ਹਸਪਤਾਲ ਵਿੱਚ ਦਾਖਲ ਸੰਦੀਪ ਕੰਬੋਜ਼ (ਫਾਈਲ ਫੋਟੋ)

ਪੰਜਾਬ ਦੀ ਰਾਜਨੀਤੀ

ਸ਼ਿਵ ਸੈਨਾ ਦੇ ਆਗੂ ਨੇ ਵੱਧ ਬਾਡੀਗਾਰਡ ਲਈ ਕਰਵਾਇਆ ਸੀ ਆਪਣੇ ਆਪ ‘ਤੇ ਹਮਲਾ

By ਸਿੱਖ ਸਿਆਸਤ ਬਿਊਰੋ

April 30, 2016

ਜਲੰਧਰ: ਪਿਛਲੇ ਦਿਨੀ ਸ਼ਿਵ ਸੈਨਾ ਆਗੂ ‘ਤੇ ਹੋਏ ਹਮਲੇ ਵਿੱਚ ਪੁਲਿਸ ਨੇ ਸ਼ਿਵ ਸੈਨਿਕ ਆਗੂ ਦੇ ਕਰੀਬੀ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ਿਵ ਸੈਨਾ ਆਗੂ ਦੀਪਕ ਕੰਬੋਜ ਨੇ ਪੁਲਿਸ ਤੋਂ ਵੱਧ ਬਾਡੀਗਾਰਡ ਲੈਣ ਦੀ ਮਨਸ਼ਾ ਨਾਲ ਆਪਣੇ ਹੀ ਦੋਸਤਾਂ ਤੋਂ ਆਪਣੇ ਆਪ ‘ਤੇ ਹਮਲਾ ਕਰਵਾਇਆ ਸੀ।ਸਥਾਨਕ ਪੁਲੀਸ ਨੇ ਅੱਜ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਅੱਜ ਦੇਰ ਸ਼ਾਮ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਪੁਲੀਸ ਕਮਿਸ਼ਨਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਨਵੀਂ ਗਠਤ ਵਿਸ਼ੇਸ਼ ਜਾਂਚ ਟੀਮ ਵੱਲੋਂ ਮੁਖ਼ਬਰ ਦੀ ਇਤਲਾਹ ’ਤੇ ਗੌਰਵ ਵਾਸੀ ਢਨ ਮੁਹੱਲਾ ਅਤੇ ਸਪਿੰਦਰ ਵਾਸੀ ਮਖਦੂਮਪੁਰਾ ਨੂੰ ਕਾਬੂ ਕੀਤਾ ਗਿਆ ਹੈ।

ਪੁੱਛਗਿੱਛ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਉਹ ਦੋਸ਼ੀ ਦੀਪਕ ਕੰਬੋਜ ਦੇ ਦੋਸਤ ਹਨ ਤੇ ਦੀਪਕ ਦੇ ਕਹਿਣ ’ਤੇ ਹੀ ਉਨ੍ਹਾਂ ਨੇ ਉਸ ’ਤੇ ਹਮਲਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਦੀਪਕ ਨੇ ਪਾਰਟੀ ਵਿੱਚ ਆਪਣੀ ਵੁੱਕਤ ਵਧਾਉਣ ਅਤੇ ਹੋਰ ਸੁਰੱਖਿਆ ਗਾਰਡ ਲੈਣ ਦੇ ਇਰਾਦੇ ਨਾਲ ਖ਼ੁਦ ’ਤੇ ਹੀ ਹਮਲਾ ਕਰਵਾਉਣ ਦੀ ਯੋਜਨਾ ਘੜੀ ਸੀ।

ਨੌਜਵਾਨਾਂ ਨੇ ਦੱਸਿਆ ਕਿ ਹਮਲੇ ਵਾਲੇ ਦਿਨ ਦੀਪਕ ਉਨ੍ਹਾਂ ਨਾਲ ਹੀ ਸੀ ਤੇ ਹਮਲਾ ਕਰਨ ਤੋਂ ਪਹਿਲਾਂ ਉਨ੍ਹਾਂ ਥਾਂ ਵੀ ਨਿਰਧਾਰਿਤ ਕੀਤੀ ਹੋਈ ਸੀ।

ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ: Shiv Sena leader got self-attacked for more security

ਸ਼ੁਕਲਾ ਨੇ ਦੱਸਿਆ ਕਿ ਸਪਿੰਦਰ ਨੇ ਆਪਣੇ ਲਾਇਸੰਸੀ ਪਿਸਤੌਲ ਤੋਂ ਦੀਪਕ ਦੇ ਪੈਰ ਵਿੱਚ ਗੋਲੀ ਮਾਰੀ ਸੀ। ਇਹ ਪਿਸਤੌਲ ਉਸ ਨੇ ਦਸੰਬਰ 2015 ਵਿੱਚ ਖਰੀਦੀ ਸੀ ਤੇ ਦੀਪਕ ਨੇ ਗੌਰਵ ਨੂੰ ਆਰਮ ਲਾਇਸੰਸ ਦਿਵਾਉਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮਾਰਚ 2016 ਵਿੱਚ ਗੌਰਵ ਨੇ ਵੀ ਨਵਾਂ ਪਿਸਤੌਲ ਖਰੀਦ ਲਿਆ ਸੀ।

ਪੁਲੀਸ ਨੇ ਦੋਵਾਂ ਦੇ ਪਿਸਤੌਲ ਅਤੇ 15 ਜ਼ਿੰਦਾ ਰੋਂਦ ਵੀ ਬਰਾਮਦ ਕੀਤੇ ਹਨ ਤੇ ਘਟਨਾ ਸਮੇਂ ਵਰਤੀ ਪਿਸਤੌਲ ਵੀ ਬਰਾਮਦ ਕਰ ਲਈ ਹੈ। ਸ਼ੁਕਲਾ ਨੇ ਦੱਸਿਆ ਕਿ ਜਾਂਚ ਜਾਰੀ ਹੈ ਤੇ ਛੇਤੀ ਹੀ ਦੀਪਕ ਕੰਬੋਜ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: