January 9, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਸਿੱਖ ਅਰਦਾਸ ਨਕਲ ਮਾਮਲੇ ਨੂੰ ਕੱਲ੍ਹ 8 ਜਨਵਰੀ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ, ਗਿਆਨੀ ਮੱਲ ਸਿੰਘ, ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਗੁਰਬਖਸ਼ੀਸ਼ ਸਿੰਘ ਵੱਲੋਂ ਵਿਚਾਰਨ ਮਗਰੋਂ ਸੀਨੀਅਰ ਅਕਾਲੀ ਆਗੂ ਅਤੇ ਮੰਤਰੀ ਸਿਕੰਦਰ ਮਲੂਕਾ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਅਤੇ ਖਿਮਾ ਯਾਚਨਾ ਵਾਸਤੇ ਦਰਬਾਰ ਸਾਹਿਬ ਅਤੇ ਤਖ਼ਤ ਦਮਦਮਾ ਸਾਹਿਬ ਵਿਖੇ ਚਾਰ ਦਿਨ ਸੰਗਤ ਦੇ ਜੋੜੇ ਅਤੇ ਜੂਠੇ ਭਾਂਡੇ ਸਾਫ਼ ਕਰਨ ਦੀ ਤਨਖ਼ਾਹ ਲਾਈ ਗਈ ਹੈ। ਜਾਣਕਾਰੀ ਮੁਤਾਬਕ ਪੰਜ ਸਿੰਘ ਸਾਹਿਬਾਨ ਵੱਲੋਂ 8 ਜਨਵਰੀ ਦੀ ਇਕੱਤਰਤਾ ’ਚ ਸਿਰਫ਼ ਪੜਤਾਲੀਆ ਕਮੇਟੀ ਦੀ ਰਿਪੋਰਟ ਵਿਚਾਰੀ ਜਾਣੀ ਸੀ। ਇਸ ਤੋਂ ਬਾਅਦ ਸਿਕੰਦਰ ਮਲੂਕਾ ਨੂੰ ਆਪਣਾ ਪੱਖ ਸਪੱਸ਼ਟ ਕਰਨ ਲਈ ਸੱਦਿਆ ਜਾਣਾ ਸੀ ਪਰ ਕਾਰਜਕਾਰੀ ਜਥੇਦਾਰਾਂ ਨੇ ਵੀ ਇਸ ਮਾਮਲੇ ਨੂੰ ਵਿਚਾਰਨ ਲਈ 9 ਜਨਵਰੀ ਅਕਾਲ ਤਖ਼ਤ ’ਤੇ ਮੀਟਿੰਗ ਸੱਦੀ ਹੈ, ਜਿਸ ਕਾਰਨ ਕਾਹਲ ’ਚ ਇਹ ਸਾਰਾ ਮਾਮਲਾ 8 ਜਨਵਰੀ ਨੂੰ ਹੀ ਨਬੇੜ ਦਿੱਤਾ ਗਿਆ ਤਾਂ ਜੋ 9 ਜਨਵਰੀ ਨੂੰ ਉਨ੍ਹਾਂ ਕੋਲ ਇਸ ਮੁੱਦੇ ਸਬੰਧੀ ਕੁਝ ਬਾਕੀ ਨਾ ਰਹਿ ਜਾਵੇ।
ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਮਲੂਕਾ 10 ਜਨਵਰੀ ਤੋਂ ਤਖ਼ਤ ਦਮਦਮਾ ਸਾਹਿਬ ਤੋਂ ਸੇਵਾ ਸ਼ੁਰੂ ਕਰਨਗੇ। ਇਸ ਤੋਂ ਇਲਾਵਾ ਸਿੱਖ ਵਿਦਵਾਨ ਹਰਜਿੰਦਰ ਸਿੰਘ ਦਿਲਗੀਰ ਦੀਆਂ ਸਿੱਖ ਇਤਿਹਾਸ ਬਾਰੇ ਪੁਸਤਕਾਂ ’ਚ “ਇਤਰਾਜ਼ਯੋਗ ਟਿੱਪਣੀਆਂ” ਦੀ ਪੜਤਾਲ ਕਰਨ ਲਈ ਸਿੱਖ ਵਿਦਵਾਨਾਂ ਦੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ’ਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਹਰਭਜਨ ਸਿੰਘ ਮਨਾਵਾ, ਸਿੱਖ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਭਾਈ ਪ੍ਰਤਾਪ ਸਿੰਘ, ਆਨੰਦਪੁਰ ਤੋਂ ਸਿੱਖ ਵਿਦਵਾਨ ਭਾਈ ਹਰਸਿਮਰਨ ਸਿੰਘ ਸ਼ਾਮਲ ਹਨ। ਇਸ ਕਮੇਟੀ ਦੇ ਕੋਆਰਡੀਨੇਟਰ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਨੂੰ ਬਣਾਇਆ ਗਿਆ ਹੈ। ਇਸ ਕਮੇਟੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੀ ਜਾਂਚ ਰਿਪੋਰਟ 7 ਫਰਵਰੀ ਤੱਕ ਮੁਕੰਮਲ ਕਰਕੇ ਅਕਾਲ ਤਖ਼ਤ ਵਿਖੇ ਪੇਸ਼ ਕਰੇ। ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਹੋਈ ਮੀਟਿੰਗ ’ਚ ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ ਸਿੰਘ, ਗਿਆਨੀ ਗੁਰਮੁਖ ਸਿੰਘ, ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਰਘਬੀਰ ਸਿੰਘ ਅਤੇ ਅਕਾਲ ਤਖ਼ਤ ਦੇ ਗ੍ਰੰਥੀ ਗਿਆਨੀ ਗੁਰਬਖਸ਼ੀਸ਼ ਸਿੰਘ ਸ਼ਾਮਲ ਸਨ। ਇਸ ਮਾਮਲੇ ਨੂੰ ਵਿਚਾਰਨ ਮਗਰੋਂ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਫੈਸਲਾ ਸੁਣਾਉਂਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਰਾਮਪੁਰਾ ਫੂਲ ਵਿੱਚ ਚੋਣ ਦਫਤਰ ਦੇ ਉਦਘਾਟਨ ਸਮੇਂ ਅਕਾਲੀ ਮੰਤਰੀ ਮਲੂਕਾ ਵੱਲੋਂ ਹਿੰਦੂ ਮਿਥਿਹਾਸਕ ਗ੍ਰੰਥ ਰਾਮਾਇਣ ਨੂੰ ਪੜ੍ਹਵਾਇਆ ਗਿਆ ਸੀ ਅਤੇ ਉਪਰੰਤ ਸਿੱਖ ਅਰਦਾਸ ਦੀ ਨਕਲ ਕਰਦਿਆਂ ਸਿੱਖ ਗੁਰੂਆਂ ਅਤੇ ਸਿੱਖ ਸ਼ਹੀਦਾਂ ਦਾ ਅਪਮਾਨ ਕੀਤਾ ਗਿਆ ਸੀ।
ਸਬੰਧਤ ਖ਼ਬਰ:
ਸਿੱਖ ਅਰਦਾਸ ਦੀ ਤੌਹੀਨ ਕਰਦੀ ਨਕਲ ਨੂੰ ਹਜ਼ਮ ਕਰਨਾ ਗਿਰਾਵਟ ਦੀ ਸਿਖਰ: ਪੰਥਕ ਤਾਲਮੇਲ ਸੰਗਠਨ …
ਮਲੂਕਾ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਖਿਮਾ ਯਾਚਨਾ ਵਾਸਤੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਕ ਅਖੰਡ ਪਾਠ ਕਰਾਵੇ, ਤਿੰਨ ਦਿਨਾਂ ਦੌਰਾਨ ਰੋਜ਼ਾਨਾ ਇਕ ਘੰਟਾ ਸੰਗਤ ਦੇ ਜੋੜੇ ਸਾਫ ਕਰੇ, ਇਕ ਘੰਟਾ ਸੰਗਤ ਦੇ ਜੂਠੇ ਬਰਤਨ ਸਾਫ ਕਰੇ ਅਤੇ ਚੱਲ ਰਹੇ ਅਖੰਡ ਪਾਠ ਦੀ ਗੁਰਬਾਣੀ ਸਰਵਣ ਕਰੇ। ਇਸ ਦੌਰਾਨ ਅਕਾਲ ਤਖ਼ਤ ਵਿਖੇ 51 ਹਜ਼ਾਰ ਰੁਪਏ ਦੀ ਰਸੀਦ ਕਟਾਵੇ। ਤਖ਼ਤ ਦਮਦਮਾ ਸਾਹਿਬ ਵਿਖੇ ਇਕ ਦਿਨ ਲੰਗਰ ਅਤੇ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਕਰੇ। ਉਥੇ 31 ਹਜ਼ਾਰ ਰੁਪਏ ਗੋਲਕ ’ਚ ਪਾ ਕੇ ਉਸ ਦੀ ਰਸੀਦ ਕਟਾਵੇ। ਇਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਵਿਖੇ 500 ਰੁਪਏ ਦੀ ਕੜਾਹ ਪ੍ਰਸਾਦਿ ਦੀ ਦੇਗ ਕਰਾ ਕੇ ਖਿਮਾ ਯਾਚਨਾ ਦੀ ਅਰਦਾਸ ਕਰਾਵੇ।
ਇਸ ਮੌਕੇ ਅਕਾਲ ਤਖਤ ਸਾਹਮਣੇ ਦਾੜ੍ਹੀ ਖੋਲ੍ਹ ਕੇ ਖੜ੍ਹੇ ਸਿਕੰਦਰ ਮਲੂਕਾ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਸੁਣਾਏ ਗਏ ਫੈਸਲੇ ਨੂੰ ਉਹ ਪ੍ਰਵਾਨ ਕਰਦੇ ਹਨ। ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਦੋਸ਼ ਪ੍ਰਵਾਨ ਕੀਤੇ ਹਨ ਤਾਂ ਉਨ੍ਹਾਂ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਕਾਲ ਤਖ਼ਤ ਦਾ ਹੁਕਮ ਪ੍ਰਵਾਨ ਹੈ। ਮੀਡੀਆ ਸਾਹਮਣੇ ਉਨ੍ਹਾਂ ਨੇ ਆਪਣੇ ਦੋਸ਼ ਮੰਨਣ ਤੋਂ ਇਨਕਾਰ ਕੀਤਾ ਜਦੋਂ ਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਕਿ ਮਲੂਕਾ ਨੇ ਲਿਖਤੀ ਰੂਪ ’ਚ ਆਪਣੇ ਦੋਸ਼ ਸਵੀਕਾਰ ਕੀਤੇ ਹਨ। ਕੱਲ੍ਹ (8 ਜਨਵਰੀ) ਦੀ ਇਕੱਤਰਤਾ ਵਿੱਚ ਨੀਲਧਾਰੀ ਸੰਪਰਦਾ ਦੇ ਸਤਨਾਮ ਸਿੰਘ ਦਾ ਮੁਆਫੀਨਾਮਾ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਰਬਾਰ ਸਾਹਿਬ ਮੱਥਾ ਟੇਕਣ ਸਮੇਂ ਟੋਪੀ ਪਾ ਕੇ ਆਉਣ ਦਾ ਮਾਮਲਾ ਅਤੇ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਦੋਹੇ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਮਾਮਲਾ ਨਹੀਂ ਵਿਚਾਰਿਆ ਗਿਆ। ਇਹ ਮਸਲੇ ਅਗਲੀ ਇਕੱਤਰਤਾ ’ਚ ਵਿਚਾਰੇ ਜਾਣਗੇ।
ਸਬੰਧਤ ਖ਼ਬਰ:
ਦਰਬਾਰ ਸਾਹਿਬ ਦੀ ਨਕਲ ਕਰਕੇ ਦੁਰਗਿਆਣਾ ਮੰਦਰ ਬਣਾਇਆ, ਹੁਣ ਉਸੇ ਮਾਨਸਿਕਤਾ ਨੇ ਅਰਦਾਸ ਦੀ ਨਕਲ ਕੀਤੀ …
ਮੀਡੀਆ ਰਿਪੋਰਟਾਂ ਮੁਤਾਬਕ ਅਕਾਲ ਤਖ਼ਤ ਵਿਖੇ ਹੋਣ ਵਾਲੀ ਇਕੱਤਰਤਾ ਲਗਪਗ ਦੋ ਘੰਟੇ ਦੇਰ ਨਾਲ ਸ਼ੁਰੂ ਹੋਈ ਕਿਉਂਕਿ ਇਕੱਤਰਤਾ ਲਈ ਪੰਜ ਸਿੰਘ ਸਾਹਿਬਾਨ ਦਾ ਕੋਰਮ ਪੂਰਾ ਨਹੀਂ ਹੋ ਸਕਿਆ ਸੀ। ਪੰਜਾਬ ਤੋਂ ਬਾਹਰਲੇ ਤਖ਼ਤਾਂ (ਤਖ਼ਤ ਪਟਨਾ ਸਾਹਿਬ ਅਤੇ ਤਖ਼ਤ ਹਜ਼ੂਰ ਸਾਹਿਬ) ਦੇ ਨੁਮਾਇੰਦੇ ਨਹੀਂ ਪੁੱਜੇ ਸਨ। ਦਰਬਾਰ ਸਾਹਿਬ ਦੇ ਗ੍ਰੰਥੀ ਵੀ ਸ਼ਾਮਲ ਹੋਣ ਲਈ ਨਹੀਂ ਆਏ ਸਨ। ਇਹ ਚਰਚਾ ਸੀ ਕਿ ਦਰਬਾਰ ਸਾਹਿਬ ਦੇ ਸਮੂਹ ਗ੍ਰੰਥੀਆਂ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਅਕਾਲੀ ਮੰਤਰੀ ਨੂੰ ਅਰਦਾਸ ਨਕਲ ਮਾਮਲੇ ’ਚ ਮੁਆਫ਼ੀ ਦੇਣ ਦੇ ਫੈਸਲੇ ’ਚ ਉਹ ਸ਼ਾਮਲ ਨਹੀਂ ਹੋਣਗੇ। ਇਸ ਲਈ ਕਾਫ਼ੀ ਸਮਾਂ ਜੋੜ ਤੋੜ ਦਾ ਸਿਲਸਿਲਾ ਜਾਰੀ ਰਿਹਾ। ਤਕਰੀਬਨ ਡੇਢ ਵਜੇ ਅਕਾਲ ਤਖ਼ਤ ਦੇ ਦੋ ਗ੍ਰੰਥੀ ਸੱਦ ਕੇ ਕੋਰਮ ਪੂਰਾ ਕਰਨ ਦਾ ਯਤਨ ਕੀਤਾ ਗਿਆ। ਕਰੀਬ ਢਾਈ ਵਜੇ ਦਰਬਾਰ ਸਾਹਿਬ ਦੇ ਗ੍ਰੰਥੀ ਵਜੋਂ ਗਿਆਨੀ ਰਘਬੀਰ ਸਿੰਘ ਪੁੱਜੇ ਜਿਸ ਬਾਅਦ ਮੀਟਿੰਗ ਸ਼ੁਰੂ ਹੋਈ, ਜੋ ਕੁਝ ਹੀ ਮਿੰਟਾਂ ’ਚ ਸਮਾਪਤ ਹੋ ਗਈ।
Related Topics: Badal Dal, Beadbi Incidents in Punjab, Giani Gurbachan Singh, Sikandar Maluka