ਬਠਿੰਡਾ/ਭਗਤਾ ਭਾਈ: ਬਾਦਲ ਦਲ ਵਲੋਂ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸਿਰਸਾ ਦੀ ਖੁੱਲ੍ਹ ਕੇ ਹਮਾਇਤ ਲੈਣ ਵਾਲੇ ਬਾਦਲ ਦਲ ਦੇ ਸਾਬਕਾ ਮੰਤਰੀਆਂ, ਉਮੀਦਵਾਰਾਂ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਦੋਸ਼ੀ ਠਹਿਰਾਉਣ ਦੀ ‘ਖੇਡ’ ਖੇਡੀ ਗਈ ਸੀ। ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਦੀ ਪਰਵਾਹ ਨਾ ਕਰਦੇ ਹੋਏ ਇੱਕ ਵਾਰ ਫਿਰ ਡੇਰਾ ਸਿਰਸਾ ਮੁਖੀ ‘ਤੇ ਦਰਜ ਬਲਾਤਕਾਰ ਮਾਮਲੇ ਵਿੱਚ 25 ਅਗਸਤ ਨੂੰ ਫੈਸਲਾ ਆਉਣ ਤੋਂ ਪਹਿਲਾ ਹੀ ਬਾਦਲ ਦਲ ਨੇ ਰਾਮ ਰਹੀਮ ਦੀ ਹਮਾਇਤ ਦਾ ਐਲਾਨ ਕਰ ਦਿੱਤਾ ਹੈ।
ਇਹ ਐਲਾਨ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਨਜ਼ਦੀਕੀ ਭਗਤਾ ਭਾਈਕਾ ਨਗਰ ਕੌਂਸਲ ਦੇ ਪ੍ਰਧਾਨ ਰਾਕੇਸ਼ ਗੋਇਲ, ਨਗਰ ਕੌਂਸਲ ਮਹਿਰਾਜ ਦੇ ਪ੍ਰਧਾਨ ਹਰਿੰਦਰ ਸਿੰਘ ਹਿੰਦਾ, ਕੋਂਸਲਰ ਜਗਮੋਹਨ ਲਾਲ, ਭਗਤਾ ਭਾਈਕਾ ਨਗਰ ਪੰਚਾਇਤ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ, ਹਰਮੇਸ਼ ਸਿੰਘ ਸਰਪੰਚ ਖਿਆਲਾ ਕਲਾਂ, ਸਤਨਾਮ ਸਿੰਘ ਸਰਪੰਚ ਰਾਜਗੜ ਸਮੇਤ ਇਲਾਕੇ ਦੇ ਵੱਡੀ ਗਿਣਤੀ ਵਿੱਚ ਕੌਂਸਲਰਾਂ, ਪੰਚਾਂ, ਸਰਪੰਚਾਂ ਨੇ ਡੇਰਾ ਸਲਾਬਤਪੁਰਾ ਵਿਖੇ ਵਿਸ਼ੇਸ਼ ਤੌਰ ‘ਤੇ ਪੁੱਜ ਕੇ ਡੇਰੇ ਦੇ ਇੰਚਾਰਜ ਜ਼ੋਰਾ ਸਿੰਘ ਦੀ ਹਾਜਰੀ ਵਿੱਚ ਹਮਾਇਤ ਦਾ ਐਲਾਨ ਕੀਤਾ ਹੈ। ਕੌਂਸਲਰ ਜਗਮੋਹਨ ਨੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡੇਰਾ ਸਿਰਸਾ ਸਮਾਜ ਭਲਾਈ ਦੇ ਵਧੀਆ ਉਪਰਾਲੇ ਤਹਿਤ ਲੋਕਾਂ ਦੀ ਮੱਦਦ ਕਰਦਾ ਹੈ ਜੋ ਸ਼ਲਾਘਾਯੋਗ ਕਦਮ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਇਸ ਲਈ ਵੀ ਡੇਰਾ ਸਿਰਸਾ ਦੇ ਮੁਖੀ ਦਾ ਧੰਨਵਾਦ ਕਰਦਾ ਹੈ ਕਿ ਉਹਨਾਂ ਨੇ ਵਿਧਾਨ ਸਭਾ ਚੋਣਾਂ ਮੌਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਖੁੱਲ੍ਹ ਕੇ ਹਮਾਇਤ ਕੀਤੀ ਤੇ ਹੁਣ ਜਦੋਂ ਡੇਰਾ ਮੁਖੀ ‘ਤੇ ਕੁੱਝ “ਸ਼ਰਾਰਤੀ ਅਨਸਰਾਂ” ਵੱਲੋਂ ਕਰਵਾਏ ਕੇਸ ਦਰਜ ‘ਤੇ ਔਖੀ ਘੜੀ ਆਈ ਹੈ ਤਾਂ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੂਰੀ ਤਰਾਂ ਡੇਰੇ ਦੀ ਹਮਾਇਤ ਕਰਦਾ ਹੋਇਆ ਨਾਲ ਖੜ੍ਹਾ ਹੈ।
ਸਬੰਧਤ ਖ਼ਬਰ: ਬਲਾਤਕਾਰ ਮਾਮਲੇ ‘ਚ ਫੈਸਲਾ ਆਉਣ ਤੋਂ ਪਹਿਲਾਂ ਡੇਰਾ ਸਿਰਸਾ ਦੇ ਪ੍ਰੇਮੀਆਂ ਦਾ ਇਕੱਠ ਹੋਣਾ ਸ਼ੁਰੂ …
ਇਸ ਮਾਮਲੇ ਸਬੰਧੀ ਜਦੋਂ ਮੀਡੀਆ ਨੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਗੱਲ ਕਰਨੀ ਚਾਹੀ ਤਾਂ ਫੋਨ ਨਹੀਂ ਚੁੱਕਿਆ। ਨਗਰ ਕੋਂਸਲ ਭਗਤਾ ਭਾਈ ਦੇ ਪ੍ਰਧਾਨ ਰਾਕੇਸ਼ ਗੋਇਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਮਾਇਤ ਨਹੀਂ ਕੀਤੀ ਅਸੀਂ ਤਾਂ ਡੇਰਾ ਪ੍ਰੇਮੀਆਂ ਨਾਲ ਆਪਸੀ ਭਾਈਚਾਰਕ ਸਾਂਝ ਕਰਕੇ ਡੇਰੇ ਗਏ ਸੀ ਅਤੇ ਉਹਨਾਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਹੈ। ਪਰ ਜਦੋਂ ਉਹਨਾਂ ਨੂੰ ਵਿਧਾਨ ਸਭਾ ਚੋਣਾਂ ਮੌਕੇ ਡੇਰੇ ਦੇ ਹਮਾਇਤ ਲੈਣ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਸਮੇਤ ਉਮੀਦਵਾਰਾਂ ਨੂੰ ਅਕਾਲ ਤਖਤ ਸਾਹਿਬ ਵੱਲੋਂ ਸਜਾ ਲਾਉਣ ਦਾ ਧਿਆਨ ਦਿਵਾਇਆ ਤਾਂ ਉਹਨਾਂ ਕੋਈ ਵੀ ਜਵਾਬ ਦੇਣ ਦੀ ਬਜਾਏ ਏਨਾ ਹੀ ਕਿਹਾ ਕਿ ਡੇਰਾ ਪ੍ਰੇਮੀਆਂ ਨਾਲ “ਭਾਈਚਾਰਾ” ਹੈ ਉਸਨੂੰ ਤਾਂ ਨਹੀਂ ਤੋੜਿਆ ਜਾ ਸਕਦਾ। ਡੇਰਾ ਸਲਾਬਤਪੁਰਾ ਦੇ ਪ੍ਰਬੰਧਕਾਂ ਵੱਲੋਂ ਵੀ ਪ੍ਰੈਸ ਬਿਆਨ ਜਾਰੀ ਕਰਦਿਆਂ ਇਲਾਕੇ ਦੀਆਂ ਪੰਚਾਇਤਾਂ ਵੱਲੋਂ ਸਮਰੱਥਨ ਦੇਣ ਤੇ ਧੰਨਵਾਦ ਕੀਤਾ ਗਿਆ ਹੈ।
ਸਬੰਧਤ ਖ਼ਬਰ: ਡੇਰਾ ਸਿਰਸਾ ਮੁੱਦਾ: ਦਿੱਲੀ ਕਮੇਟੀ ਚੋਣਾਂ ਕਾਰਨ ਬਾਦਲ ਦਲ ਦੇ ਆਗੂਆਂ ਖਿਲਾਫ ‘ਜਾਂਚ’ ‘ਚ ਹੋ ਰਹੀ ਦੇਰੀ …