Site icon Sikh Siyasat News

ਦੇਸ ਪੰਜਾਬ ਦੇ ਸਾਬਕਾ ਸੰਪਾਦਕ ਤੇ ਲੇਖਕ ਸ. ਗੁਰਬਚਨ ਸਿੰਘ ਚਲਾਣਾ ਕਰ ਗਏ

ਜਲੰਧਰ: ਦੇਸ ਪੰਜਾਬ ਰਸਾਲੇ ਦੇ ਸੰਪਾਦਕ ਤੇ ਨਾਮਵਰ ਲੇਖਕ ਸ. ਗੁਰਬਚਨ ਸਿੰਘ ਬੀਤੇ ਦਿਨ ਚਲਾਣਾ ਕਰ ਗਏ। ਉਹ ਦੇਸ ਪੰਜਾਬ ਦੇ ਸੰਪਾਦਨ ਅਤੇ ਪੰਜਾਬ ਵਿਚ ਮਨੁੱਖੀ ਹੱਕਾਂ ਦੇ ਮਸਲਿਆਂ ਬਾਰੇ ਆਪਣੀਆਂ ਸਰਗਰਮੀਆਂ ਲਈ ਜਾਣੇ ਜਾਂਦੇ ਸਨ।

ਸਿੱਖ ਲੇਖਕ ਤੇ ਵਿਸ਼ਲੇਸ਼ਕ ਸ. ਅਜਮੇਰ ਸਿੰਘ ਨੇ ਸ. ਗੁਰਬਚਨ ਸਿੰਘ ਚਲਾਣੇ ਬਾਰੇ ਕਿਹਾ ਕਿ: “…ਮੇਰੇ ਸੰਘਰਸ਼ੀ ਜੀਵਨ ਦੇ ਸਾਂਝੀ ਤੇ ਪਿਆਰੇ ਦੋਸਤ ਗੁਰਬਚਨ ਸਿੰਘ (ਜਲੰਧਰ) ਦੇ ਸਦੀਵੀ ਵਿਛੋੜਾ ਦੇ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ। ਗੁਰਬਚਨ ਸਿੰਘ ਨੇ ਭਰ ਜਵਾਨੀ ਵਿਚ ਲੋਕ ਹਿਤੈਸ਼ੀ ਲਹਿਰਾਂ ਨਾਲ ਗੂੜਾ ਨਾਤਾ ਜੋੜ ਲਿਆ ਸੀ। ਅਸੀਂ ਦੋ ਦਹਾਕਿਆਂ ਤੋਂ ਵੱਧ ਸਮਾਂ ਪੂਰੇ ਜੋਸ਼ ਖਰੋਸ਼ ਤੇ ਸਿਦਕ ਨਾਲ ਰਲਕੇ ਸਿਸਟਮ ਦੇ ਵਿਰੁੱਧ ਜੂਝੇ। ਜੂਨ 1984 ਵਿੱਚ ਜਦੋਂ ਭਾਰਤ ਦੇ ਹਾਕਮਾਂ ਨੇ ਸ੍ਰੀ ਦਰਬਾਰ ਸਾਹਿਬ ਉਤੇ ਟੈਂਕਾਂ ਨਾਲ ਹਮਲਾ ਕਰ ਦਿੱਤਾ ਤਾਂ ਮੇਰੇ ਵਾਂਗੂੰ ਗੁਰਬਚਨ ਸਿੰਘ ਦੇ ਵੀ ਦੱਬੇ ਪਏ ਸਿੱਖ ਜਜ਼ਬਾਤ ਇਕਦਮ ਜਾਗ ਉਠੇ ਸਨ। ਉਸ ਤੋ ਬਾਅਦ ਅਸੀਂ ਕਮਿਊਨਿਸਟ ਲਹਿਰ ਤੋਂ ਕਿਨਾਰਾ ਕਰ ਲਿਆ ਸੀ ਅਤੇ ਸਿੱਖ ਕੌਮ ਦੀ ਆਜ਼ਾਦੀ ਤੇ ਚੜਦੀ ਕਲਾ ਲਈ ਚੱਲ ਰਹੇ ਸੰਘਰਸ਼ ਨਾਲ ਨਾਤਾ ਜੋੜ ਲਿਆ ਸੀ। ਇਸ ਦੌਰਾਨ ਕੁਝ ਸਿਧਾਂਤਕ ਮੁੱਦਿਆਂ ਨੂੰ ਲੈ ਕੇ ਸਾਡੇ ਵਿਚਕਾਰ ਵਖਰੇਵੇਂ ਪੈਦਾ ਹੋ ਗਏ ਸਨ। ਪਰ ਸਿਧਾਂਤਕ ਵਿਰੋਧਾਂ ਦੇ ਬਾਵਜੂਦ ਸਾਡਾ ਆਪਸੀ ਪਿਆਰ ਲਗਾਤਾਰ ਬਣਿਆ ਰਿਹਾ। ਪਿਛਲੇ ਕੁੱਝ ਮਹੀਨਿਆਂ ਤੋਂ ਜਦੋਂ ਗੁਰਬਚਨ ਸਿੰਘ ਦੀਆਂ ਅੱਖਾਂ ਦੀ ਤਕਲੀਫ਼ ਜਿਆਦਾ ਵਧ ਗਈ ਸੀ ਤਾਂ ਮੈਂ ਇਸ ਦੇ ਇਲਾਜ ਲਈ ਕਾਫੀ ਤਰੱਦਦ ਕੀਤਾ ਸੀ। ਇਸ ਸਮੇਂ ਦੌਰਾਨ ਮੈ ਉਸ ਦਾ ਲਗਾਤਾਰ ਹਾਲ ਚਾਲ ਪੁੱਛਦਾ ਰਿਹਾ। ਪਰ ਅੱਜ ਅਚਾਨਕ ਖਬਰ ਮਿਲੀ ਕਿ ਰਾਤ ਨੂੰ ਉਸ ਨੂੰ ਦਿਲ ਦਾ ਅਜਿਹਾ ਦੌਰਾ ਪਿਆ ਕਿ ਵੇਂਹਦਿਆਂ ਵੇਂਹਦਿਆਂ ਹੀ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਗੁਰਬਚਨ ਸਿੰਘ ਦੀ ਸਿੱਖ ਕੌਮ ਪ੍ਰਤੀ ਵਚਨਬੱਧਤਾ, ਇਮਾਨਦਾਰੀ, ਸਿਰੜ ਤੇ ਜਿੰਦਾਦਿਲੀ ਹਮੇਸ਼ਾ ਯਾਦ ਰਹੇਗੀ। ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version