Site icon Sikh Siyasat News

ਰਵੀ ਸ਼ੰਕਰ ਤੇ ਅਮਿਤਾਬ ਬਚਨ ਵਿਵਾਦ ਦੇ ਨਾਲ-ਨਾਲ ਹੁਣ ਬਾਦਲ ਵੱਲੋ ਖਾਲਸਾ ਕੇਂਦਰ ਦੇ ਕੀਤੇ ਜਾ ਰਹੇ ਉਦਘਾਟਨ ਦਾ ਵਿਰੋਧ ਵੀ ਉਠਿਆ

ਫ਼ਤਹਿਗੜ੍ਹ ਸਾਹਿਬ (22 ਨਵੰਬਰ, 2011): 25 ਨਵੰਬਰ ਨੂੰ ਖ਼ਾਲਸਾ ਵਿਰਾਸਤ ਕੇਂਦਰ ਕੌਮ ਨੂੰ ਸਮਰਪਣ ਕਰਨ ਮੌਕੇ ਆਰਟ ਆਫ ਲਿਵਿੰਗ ਦੇ ਮੁਖੀ ਰਵੀ ਸੰਕਰ ਤੇ ਅਮਿਤਾਬ ਬਚਨ ਨੂੰ ਬੁਲਾਏ ਜਾਣ ਦੇ ਵਿਵਾਦ ਦੇ ਨਾਲ-ਨਾਲ ਹੁਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਇਸ ਕੇਂਦਰ ਦੇ ਕੀਤੇ ਜਾ ਰਹੇ ਉਦਘਾਟਨ ਦਾ ਵਿਰੋਧ ਵੀ ਉੱਠ ਖੜ੍ਹਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਰਵੀ ਸ਼ੰਕਰ ਅਤੇ ਸਿੱਖ ਕਤਲੇਆਮ ਦੇ ਕਥਿਤ ‘ਦੋਸ਼ੀ’ ਅਮਿਤਾਬ ਬਚਨ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤੇ ਜਾਣ ਦਾ ਵਿਰੋਧ ਕਰਦਿਆਂ ਇਹ ਮੰਗ ਵੀ ਰੱਖ ਦਿੱਤੀ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਇਹ ਕੇਂਦਰ ਪੰਥਕ ਰਿਵਾਇਤਾਂ ਮੁਤਾਬਕ ਪੰਜ ਪਿਆਰਿਆ ਤੋਂ ਹੀ ਕੌਮ ਨੂੰ ਸਮਰਪਣ ਕਰਵਾਇਆ ਜਾਵੇ।

ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਪ੍ਰਜ਼ੀਡੀਅਮ ਮੈਂਬਰ ਦਇਆ ਸਿੰਘ ਕੱਕੜ ਤੇ ਜਨਰਲ ਸਕੱਤਰ ਜਸਵੀਰ ਸਿੰਘ ਖੰਡੂਰ ਨੇ ਕਿਹਾ ਕਿ ਇਹ ਕੇਂਦਰ ਮੁੱਖ ਮੰਤਰੀ ਵਲੋਂ ਨਹੀਂ ਸਗੋਂ ਸਿੱਖ ਧਰਮ ਦੀਆਂ ਰਿਵਾਇਤਾਂ ਮੁਤਾਬਿਕ ਪੰਜ ਪਿਆਰਿਆਂ ਵਲੋਂ ਕੌਮ ਨੂੰ ਸਮਰਪਿਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਸਿੱਖ ਰਿਵਾਇਤਾਂ ਮੁਤਾਬਕ ਇਹ ਕਿਸੇ ਸਿਆਸੀ ਵਿਅਕਤੀ ਵਲੋਂ ਕੀਤੇ ਜਾਣ ਵਾਲਾ ਕਾਰਜ ਨਹੀਂ।ਇਸਦੇ ਨਾਲ ਹੀ ਉਕਤ ਆਗੂਆਂ ਨੇ ਕਿਹਾ ਕਿ ਹੋਰਨਾਂ ਧਰਮਾਂ ਦੇ ਪ੍ਰਚਾਰਕਾਂ ਦੀ ਥਾਂ ਇਸ ਮੌਕੇ ਸਿੱਖ ਕੌਮ ਦੇ ਸਰਬ-ਪ੍ਰਵਾਨਿਤ ਵਿਦਵਾਨਾਂ ਤੋਂ ਹੀ ਸੰਬੋਧਨ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਸ ਕੇਂਦਰ ਦੇ ਸੰਕਲਪ, ਉੇਦੇਸ਼ਾਂ ਅਤੇ ਸਿੱਖ ਸਿਧਾਂਤਾਂ ਬਾਰੇ ਸਹੀ ਜਾਣਕਾਰੀ ਸੰਗਤਾਂ ਨੂੰ ਦਿੱਤੀ ਜਾ ਸਕੇ।ਆਰ.ਐਸ.ਐਸ. ਦੇ ਇਸ਼ਾਰਿਆਂ ‘ਤੇ ਸਿੱਖ ਫਲਸਫੇ ਤੋਂ ਅਨਜਾਣ ਲੋਕਾਂ ਤੋਂ ਸੰਬੋਧਨ ਕਰਵਾ ਕੇ ਇਸ ਅਹਿਮ ਸਮਾਗਮ ਨੂੰ ਮਜ਼ਾਕ ਦਾ ਕੇਂਦਰ ਬਣਾਉਣ ਤੋਂ ਬਚਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਵੀ ਸੰਕਰ ਦੇ ਲੁਧਿਆਣਾ ਨੇੜਲੇ ਡੇਰਾ ਬੱਦੋਵਾਲ ਵਿਖੇ ਪਿਛਲੇ ਸਾਲ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਾ ਰੱਖ ਕੇ ਸਿੱਖਾਂ ਦੀਆਂ ਭਾਵਨਵਾਂ ਨੂੰ ਠੇਸ ਪਹੁੰਚਾਈ ਗਈ ਸੀ। ਉਕਤ ਆਗੂਆਂ ਨੇ ਹੋਰ ਕਿਹਾ ਕਿ ਅਮਿਤਾਬ ਬਚਨ ‘ਤੇ 1984 ਦੇ ਸਿੱਖ ਕਤਲੇਆਮ ਵਿੱਚ ਸ਼ਮੂਲੀਅਤ ਦੇ ਦੋਸ਼ ਲੱਗੇ ਹਨ ਅਤੇ ਕਈ ਸਿੱਖ ਸੰਸਥਾਵਾਂ ਉਸ ‘ਤੇ ਇਨ੍ਹਾਂ ਦੋਸ਼ ਤਹਿਤ ਕਾਰਵਾਈ ਲਈ ਯਤਨ ਵੀ ਕਰ ਰਹੀਆਂ ਹਨ ਇਸ ਲਈ ਖ਼ਾਲਸਾ ਪੰਥ ਦੇ ਯਾਦਗਾਰੀ ਸਮਾਗਮਾਂ ਵਿੱਚ ਉਸਦੀ ਸ਼ਮੂਲੀਅਤ ਸਿੱਖ ਕੌਮ ਨੂੰ ਹਮੇਸ਼ਾਂ ਲਈ ਰੜਕਦੀ ਰਹੇਗੀ।ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਕੌਮ ਦੀ ਕਚਹਿਰੀ ਵਿੱਚ ਇਸਦਾ ਜਵਾਬ ਦੇਣਾ ਪਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version