ਦਿਲਜੀਤ ਸਿੰਘ ‘ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਨੇ ਜਾਰੀ ਪ੍ਰੈੱਸ ਨੋਟ ‘ਚ ਉਨ੍ਹਾਂ ਕਿਹਾ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਿਰਜਣਾ ਕਰਨ ਸਮੇਂ ਸਿੱਖਾਂ ਨੂੰ ਪੰਜ ਕਕਾਰਾਂ ਦੀ ਬਖਸ਼ਿਸ਼ ਕੀਤੀ ਗਈ ਹੈ, ਜਿਨ੍ਹਾਂ ‘ਚੋਂ ਸਿਰੀ ਸਾਹਿਬ ਪ੍ਰਮੁੱਖ ਕਕਾਰ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਗਮ ਸਮੇਂ ਸੁਰੱਖਿਆ ਅਮਲੇ ਵੱਲੋਂ ਅੰਮ੍ਰਿਤਧਾਰੀ ਸਿੱਖ ਡਾਕਟਰ ਮਨਮਿੰਦਰ ਸਿੰਘ ਸਲੂਜਾ ਨੂੰ ਇਸ ਕਰਕੇ ਅੰਦਰ ਜਾਣੋ ਰੋਕ ਦਿੱਤਾ ਗਿਆ ਕਿ ਉਸ ਨੇ ਸਿਰੀ ਸਾਹਿਬ ਪਾਈ ਹੈ।
ਸੁਰੱਖਿਆ ਅਮਲੇ ਵੱਲੋਂ ਕੀਤੀ ਇਸ ਕਾਰਵਾਈ ਨਾਲ ਸਿੱਖ ਕੌਮ ‘ਚ ਭਾਰੀ ਰੋਹ ਤੇ ਰੋਸ ਹੈ।ਉਨ੍ਹਾਂ ਕਿਹਾ ਕਿ ਉਸੇ ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਸੁਰੱਖਿਆ ਅਮਲੇ ਵੱਲੋਂ ਰੋਕਣਾ ਹੋਰ ਵੀ ਮੰਦਭਾਗਾ ਹੈ ਕਿਉਂਕਿ ਕਨਵੋਕੇਸ਼ਨ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸ.ਮਨਮਿੰਦਰ ਸਿੰਘ ਸਲੂਜਾ ਕੋਲ ਬਕਾਇਦਾ ਦਾਖਲਾ ਪਾਸ ਵੀ ਸੀ।
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਆਪਣੇ ਹੀ ਦੇਸ਼ ਵਿੱਚ ਦੇਸ਼ ਦੀ ਪ੍ਰਮੁੱਖ ਸਖ਼ਸ਼ੀਅਤ ਦੇ ਆਉਣ ਸਮੇਂ ਸ.ਮਨਮਿੰਦਰ ਸਿੰਘ ਸਲੂਜਾ ਨੂੰ ਅੰਮ੍ਰਿਤਧਾਰੀ ਸਿੱਖ ਹੋਣ ਕਰਕੇ ਰੋਕਣਾ ਅਤਿ ਨਿੰਦਣਯੋਗ ਹੈ। ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਮੱਧ ਪ੍ਰਦੇਸ਼ ਦੀ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਇਸ ਮਾਮਲੇ ਦੀ ਤਹਿ ਤੱਕ ਜਾਇਆ ਜਾਵੇ ਤੇ ਪ੍ਰੋਫੈਸਰ ਡਾ:ਮਨਮਿੰਦਰ ਸਿੰਘ ਸਲੂਜਾ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਜਿਹੜੇ ਦੋਸ਼ੀ ਪਾਏ ਜਾਣ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।