਕਦਮ: ਖਾਲੜਾ ਮਿਸ਼ਨ

By ਸਿੱਖ ਸਿਆਸਤ ਬਿਊਰੋ

July 30, 2017

ਤਰਨ ਤਾਰਨ: ਅੱਜ (30 ਜੁਲਾਈ) ਤਰਨ ਤਾਰਨ ਵਿਖੇ ਚਮਨ ਲਾਲ ਦੇ ਪਰਿਵਾਰ ਅਤੇ ਹੋਰਨਾਂ ਪਰਿਵਾਰਾਂ ਵੱਲੋਂ ਗੁਲਸ਼ਨ ਕੁਮਾਰ ਸਮੇਤ ਹਜ਼ਾਰਾਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਨੌਜਵਾਨਾਂ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ ਅਤੇ ਉਨ੍ਹਾਂ ਦੀ ਯਾਦ ਵਿੱਚ ਗੁਰੂ ਕਾ ਲੰਗਰ ਲਾਇਆ ਗਿਆ।

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਬੁਲਾਰੇ ਸਤਵਿੰਦਰ ਸਿੰਘ ਪਲਾਸੌਰ, ਪ੍ਰਧਾਨ ਹਰਮਨਦੀਪ ਸਿੰਘ, ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾਂ, ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ (ਭਰਾ ਗੁਲਸ਼ਨ ਕੁਮਾਰ), ਕੇਂਦਰੀ ਕਮੇਟੀ ਮੈਂਬਰ ਸਤਨਾਮ ਸਿੰਘ ਮਾਣਕ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਨੇ ਹਾਜ਼ਰੀ ਭਰਨ ਤੋਂ ਬਾਅਦ ਕਿਹਾ ਕਿ ਕਾਂਗਰਸ, ਬਾਦਲਕਿਆਂ, ਭਾਜਪਾਕਿਆਂ ਅਤੇ ਆਰ.ਐਸ.ਐਸ. ਨੇ ਮਿਲ ਕੇ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀ ਯੋਜਨਾਬੰਦੀ ਕੀਤੀ, ਝੂਠੇ ਪੁਲਿਸ ਮੁਕਾਬਲੇ ਕਰਵਾਏ, ਜਵਾਨੀ ਨੂੰ ਨਸ਼ਿਆਂ ਵਿੱਚ ਬਰਬਾਦ ਕੀਤਾ ਅਤੇ ਜੇਲ੍ਹਾਂ ਵਿੱਚ ਰੋਲਿਆ। ਰਹਿੰਦੀ ਖੂੰਹਦੀ ਕਸਰ ਕਿਸਾਨੀ ਨੂੰ ਕਰਜ਼ੇ ਵਿੱਚ ਰੋਲ ਕੇ ਖੁਦਕੁਸ਼ੀਆਂ ਦੇ ਰਾਹ ਤੋਰ ਕੇ ਪੂਰੀ ਕਰ ਦਿੱਤੀ।

ਜੱਥੇਬੰਦੀਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਕੋਲ ਪੇਸ਼ ਕਰਾਏ 21 ਨੋਜਵਾਨਾਂ ਦੇ ਝੂਠੇ ਮੁਕਾਬਲਿਆਂ ਦੀ ਕੇਵਲ ਪੜਤਾਲ ਹੀ ਨਹੀਂ ਹੋਣੀ ਚਾਹੀਦੀ ਸਗੋਂ ਹਜ਼ਾਰਾਂ ਝੂਠੇ ਮੁਕਾਬਲਿਆਂ ਅਤੇ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਦੇ ਯੋਜਨਾਕਾਰਾਂ ਨੂੰ ਨੰਗਿਆਂ ਕਰਨ ਲਈ, ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਨਿਰਪੱਖ ਕਮਿਸ਼ਨ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੇ ਸਿੱਖਾਂ ਵੱਲੋਂ ਸਿੱਖਾਂ ਦੀ ਨਸਲਕੁਸ਼ੀ ਦੀ ਪੜਤਾਲ ਵਾਸਤੇ ਚੁੱਕੀ ਜਾ ਰਹੀ ਆਵਾਜ਼ ਸ਼ਲਾਘਾਯੋਗ ਕਦਮ ਹੈ। ਪਰ ਮੰਦਭਾਗੀ ਗੱਲ ਇਹ ਹੈ ਕਿ ਬਾਦਲਕਿਆਂ ਨੇ ਪੂਰੇ 15 ਸਾਲ ਸਿੱਖਾਂ ਦੀ ਕੁੱਲਨਾਸ਼ ‘ਤੇ ਪਰਦਾ ਪਾਉਣ ਦਾ ਕੰਮ ਕੀਤਾ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਉੱਪਰ ਮੁਕੰਮਲ ਲੀਕ ਫੇਰੀ ਜਾਵੇ। ਉਨ੍ਹਾਂ ਆਖਿਆ ਕਿ ਸੂਬੇ ਦੇ ਹਾਕਮ ਜਾਣ-ਬੁੱਝ ਕੇ ਖਜ਼ਾਨਾ ਖਾਲੀ ਹੋਣ ਦੀ ਕਾਵਾਂ ਰੌਲੀ ਪਾ ਰਹੇ ਹਨ ਜਦੋਂਕਿ ਬਾਦਲ ਸਰਕਾਰ ਨੇ ਇੱਕੋ ਘਪਲਾ ਢੱਕਣ ਲਈ ਪੰਜਾਬ ਦੇ ਲੋਕਾਂ ਦੇ ਸਿਰ 31 ਹਜ਼ਾਰ ਕਰੋੜ ਰੁਪਏ ਪਾ ਦਿੱਤੇ। ਜਾਰੀ ਪ੍ਰੈਸ ਬਿਆਨ ‘ਚ ਕਿਹਾ ਗਿਆ ਕਿ ਪਰਲ ਗਰੁੱਪ ਦਾ ਮੁਖੀ ਭੰਗੂ ਵਲੋਂ ਲੋਕਾਂ ਹਜ਼ਾਰਾਂ ਕਰੋੜ ਠੱਗ ਲਏ ਗਏ ਹਨ। ਉਨ੍ਹਾਂ ਕਿਹਾ ਪੰਜਾਬ ਨੂੰ ਲੁੱਟਣ ਵਾਲਿਆਂ ਦੀਆਂ ਜਾਇਦਾਦਾਂ ਨੂੰ ਜਬਤ ਕਰਕੇ ਕੈਪਟਨ ਸਰਕਾਰ ਕਿਸਾਨਾਂ ਦੇ ਕਰਜ਼ੇ ਉਪਰ ਲੀਕ ਫੇਰ ਸਕਦੀ ਹੈ। ਉਨ੍ਹਾਂ ਕਿਹਾ ਹੈਰਾਨੀ ਦੀ ਗੱਲ ਹੈ ਕਿ ਕੈਪਟਨ ਸਰਕਾਰ 9000 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਦਾਅਵਾ ਕਰ ਰਹੀ ਹੈ ਜਦੋਂਕਿ ਮੁਕੇਸ਼ ਅੰਬਾਨੀ ਵਰਗੇ ਲੋਕ 8500 ਕਰੋੜ ਰੁਪਏ ਦਾ ਰਹਿਣ ਵਾਸਤੇ ਇੱਕ ਘਰ ਬਣਾ ਰਹੇ ਹਨ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਬਾਠ, ਕਾਬਲ ਸਿੰਘ, ਬੌਬੀ ਕੁਮਾਰ, ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਬਲਵਿੰਦਰ ਸਿੰਘ ਆਦਿ ਨੇ ਹਾਜ਼ਰੀ ਭਰੀ।

ਸਬੰਧਤ ਖ਼ਬਰ: 21 ਸਿੱਖਾਂ ਦੇ ਕਤਲ ਦੇ ਮਾਮਲੇ ’ਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: