ਪੱਤਰ

ਸਿੱਖ ਸ਼ਹਾਦਤ ‘ਤੇ ਅਕਾਲੀ ਸਰਕਾਰ ਦਾ ਕਹਿਰ – ਜਸਵੰਤ ਸਿੰਘ ਸੰਦਰਲੈਂਡ

By ਸਿੱਖ ਸਿਆਸਤ ਬਿਊਰੋ

November 27, 2009

ਅਕਾਲੀ ਸਰਕਾਰ ਨੇ ਪੰਥਕ ਮੈਗਜ਼ੀਨ ‘ਤੇ ਅਣ-ਐਲਾਨੀ ਪਾਬੰਦੀ ਲਾ ਕੇ ‘ਸਿੱਖ ਸ਼ਹਾਦਤ’ ਦੇ ਦਫਤਰ ਦਾ ਸਾਰਾ ਸਾਮਾਨ ਸਮੇਤ ਕੰਪਿਊਟਰ ਚੱਕ ਕੇ ਤਾਨਾਸ਼ਾਹੀ ਦਾ ਸਬੂਤ ਦਿੱਤਾ ਹੈ ਕਿ ਪੰਜਾਬ ਵਿਚ ਪੰਥ ਦੀ ਨਾ ਕੋਈ ਗੱਲ ਕਰੇ ਤੇ ਨਾ ਹੀ ਸਰਕਾਰ ਤੇ ਸੌਦਾ ਸਾਧ ਵਿਰੁੱਧ ਕੋਈ ਅੰਦੋਲਨ ਸਹਿਣ ਕੀਤਾ ਜਾਵੇਗਾ। ਸੌਦਾ ਸਾਧ ਵਿਰੁੱਧ ਅੰਦੋਲਨ ਦੀ ਅਗਵਾਈ ਕਰਨ ਵਾਲੇ ਪੰਚ ਪ੍ਰਧਾਨੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਤੇ ਉਸ ਦੇ ਇਕ ਸੌ ਦੇ ਕਰੀਬ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ‘ਤੇ ਝੂਠੇ ਕੇਸ ਪਾ ਕੇ ਜੇਲ੍ਹੀਂ ਡੱਕ ਦਿੱਤਾ ਹੈ। ਪੰਜਾਬ ਵਿਚ ਸੌਦਾ ਸਾਧ ਵਿਰੁੱਧ ਆਰ-ਪਾਰ ਦੀ ਲੜਾਈ ਲੜ ਰਿਹਾ ਪੰਥ ਆਪਣੀ ਆਨ-ਸ਼ਾਨ ਲਈ ਜੂਝ ਰਿਹਾ ਹੈ। ਇਹ ਆਨ ਸ਼ਾਨ ਦੀ ਲੜਾਈ ਵਿਚ ‘ਸਿੱਖ ਸ਼ਹਾਦਤ’ ਮੈਗਜ਼ੀਨ ਤੇ ਭਾਈ ਦਲਜੀਤ ਸਿੰਘ ਦਾ ਰੋਲ ਅਹਿਮ ਰਿਹਾ ਹੈ। ਇਸੇ ਸਦਕਾ ਪੰਥਕ ਸਰਕਾਰ ਦੇ ‘ਸਿੱਖ ਸ਼ਹਾਦਤ’ ਤੇ ਭਾਈ ਦਲਜੀਤ ਸਿੰਘ ਅੱਖੀਂ ਰੜਕ ਰਿਹਾ ਸੀ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸੌਦਾ ਸਾਧ ਨਾਲ ਹੋਏ ਬਾਦਲ ਦੇ ਸਮਝੌਤੇ ਤਹਿਤ ਡੇਰੇਦਾਰਾਂ ਦੀਆਂ ਵੋਟਾਂ ਆਪਣੀ ਨੂੰਹ ਨੂੰ ਪਵਾ ਕੇ ਬਾਦਲ ਸੌਦਾ ਸਾਧ ਦਾ ਅਹਿਸਾਨ ਪੰਥਕ ਮੈਗਜ਼ੀਨ ਤੇ ਪੰਥਕ ਆਗੂਆਂ ਨੂੰ ਜੇਲ੍ਹੀਂ ਬੰਦ ਕਰ ਕੇ ਲਾਹ ਰਿਹਾ ਹੈ।

ਪੰਥ ਆਪਣੇ ਜਨਮ ਤੋਂ ਹੀ ਆਪਣੀ ਹੋਂਦ ਬਣਾਈ ਰੱਖਣ ਲਈ ਸੰਘਰਸ਼ਸ਼ੀਲ ਰਿਹਾ ਹੈ। ਰਾਜਨੀਤਕ ਤਾਕਤ ਉਤੇ ਕਾਬਜ਼ ਹੋਣ ਦੀਆਂ ਨਵੀਆਂ ਤਕਨੀਕਾਂ ਤੋਂ ਵਿਰਵੇ ਅਤੇ ਬ੍ਰਾਹਮਣਵਾਦ ਦੇ ਇਹ ਭਾਈਵਾਲ ਬਾਦਲ ਤੇ ਸਾਥੀ, ਬ੍ਰਾਹਮਣਵਾਦ ਦੇ ਹਮਲੇ ਦੇ ਸ਼ਿਕਾਰ ਪੰਥ ਦੇ ਇਕ ਵੱਡੇ ਹਿੱਸੇ ਵਿਚ ਆਪਣੀ ਹੋਂਦ ਤੋਂ ਮੁਨਕਰ ਹੋਣ ਅਤੇ ਵੱਡੀ ਪਛਾਣ ਵਿਚ ਜਜ਼ਬ ਹੋਣ ਦਾ ਵਰਤਾਰਾ ਸਾਹਮਣੇ ਆਇਆ ਹੈ। ਮੌਜੂਦਾ ਸਮੇਂ ਵਿਚ ਅਕਾਲੀ ਸਰਕਾਰ ਵੀ ਸਿੱਖਾਂ ਖਿਲਾਫ ਬੌਧਿਕ ਹਮਲੇ ਵਿਚ ਪੂਰੀ ਤਰ੍ਹਾਂ ਨੰਗੀ ਹੋ ਗਈ ਹੈ। ਪਿਛਲੇ ਨੌਂ ਸਾਲਾਂ ਤੋਂ ਖਾਲਸਾ ਪੰਥ ਦੇ ਇਤਿਹਾਸ, ਧਾਰਮਿਕ ਤੇ ਰਾਜਨੀਤਕ ਵੰਨਗੀਆਂ ਨੂੰ ਪੰਥ ਦੀ ਕਚਹਿਰੀ ਵਿਚ ਪੇਸ਼ ਕਰਕੇ ਆਪਣਾ ਸਥਾਨ ਮੀਡੀਏ ਵਿਚ ਸਥਾਪਤ ਕਰਨ ਵਾਲਾ ‘ਸਿੱਖ ਸ਼ਹਾਦਤ’ ਬਾਦਲ ਸਰਕਾਰ ਦੇ ਰਾਹ ਵਿਚ ਇਸ ਲਈ ਰੋੜਾ ਬਣਿਆ ਹੋਇਆ ਸੀ ਕਿਉਂਕਿ ਬਾਦਲ ਸਰਕਾਰ ਦੀਆਂ ਪੰਥ ਵਿਰੋਧੀ ਕਾਰਵਾਈਆਂ ‘ਤੇ ਲਗਾਤਾਰ ਉਂਗਲ ਰੱਖਦਾ ਹੋਇਆ ਹਮੇਸ਼ਾ ਪੰਥ ਦੇ ਨਾਲ ਖੜ੍ਹਦਾ ਰਿਹਾ ਹੈ ਨਾ ਕਿ ਬਾਦਲ ਸਰਕਾਰ ਨਾਲ। ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋਇਆ ਹੈ ਕਿ ਸੌਦਾ ਸਾਧ ਦੇ ਪੰਜਾਬ ਅੰਦਰ ਡੇਰੇ ਬੰਦ ਕਰਾਏ ਜਾਣ ਤੇ ਗੁਰੂ ਸਾਹਿਬ ਦੀ ਬੇਇੱਜ਼ਤੀ ਕਰਨ ‘ਤੇ ਇਸ ਸਾਧ ਨੂੰ ਜੇਲ੍ਹੀਂ ਡੱਕਿਆ ਜਾਵੇ ਪਰ ਬਾਦਲ ਸਰਕਾਰ ਪਿਛਲੇ ਪੈਰੀਂ ਮੁੜ ਕੇ ਪੰਥ ਨੂੰ ਵੱਢਣ ਤੇ ਜੇਲ੍ਹੀਂ ਡੱਕਣ ਲੱਗ ਪਈ ਹੈ। ‘ਸਿੱਖ ਸ਼ਹਾਦਤ’ ਨੇ ਪੰਜਾਬ ਦੀ ਧਰਤੀ ‘ਤੇ ਉਸ ਸਮੇਂ ਆਪਣੇ ਵਿਚਾਰਾਂ ਨੂੰ ਪੰਥ ਦੀ ਕਚਹਿਰੀ ਵਿਚ ਰੱਖਿਆ ਜਦੋਂ ਸੰਨ 2000 ਵਿਚ ਪੰਜਾਬ ਤਸ਼ੱਦਦ ਦੇ ਕਹਿਰ ਦਾ ਮਾਰਿਆ ਹਨ੍ਹੇਰੀ ਗਲੀ ਵਿਚੋਂ ਲੰਘ ਰਿਹਾ ਸੀ। ਖੌਫ ਨੇ ਸਮੁੱਚੇ ਮੀਡੀਏ ਨੂੰ ਕੰਬਾ ਕੇ ਰੱਖ ਦਿੱਤਾ ਸੀ, ਉਸ ਸਮੇਂ ‘ਸਿੱਖ ਸ਼ਹਾਦਤ’ ਨੇ ਆਪਣੀ ਕਲਮ ਨਾਲ ਪੰਥ ਨੂੰ ਜਗਾਇਆ ਹੀ ਨਹੀਂ ਸਗੋਂ ਸਿੱਖ ਸੰਘਰਸ਼ ਦੇ ਸ਼ਹੀਦਾਂ ਤੇ ਜੇਲ੍ਹੀਂ ਨਜ਼ਰਬੰਦ ਯੋਧਿਆਂ ਨੂੰ ਇਤਿਹਾਸ ਦੇ ਪੰਨਿਆਂ ‘ਤੇ ਲਿਆਂਦਾ। ਸੰਤ ਭਿੰਡਰਾਂਵਾਲਿਆਂ ਨੂੰ ਸੰਨ 2000 ਵਿਚ ਜੂਨ ਅੰਕ ਵਿਚ ਟਾਈਟਲ ‘ਤੇ ਸ਼ਹੀਦ ਲਿਖ ਕੇ ਦੁਸ਼ਮਣਾਂ ਨੂੰ ਚੈਲੰਜ ਕੀਤਾ ਕਿ ਉਹ ਪੰਥ ਦੇ ਮਹਾਨ ਸ਼ਹੀਦ ਦੀ ਸ਼ਹੀਦੀ ਨੂੰ ਰੁਲਣ ਨਹੀਂ ਦੇਣਗੇ। ਅਕਾਲੀ ਸਰਕਾਰ ਦੀਆਂ ਪੰਥ ਵਿਰੋਧੀ ਨੀਤੀਆਂ ‘ਤੇ ਲਗਾਤਾਰ ਬਾਜ ਅੱਖ ਰੱਖਦਾ ਹੋਇਆ ਇਸ ਦੀਆਂ ਲੋਕ ਵਿਰੋਧੀ ਤੇ ਤਾਨਾਸ਼ਾਹੀ ਨੀਤੀਆਂ ‘ਤੇ ਟਿੱਪਣੀਆਂ ਕਰਦਾ ਕਾਂਗਰਸ ਦੇ ਸਿੱਖੀ ਵਿਰੋਧੀ ਕਿਰਦਾਰ ਨੂੰ ਲਗਾਤਾਰ ਨੰਗਾ ਕਰਦਾ ਆ ਰਿਹਾ ਸੀ। ਪਿਛਲੇ ਮਹੀਨਿਆਂ ਤੋਂ ਜਿਸ ਤਰ੍ਹਾਂ ‘ਸਿੱਖ ਸ਼ਹਾਦਤ’ ਨੂੰ ਬਾਦਲ ਸਰਕਾਰ ਘੇਰਨ ਦੀ ਤਿਆਰੀ ਵਿਚ ਸੀ ਉਸ ਦੇ ਸਿੱਟੇ ਵਜੋਂ ਅਗਸਤ ਮਹੀਨੇ ਦੇ ਆਖਰੀ ਦਿਨਾਂ ਵਿਚ ਸਰਕਾਰ ਨੇ ਆਪਣੇ ਪੰਥ ਵਿਰੋਧੀ ਤੇ ਪੰਜਾਬ ਵਿਰੋਧੀ ਕਾਰਨਾਮਿਆਂ ਨੂੰ ਅੰਜਾਮ ਦੇ ਸਿਰੇ ਪਹੁੰਚਾਉਂਦਿਆਂ ‘ਸਿੱਖ ਸ਼ਹਾਦਤ’ ਨੂੰ ਬੰਦ ਕਰਾਉਣ ਦਾ ਜਾਹਰਾ ਐਲਾਨ ਕਰਕੇ ‘ਸਿੱਖ ਸ਼ਹਾਦਤ’ ਦੇ ਦਫਤਰ ਦਾ ਸਾਮਾਨ ਚੁੱਕ ਲਿਆ। ਪੁਲਿਸ ਦੇ ਸੂਤਰਾਂ ਨੇ ਜ਼ੁਬਾਨੀ ਹੁਕਮਾਂ ਵਿਚ ਸਪੱਸ਼ਟ ਆਖ ਦਿੱਤਾ ਹੈ ਕਿ ਸਾਨੂੰ ਉਪਰੋਂ ਹੁਕਮ ਆਏ ਹੋਏ ਨੇ ਇਸ ਲਈ ਅਸੀਂ ਤਾਂ ਹੁਕਮ ਵਜਾਉਣਾ ਹੈ। ਇਹ ਹੈ ਬਾਦਲ ਸਰਕਾਰ ਦਾ ਸਿੱਖ ਵਿਰੋਧੀ ਕਿਰਦਾਰ। ‘ਸਿੱਖ ਸ਼ਹਾਦਤ’ ਦੇ ਦਫਤਰ ਵਾਲਿਆਂ ਨੇ ਵਾਰ ਵਾਰ ਪੁਲਿਸ ਤੇ ਸਰਕਾਰ ਨੂੰ ਪੁੱਛਿਆ ਕਿ ਆਖਰ ਉਨ੍ਹਾਂ ਦਾ ਕਸੂਰ ਤਾਂ ਦੱਸਿਆ ਜਾਵੇ। ਕਸੂਰ ਪੁੱਛਣ ‘ਤੇ ਪੁਲਿਸ ਅਫਸਰਾਂ ਨੇ ਦੋ ਹਰਫੀ ਗਲ ਆਖਕੇ ‘ਕਾਕਾ ਜੀ ਦੇ ਹੁਕਮ ਆਏ ਹੋਏ ਨੇ।’ ਭਾਵ ਸੁਖਬੀਰ ਬਾਦਲ ਦਾ ਫੁਰਮਾਨ ਹੈ ਕਿ ਜੋ ਵੀ ਬਾਦਲ ਸਰਕਾਰ ਖਿਲਾਫ ਲਿਖਦਾ ਹੈ ਤੇ ਪੰਥ ਦੀ ਗੱਲ ਕਰਦਾ ਹੈ ਉਸ ਦਾ ਮਲੀਆਮੇਟ ਕਰ ਦੇਵੋ। ਇਹੀ ਹਾਲ ਭਾਈ ਦਲਜੀਤ ਸਿੰਘ ਤੇ ਉਸ ਦੇ ਸਾਥੀਆਂ ਦਾ ਕੀਤਾ ਹੈ। ਕਦੇ ਉਸ ਨੂੰ ਰੁਲਦਾ ਸਿੰਘ ਤੇ ਕਤਲ ਨਾਲ ਜੋੜਦੇ ਹਨ ਪਰ ਬਾਅਦ ਵਿਚ ਪੁਲਿਸ ਦਾਅਵਾ ਕਰਦੀ ਹੈ ਕਿ ਇਹ ਕਤਲ ਤਾਂ ਬੱਬਰਾਂ ਨੇ ਕੀਤਾ ਹੈ। ਆਪਾ ਵਿਰੋਧੀ ਬਿਆਨ ਕਰਕੇ ਪਟਿਆਲਾ ਪੁਲਿਸ ਨੂੰ ਜੱਜ ਨੇ ਜੋ ਕੁਝ ਕਿਹਾ ਉਸ ਬਾਰੇ ਪੰਜਾਬ ਦੇ ਮੀਡੀਏ ਵਿਚ ਕਾਫੀ ਛਪ ਚੁੱਕਾ ਹੈ। ਵਿਦੇਸ਼ਾਂ ਵਿਚ ਵਸਦੇ ਸਿੱਖ ਵੀਰੋ ਬਾਦਲ ਦਲ ਦੇ ਅਹੁਦੇਦਾਰ ਜਿਹੜੇ ਤੁਹਾਡੇ ਕੋਲ ਆਉਂਦੇ ਹਨ ਉਨ੍ਹਾਂ ਨੂੰ ਇਕ ਸੁਆਲ ਜ਼ਰੂਰ ਪੁੱਛੋ ਕਿ ਸੌਦਾ ਸਾਧ ਵਿਰੁੱਧ ਅਕਾਲ ਤਖਤ ਤੋਂ ਜਾਰੀ ਹੁਕਮਨਾਮੇ ਨੂੰ ਲਾਗੂ ਕਰਾਉਣ ਵਾਲਿਆਂ ਨੂੰ ਬਾਦਲ ਸਰਕਾਰ ਜੇਲ੍ਹੀਂ ਕਿਉਂ ਡੱਕਦੀ ਹੈ। ਸੁਖਬੀਰ ਬਾਦਲ ਦੇ ਖਾਸ ਬਣਕੇ ਉਹਦੇ ਨਾਲ ਫੋਟੋਆਂ ਖਿਚਾਉਣ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਸੁਖਬੀਰ ਬਾਦਲ ਨੂੰ ਪੁੱਛਣ ਕਿ ਕਲਗੀਧਰ ਪਾਤਸ਼ਾਹ ਦੀ ਬੇਇੱਜ਼ਤੀ ਕਰਨ ਵਾਲੇ ਸੌਦਾ ਸਾਧ ਨਾਲ ਵੋਟਾਂ ਬਦਲੇ ਯਾਰੀ ਪਾ ਕੇ ਪੰਥ ਦੀ ਪਿੱਠ ਵਿਚ ਛੁਰਾ ਕਿਉਂ ਮਾਰਿਆ ਜਾ ਰਿਹਾ ਹੈ। ਕਲਗੀਧਰ ਪਾਤਸ਼ਾਹ ਵੱਡੇ ਨੇ ਜਾਂ ਸੌਦਾ ਸਾਧ। ਖਾਲਸਾ ਜੀ ਇਹ ਸੁਆਲ ਤੁਸੀਂ ਬਾਦਲਦਲੀਆਂ ਨੂੰ ਜ਼ਰੂਰ ਪੁੱਛਣਾ। ਮੇਰੀ ਇਹੋ ਇਕੋ ਬੇਨਤੀ ਹੈ।

– ਗੁਰੂ ਪੰਥ ਦਾ ਦਾਸ ਜਸਵੰਤ ਸਿੰਘ ਸੰਦਰਲੈਂਡ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: