ਖਾਸ ਖਬਰਾਂ

ਮੈਲਬੌਰਨ ‘ਚ ਸੈਂਕੜੇ ਸੰਗਤਾਂ ਵਲੋਂ ਪ੍ਰੋ: ਭੁੱਲਰ ਦੇ ਹੱਕ ‘ਚ ਦਸਤਖਤ

By ਸਿੱਖ ਸਿਆਸਤ ਬਿਊਰੋ

November 29, 2009

ਮੈਲਬੌਰਨ (29 ਨਵੰਬਰ, 2009): ਸਿੱਖ ਫੈਡਰੇਸ਼ਨ ਆੱਫ ਆਸਟ੍ਰੇਲੀਆ ਵੱਲੋਂ ਗੁਰੂਦੁਆਰਾ ਸ਼੍ਰੀ ਗਰੂ ਸਿਂਘ ਸਭਾ ਮੈਲਬੋਰਨ, ਵਿਖੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਰੱਦ ਕਰਵਾਉਣ ਲਈ ਅੱਜ ਦਸਤਖਤੀ ਮੁਹਿੰਮ ਚਲਾਈ ਗਈ ਜਿਸ ਨੂੰ ਸੰਗਤਾਂ  ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਫੈਡਰੇਸ਼ਨ ਵੱਲੋਂ ਚਲਾਈ ਗਈ ਇਸ ਮੁਹਿੰਮ ਬਾਰੇ ਜਾਣਕਾਰੀ ਦੇਂਦਿਆਂ ਫੈਡੇਰਸ਼ਨ ਦੇ ਮੈਲਬੋਰਨ ਇਕਾਈ ਦੇ  ਪ੍ਰਧਾਨ ਸ. ਜਸਪ੍ਰੀਤ ਸਿੰਘ  ਅਤੇ ਜਨਰਲ ਸਕੱਤਰ ਸ. ਹਰਕੀਰਤ ਸਿੰਘ ਅਜਨੋਹਾ  ਅਤੇ ਇਕਾਈ ਦੇ ਨੁਮਾਇੰਦਿਆਂ ਗੁਰਤੇਜ ਸਿੰਘ, ਜਗਦੀਪ ਸਿੰਘ, ਅਕਾਸ਼ਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਗੁਰਨਿੰਦਰ ਸਿੰਘ ਨੇ ਦੱਸਿਆ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਪਿਛਲੇ ਤਕਰੀਬਨ 14 ਸਾਲਾਂ ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਕੈਦ ਹਨ ਅਤੇ ਉਨ੍ਹਾਂ ਨੂੰ ਫਾਂਸੀ ਦੀ ਸਜਾ ਸੁਣਾਇਆਂ ਸੱਤ ਵਰ੍ਹੇ ਬੀਤ ਚੁੱਕੇ ਹਨ। ਫਾਂਸੀ ਦੀ ਸਜਾ ਵਾਲੇ ਕੈਦੀ ਨੂੰ ਇੰਨੇ ਲੰਮੇ ਸਮੇਂ ਤੱਕ ਕੈਦ ਰੱਖਣਾ ਆਪਣੇ ਆਪ ਵਿੱਚ ਹੀ ਫਾਂਸੀ ਰੱਦ ਕਰਨ ਦਾ ਇੱਕ ਅਧਾਰ ਹੈ। ਕਿਉਂਕਿ ਭਾਰਤੀ ਸੁਪਰੀਮ ਕੋਰਟ ਵੱਲੋਂ ਫਾਂਸੀ ਲਈ ਮਿੱਥੇ ‘ਵਿਰਲਿਆਂ ਵਿੱਚੋਂ ਵਿਰਲੇ ਕੇਸ’ ਦਾ ਨਿਯਮ ਪ੍ਰੋ. ਭੁੱਲਰ ਕੇਸ ਉੱਤੇ ਲਾਗੂ ਨਹੀਂ ਹੁੰਦਾ।

ਉਨ੍ਹਾਂ ਦੱਸਿਆ ਕਿ ਪ੍ਰੋ. ਭੁੱਲਰ ਦੀ ਫਾਂਸੀ ਰੱਦ ਕਰਵਾਉਣ ਲਈ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਵੱਲੋਂ ਬੀਤੀ 10 ਅਕਤੂਬਰ ਤੋਂ ਸੰਸਾਰ ਭਰ ਵਿੱਚ ਦਸਤਖਤੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਅੱਜ ਇਸੇ ਤਹਿਤ ਹੀ ਇਹ ਮੁਹਿੰਮ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਤੋਂ ਸ਼ੁਰੂ ਕੀਤੀ ਗਈ ਹੈ। ਇਸ ਮਨੋਰਥ ਲਈ ਤਿਆਰ ਕੀਤੀ ਗਈ ਪਟੀਸ਼ਨ ਵਿੱਚ ਦੱਸਿਆ ਗਿਆ ਹੈ ਕਿ ਸੁਪਰੀਮ ਕੋਰਟ ਵਿੱਚ ਅਦਾਲਤ ਦੇ ਮੁੱਖ ਜੱਜ ਜਸਟਿਸ ਐਮ. ਬੀ. ਸ਼ਾਹ ਨੇ ਪ੍ਰੋ. ਭੁੱਲਰ ਦੇ ਖਿਲਾਫ ਪੁਲਿਸ ਵਲੋਂ ਪੇਸ਼ ਕੀਤੇ ਨੂੰ ‘ਝੂਠ ਦਾ ਪੁਲਿਂਦਾ’ ਕਹਿ ਕੇ ਪ੍ਰੋ. ਭੁੱਲਰ ਨੂੰ ਸਾਫ ਬਰੀ ਕਰ ਦਿੱਤਾ ਸੀ ਅਤੇ ਜੇਕਰ ਫਾਂਸੀ ਦੀ ਸਜਾ ਲਈ ਅਦਾਲਤ ਇਕਮਤ ਨਹੀਂ ਹੈ ਤਾਂ ਫਾਂਸੀ ਨਹੀਂ ਦਿੱਤੀ ਜਾਣੀ ਚਾਹੀਦੀ ।ਇਸ ਤੋਂ ਇਲਾਵਾ ਪ੍ਰੋ. ਭੁੱਲਰ ਖਿਲਾਫ ਪੁਲਿਸ ਵੱਲੋਂ ਖੜ੍ਹੇ ਕੀਤੇ 133 ਗਵਾਹ ਅਦਾਲਤ ਵਿੱਚ ਝੂਠੇ ਨਿਕਲੇ ਪਰ ਉਸ ਨੂੰ ਸਿਰਫ ਪੁਲਿਸ ਹਿਰਾਸਤ ਵਿੱਚ ਦਿੱਤੇ ਬਿਆਨ ਦੇ ਅਧਾਰ ਉਤੇ ਹੀ ਫਾਂਸੀ ਦੀ ਸਜਾ ਸੁਣਾਈ ਗਈ ਹੈ ਜਦਕਿ ਅਦਾਲਤ ਦੇ ਮੁੱਖ ਜੱਜ ਨੇ ਇਸ ਬਿਆਨ ਨੂੰ ‘ਟੇਲਰ ਮੇਡ ਕਨਫੈਸ਼ਨ’ ਦੱਸਦਿਆਂ ਮੂਲੋਂ ਹੀ ਰੱਦ ਕਰ ਦਿੱਤਾ ਸੀ।

ਫੈਡਰੇਸ਼ਨ ਦੇ ਸਕੱਤਰ ਸ. ਜਨਰਲ ਸੱਕਤਰ ਸ. ਰਣਜੀਤ ਸਿੰਘ ਅਤੇ ਖਜ਼ਾਨਚੀ ਸ.ਸੁਖਰਾਜ ਸਿੰਘ ਦੇ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਗੁਰੂਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਕਰੇਗੀਬਰਨ ਤੋਂ ਇਲਾਵਾ ਮੈਲਬੋਰਨ ਦੇ ਵੱਖ-ਵੱਖ ਗੁਰੂਦੁਆਰਿਆਂ ਵਿੱਚ ਵੀ ਚਲਾਈ ਜਾਵੇਗੀ ਅਤੇ ਸਾਰੇ ਦਸਤਖ਼ਤ ਭਾਰਤ ਦੇ ਰਾਸ਼ਟਰਪਤੀ ਕੋਲ ਭੇਜ ਦਿੱਤੇ ਜਾਣਗੇ ਤਾਂ ਕਿ ਲੋਕਾਂ ਦੀ ਆਵਾਜ਼ ਉਨ੍ਹਾਂ ਤੱਕ ਪਹੁੰਚਾਈ ਜਾ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: