Site icon Sikh Siyasat News

1984 ਵਿੱਚ ਕਾਂਗਰਸ ਦੀ ਸਮੂਲੀਅਤ ਨਾ ਹੋਣ ਬਾਰੇ ਰਾਹੁਲ ਗਾਂਧੀ ਤੇ ਅਮਰਿੰਦਰ ਸਿੰਘ ਦੇ ਬਿਆਨ ਮਹਿਜ਼ ਝੂਠ ਨਹੀਂ ਹਨ

ਚੰਡੀਗੜ੍ਹ: ਲੰਘੇ ਸ਼ੁੱਕਰਵਾਰ (24 ਅਗਸਤ ਨੂੰ) ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਬਰਤਾਨੀਆ ਦੀ ਪਾਰਲੀਮੈਂਟ ਵਿੱਚ ਸਵਾਲ-ਜਾਵਬ ਦੌਰਾਨ ਇਹ ਗੱਲ ਕਹੀ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਵਿੱਚ ਕਾਂਗਰਸ ਪਾਰਟੀ ਸ਼ਾਮਲ ਨਹੀਂ ਸੀ। ਇਕ ਪੱਤਰਕਾਰ ਵੱਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ: “ਮੇਰੇ ਦਿਮਾਗ ਵਿੱਚ ਇਸ ਬਾਰੇ ਕੋਈ ਦੁਬਿਧਾ ਨਹੀਂ ਹੈ। ਇਹ ਇਕ ਤਰਾਸਦੀ ਸੀ, ਇਹ ਦਰਦਨਾਕ ਤਜ਼ਰਬਾ ਸੀ। ਤੁਸੀਂ ਕਿਹਾ ਹੈ ਕਿ ਇਸ ਵਿੱਚ ਕਾਂਗਰਸ ਪਾਰਟੀ ਸ਼ਾਮਲ ਸੀ, ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਯਕੀਨਨ ਹਿੰਸਾ ਹੋਈ ਸੀ, ਯਕੀਕਨ ਇਹ ਤਰਾਸਦੀ ਸੀ” {ਆਈ ਹੈਵ ਨੋ ਕਨਫਿਊਜ਼ਨ ਇਨ ਮਾਈ ਮਾਇੰਡ ਅਬਾਊਟ ਦੈਟ। ਇਟ ਵਾਜ਼ ਏ ਟਰੈਜ਼ਿਡੀ, ਇਟ ਵਾਜ਼ ਏ ਪੇਨਫੁੱਲ ਅਕਸਪੀਰੀਐਂਸ। ਯੂ ਸੇ ਦੈਟ ਦਾ ਕਾਗਰਸ ਪਾਰਟੀ ਵਾਜ਼ ਇਨਵੌਲਵਡ ਇਨ ਦੈਟ, ਆਈ ਡੂ’ਨੌਟ ਐਗਰੀ ਵਿੱਦ ਦੈਟ। ਸਰਟੇਨਲੀ ਦਿਅਰ ਵਾਜ਼ ਵਾਇਲੈਂਸ, ਸਰਟੇਨਲੀ ਦਿਅਰ ਵਾਜ਼ ਟਡੈਜ਼ਡੀ} ਇਸ ਬਿਆਨ ਤੋਂ ਬਾਅਦ ਵਿਰੋਧੀ ਧਿਰਾਂ, ਖਾਸ ਕਰਕੇ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਮੁਖੀ ਦੀ ਕਰੜੀ ਨਿਖੇਧੀ ਕੀਤੀ। ਪੰਜਾਬ ਵਿਚੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਆਪਣੇ ਬਿਆਨਾਂ ਵਿੱਚ ਰਾਹੁਲ ਗਾਂਧੀ ’ਤੇ ਸ਼ਬਦੀ ਹਮਲੇ ਕੀਤੇ ਤੇ ਇਸ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਇਹ ਵੀ ਸਲਾਹ ਦਿੱਤੀ ਕਿ ਰਾਹੁਲ ਗਾਂਧੀ ਦਰਬਾਰ ਸਾਹਿਬ ਆ ਕੇ ਮਾਫੀ ਮੰਗ ਕੇ ਜਾਵੇ।

ਪੰਜਾਬ ਕਾਂਗਰਸ ਦੇ ਆਗੂਆਂ ਨੇ ਅਗਲੇ ਦਿਨ (25 ਅਗਸਤ ਨੂੰ) ਇਕ ਬਿਆਨ ਜਾਰੀ ਕਰਕੇ ਰਾਹੁਲ ਗਾਂਧੀ ਦੇ ਬਿਆਨ ਦੀ ਪਰੋੜਤਾ ਕੀਤੀ ਅਤੇ ਉਸ ਦੀ ਅਲੋਚਨਾ ਕਰਨ ਵਾਲਿਆਂ ਦੀ ਨਿਖੇਧੀ ਕੀਤੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਤੋਂ ਅਗਲੇ ਦਿਨ (26 ਅਗਸਤ ਨੂੰ) ਵੱਖਰਾ ਬਿਆਨ ਜਾਰੀ ਕਰਕੇ ਰਾਹੁਲ ਗਾਂਧੀ ਦੇ ਬਿਆਨ ਨੂੰ ਸਹੀ ਦੱਸਿਆ ਤੇ ਉਸ ਦਾ ਵਿਰੋਧ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਸੁਖਬੀਰ ਸਿੰਘ ਬਾਦਲ ਦੀ ਅਲੋਚਨਾ ਕੀਤੀ।

ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ।

ਅੱਜ (ਅਗਸਤ 27) ਨੂੰ ਪੰਜਾਬ ਵਿਧਾਨ ਸਭਾ ਵਿੱਚ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 1984 ਦੇ ‘ਦੰਗਿਆਂ’ (ਜੋ ਸ਼ਬਦ ਸਰਕਾਰੀ ਬਿਆਨ ਵਿੱਚ ਲਿਿਖਆ ਗਿਆ ਹੈ) ਨਾਲ ਕਾਂਗਰਸ ਦਾ ਕੋਈ ਸਬੰਧ ਨਹੀਂ ਹੈ ਅਤੇ ਕੁਝ ਕਾਂਗਰਸੀ ਨੇਤਾਵਾਂ ਦੀ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਸਿਰਫ ਵਿਅਕਤੀਗਤ ਪੱਧਰ ‘ਤੇ ਹੋ ਸਕਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਹ ਘਟਨਾ (ਨਵੰਬਰ 1984 ਦੀ ਸਿੱਖ ਨਸਲਕੁਸ਼ੀ) ਵਾਪਰਨ ਤੋਂ ਤੁਰੰਤ ਬਾਅਦ ਨਿੱਜੀ ਤੌਰ ‘ਤੇ ਕਈ ਕੈਂਪਾਂ ਵਿੱਚ ਗਏ ਅਤੇ ਉਥੇ ਲੋਕਾਂ ਨੂੰ ਮਿਲੇ।

ਮੁੱਖ ਮੰਤਰੀ ਨੇ ਕਿਹਾ ਕਿ ਕੈਂਪ ਵਿੱਚ ਹਾਜ਼ਰ ਲੋਕਾਂ ਨੇ ਕੁਝ ਕਾਂਗਰਸੀ ਨੇਤਾਵਾਂ ਐਚ.ਕੇ.ਐਲ. ਭਗਤ, ਸੱਜਣ ਕੁਮਾਰ, ਅਰਜਨ ਦਾਸ ਅਤੇ ਧਰਮਦਾਸ ਸ਼ਾਸਤਰੀ ਦੇ ਨਾਂ ਲਏ ਸਨ ਅਤੇ ਇਸ ਪਿੱਛੋਂ ਉਨ੍ਹਾਂ ਨੇ ਇਨ੍ਹਾਂ ਨਾਵਾਂ ਦਾ ਲੋਕਾਂ ਅੱਗੇ ਖੁਲਾਸਾ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਮੈਂ ਪਿਛਲੇ ਲਗਪਗ 34 ਸਾਲਾਂ ਤੋਂ ਇਨ੍ਹਾਂ ਲੋਕਾਂ ਦਾ ਨਾਂ ਲੈ ਰਿਹਾ ਹੈ।” ਮੁੱਖ ਮੰਤਰੀ ਨੇ ਕਿਹਾ ਕਿ ਨਿੱਜੀ ਜਾਣਕਾਰੀ ਤੋਂ ਬਾਹਰੀ ਨਹੀਂ ਸਗੋਂ ਉਨ੍ਹਾਂ ਲੋਕਾਂ ਦੇ ਨਾਂ ਲਏ ਹਨ ਜਿਨ੍ਹਾਂ ਬਾਰੇ ਉਨ੍ਹਾਂ ਕੋਲ ਜ਼ਿਕਰ ਕੀਤਾ ਗਿਆ ਸੀ। ਕੁੱਲ ਮਿਲਾ ਕੇ ਅਮਰਿੰਦਰ ਸਿੰਘ ਦਾ ਬਿਆਨ ਵੀ ਇਹੀ ਹੈ ਕਿ 1984 ਦੇ ਸਿੱਖ ਕਲਤੇਅਮ ਵਿੱਚ ਕਾਂਗਰਸ ਪਾਰਟੀ ਦੀ ਸ਼ਮੂਲੀਅਤ ਨਹੀਂ ਸੀ।

ਨਵੰਬਰ 1984 ਵਿੱਚ “ਦੋਸ਼ੀ ਕੌਣ” (ਹੂ ਆਰ ਗਿਲਟੀ) ਨਾਮੀ ਲੇਖਾ ਛਪਣ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਤੱਥ ਸਾਹਮਣੇ ਆਏ ਹਨ ਉਸ ਤੋਂ ਬਾਅਦ ਇਹ ਗੱਲ ਕਹਿਣ ਦੀ ਵੀ ਲੋੜ ਨਹੀਂ ਹੈ ਕਿ ਕਾਂਗਰਸ ਦਾ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਕਾਂਗਰਸ ਦੇ ਆਗੂ ਅਤੇ ਪੰਜਾਬ ਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਰਾ ਝੂਠ ਬੋਲ ਰਹੇ ਹਨ। ਇਹ ਗੱਲ ਕਿਸੇ ਨੂੰ ਹੁਣ ਸਾਬਤ ਕਰਨ ਦੀ ਲੋੜ ਨਹੀਂ ਹੈ ਕਿ 1984 ਵਿੱਚ ਕਾਂਗਰਸ ਦੀ ਮਹਿਜ਼ ਸ਼ਮੂਲੀਅਤ ਹੀ ਨਹੀਂ ਸੀ ਬਲਕਿ ਇਸੇ ਪਾਰਟੀ ਦੇ ਆਗੂਆਂ ਨੇ 1984 ਦੀ ਨਸਲਕੁਸ਼ੀ ਨੂੰ ਵਿਓਂਤਿਆਂ ਤੇ ਅੰਜਾਮ ਦਿੱਤਾ ਸੀ।
ਪਰ ਇਹਦੇ ਬਾਵਜੂਦ ਇਹ ਕਹਿ ਦੇਣਾ ਕਿ ਰਾਹੁਲ ਗਾਂਧੀ, ਅਮਰਿੰਦਰ ਸਿੰਘ ਤੇ ਹੋਰ ਕਾਂਗਰਸੀ ਝੂਠ ਬੋਲ ਰਹੇ ਹਨ ਇਨ੍ਹਾਂ ਬਿਆਨਾਂ ਦੀ ਅਸਲ ਖਸਲਤ ਨੂੰ ਬੇਪਰਦ ਨਹੀਂ ਕਰਦਾ।

ਨਸਲਕੁਸ਼ੀ ਦੇ ਵਰਤਾਰਿਆਂ ਨੂੰ ਨਿੱਠ ਕੇ ਘੋਖਣ ਵਾਲੇ ਅਮਰੀਕੀ ਵਿਦਵਾਨ ਗਰੇਗਰੀ ਐਚ. ਸਟੈਨਟਨ ਨੇ ਇਸ ਗੋਲੇ ਉੱਤੇ ਵਾਪਰੇ ਵੱਖ-ਵੱਖ ਨਸਲਕੁਸ਼ੀ ਦੇ ਕਾਂਡਾਂ ਦੀ ਘੋਖ ਕਰਕੇ ਇਹ ਨਤੀਜਾ ਕੱਢਿਆ ਹੈ ਕਿ ਹਰ ਨਸਲਕੁਸ਼ੀ ਦੇ ਅੱਠ ਪੜਾਅ ਹੁੰਦੇ ਹਨ ਤੇ ਅਠਵਾਂ ਤੇ ਆਖਰੀ ਪੜਾਅ ‘ਮੁੱਕਰ ਜਾਣ’ ਦਾ ਹੁੰਦਾ ਹੈ। ਇਸ ਵਿਦਵਾਨ ਦੀ ਖੋਜ ਮੁਤਾਬਕ ਮੁੱਕਰ ਜਾਣ ਦਾ ਇਹ ਪੜਾਅ ਸਦਾ ਜਾਰੀ ਰਹਿੰਦਾ ਹੈ ਤੇ ਇਸ ਤਹਿਤ ਨਸਲਕੁਸ਼ੀ ਕਰਨ ਵਾਲੀ ਧਿਰ ਵੱਖ-ਵੱਖ ਢੰਗਾਂ ਨਾਲ ਨਸਲਕੁਸ਼ੀ ਦੇ ਤੱਥ ਤੋਂ ਮੁਨਕਰ ਹੁੰਦੀ ਹੈ।

ਇਸ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਸਾਨੂੰ ਆਮ ਰੂਪ ਵਿੱਚ ਇਕ ਦੂਜੇ ਦੇ ਵਿਰੋਧੀ ਦਿਸਦੇ ਕਾਂਰਗਸ ਅਤੇ ਭਾਜਪਾ-ਬਾਦਲ ਇਕੋ ਖੇਮੇ ਵਿੱਚ ਖੜ੍ਹੇ ਨਜ਼ਰ ਆਉਣਗੇ। ਛਪ ਰਹੀਆਂ ਖਬਰਾਂ ਅਤੇ ਅਖਬਾਰੀ ਬਿਆਨਾਂ ਤੋਂ ਸਾਨੂੰ ਲੱਗ ਰਿਹਾ ਹੈ ਕਿ ਭਾਜਪਾ ਕਾਂਗਰਸ ਦੇ ਪ੍ਰਧਾਨ ਦੀ ਗਲਤ ਬਿਆਨੀ ਦਾ ਵਿਰੋਧ ਕਰਕੇ ਸੱਚ ਬੋਲ ਰਹੀ ਹੈ ਪਰ ਅਸਲ ਵਿੱਚ ਉਹ ਝੂਠ ਦਾ ਵਿਰੋਧ ਕਰਕੇ ਵੀ ਸੱਚ ਨਹੀਂ ਬੋਲ ਰਹੀ ਕਿਉਂਕਿ ਉਹ ਆਪ ਨਵੰਬਰ 1984 ਦੀ ਨਸਲਕੁਸ਼ੀ ਦੇ ਤੱਥ ਨੂੰ ਤਸਲੀਮ ਨਹੀਂ ਕਰਦੀ। ਆਪਣੇ ਬਿਆਨਾਂ ਵਿੱਚ ਰਾਹੁਲ ਗਾਂਧੀ ਅਤੇ ਅਮਰਿੰਦਰ ਸਿੰਘ ਵੀ ਕਤਲੇਆਮ ਤੋਂ ਮੁਨਕਰ ਨਹੀਂ ਹੋ ਰਹੇ ਬੱਸ ਇਹ ਕਹਿ ਰਹੇ ਹਨ ਇਹ ‘ਦੰਗੇ’ ਸਨ (ਭਾਵ ਉਹ ਇਸ ਨੂੰ ਨਸਕਲੁਸ਼ੀ ਨਹੀਂ ਮੰਨਦੇ) ਤੇ ਕਾਂਰਗਸ ਪਾਰਟੀ ਦੀ ਇਸ ਵਿੱਚ ਸ਼ਮੂਲੀਅਤ ਨਹੀਂ ਸੀ।

ਭਾਜਪਾ ਵਾਲੇ ਆਪਣੇ ਬਿਆਨਾਂ ਵਿੱਚ ਇਹ ਕਹਿ ਰਹੇ ਸਨ ਕਿ ਇਹ ‘ਦੰਗੇ’ (ਭਾਵ ਉਹ ਵੀ ਇਸ ਨੂੰ ਨਸਕਲੁਸ਼ੀ ਨਹੀਂ ਮੰਨਦੇ) ਕਾਂਗਰਸ ਨੇ ਕਰਵਾਏ ਸਨ। ਦੋਵੇਂ ਧਿਰਾਂ ਚੱਲ ਨਸਲਕੁਸ਼ੀ ਤੋਂ ਮੁੱਕਰਣ ਦੀ ਨੀਤੀ ਤੇ ਹੀ ਰਹੀਆਂ ਹਨ। ਇਹੀ ਹਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਹੈ ਕਿਉਂਕਿ ਪੰਜਾਬ ਵਿੱਚ ਤਿੰਨ ਵਾਰੀ ਪੰਜ-ਪੰਜ ਸਾਲ ਸੱਤਾ ਵਿੱਚ ਰਹਿਣ ਦੇ ਬਾਵਜੂਦ ਸ਼੍ਰੋ.ਅ.ਦ (ਬਾਦਲ) ਨੇ ਕਿਸੇ ਵੀ ਸਰਕਾਰੀ ਮੰਚ ਤੋਂ 1984 ਦੇ ਵਰਤਾਰੇ ਨੂੰ ਨਸਲਕੁਸ਼ੀ ਨਹੀਂ ਐਲਾਨਿਆ।

ਸੋ ਸਾਡੇ ਲਈ ਇਹ ਸਮਝਣਾ ਮਹੱਤਵਪੂਰਨ ਹੈ ਕਿ ਰਾਹੁਲ ਗਾਂਧੀ ਜਾਂ ਅਮਰਿੰਦਰ ਸਿੰਘ ਦੇ ਬਿਆਨ ਮਹਿਜ਼ ਝੂਠ ਨਹੀਂ ਹਨ ਬਲਕਿ ਇਸ ਤੋਂ ਵੀ ਅਗਾਂਹ ਭਾਰਤੀ ਸਟੇਟ ਦੀ ਨਸਲਕੁਸ਼ੀ ਤੋਂ ਮੁੱਕਰਣ ਦੀ ਨੀਤੀ ਦਾ ਹਿੱਸਾ ਹੈ ਜਿਸ ਨੂੰ ਸਾਰੀਆਂ ਭਾਰਤ ਪੱਖੀ ਧਿਰਾਂ ਆਪਸੀ ਵਿਰੋਧਾਂ ਦੇ ਬਾਵਜੂਦ ਇਕਮਤ ਹੋ ਕੇ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version