Site icon Sikh Siyasat News

ਸ਼ਿਵ ਸੈਨਾ ‘ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਦੋਸ਼ ਲਾਉਦਿਆਂ ਆਗੂਆਂ ਨੇ ਦਿੱਤੇ ਅਸਤੀਫੇ

ਜਲੰਧਰ (30 ਮਾਰਚ, 2016): ਪਿਛਲੇ ਦਿਨੀ ਸ਼ਿਵ ਸੈਨਾ ਪੰਜਾਬ ਦੇ ਇੱਕ ਅਹੁਦੇਦਾਰ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਤੋਂ ਬਾਅਦ ਸ਼ਿਵ ਸੈਨਿਕਾਂ ਵੱਲੋਂ ਸਿੱਖ ਰਾਹਗੀਰਾਂ ਨਾਲ ਕੀਤੇ ਦੁਰਵਿਹਾਰ ਕਰਕੇ ਸਿੱਖ ਜੱਥੇਬੰਦੀਆਂ ਅਤੇ ਸ਼ਿਵ ਸੈਨਾਂ ਵਿੱਚ ਪੈਦਾ ਹੋਏ ਤਨਾਅ ਦੇ ਮੱਦੇ ਨਜ਼ਰ ਸ਼ਿਵ ਸੈਨਾ ਸਮਾਜਵਾਦੀ ਦੇ ਇਕ ਦਰਜਨ ਦੇ ਕਰੀਬ ਆਗੂਆਂ ਨੇ ਪਾਰਟੀ ਤੋਂ ਅਸਤੀਫੇ ਦੇਣ ਦਾ ਐਲਾਨ ਕੀਤਾ ਹੈ ।

ਸ਼ਿਵ ਸੈਨਾ ‘ਤੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦਾ ਦੋਸ਼ ਲਾਉਦਿਆਂ  ਕਪਿਲ ਵਰਮਾ ਤੇ ਹਨੀ ਸਿੰਘ ਨੇ ਦੱਸਿਆ ਕਿ ਉਹ ਪਾਰਟੀ ਦੀਆਂ ਗਲਤ ਨੀਤੀਆਂ ਦੇ ਵਿਰੋਧ ‘ਚ ਅਸਤੀਫੇ ਦੇ ਰਹੇ ਹਨ ।

ਪੰਜਾਬ ਨੌਜਵਾਨ ਸ਼ਿਵ ਸੈਨਾ ਦੇ ਚੇਅਰਮੈਨ ਕਪਿਲ ਵਰਮਾ ਅਤੇ ਉਤਰੀ ਭਾਰਤ ਦੇ ਜਨਰਲ ਸਕੱਤਰ ਅਸਤੀਪਿਆਂ ਦਾ ਐਲਾਨ ਕਰਦੇ ਹੋਏ

ਪਿਛਲੇ ਦਿਨੀਂ ਸਿੱਖ ਜਥੇਬੰਦੀਆਂ ਨਾਲ ਚੱਲ ਰਹੇ ਸ਼ਿਵ ਸੈਨਾ ਦੇ ਟਕਰਾਅ ਨੂੰ ਉਨ੍ਹਾਂ ਮੰਦਭਾਗਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਿੱਖ ਭਾਈਚਾਰੇ ਨਾਲ ਪੁਰਾਣੀ ਸਾਂਝ ਹੈ ਤੇ ਇਕ-ਦੂਸਰੇ ਦੇ ਸੁੱਖ-ਦੁੱਖ ਵਿਚ ਸ਼ਾਮਿਲ ਹੁੰਦੇ ਆ ਰਹੇ ਹਨ ।

ਸ਼ਿਵ ਸੈਨਾ ਵਲੋਂ 2 ਅਪ੍ਰੈਲ ਨੂੰ ਰੈਲੀ ਦੇ ਦਿੱਤੇ ਗਏ ਸੱਦੇ ਨੂੰ ਉਨ੍ਹਾਂ ਗੈਰ ਵਾਜਿਬ ਦੱਸਦੇ ਹੋਏ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਸ਼ਿਵ ਸੈਨਾ ਆਗੂ ਮਾਮਲੇ ਦਾ ਕੋਈ ਸ਼ਾਂਤਮਈ ਹੱਲ ਕੱਢਣ ਲਈ ਪਹਿਲ ਕਰਦੇ ਪਰ ਉਨ੍ਹਾਂ ਰੈਲੀ ਦਾ ਐਲਾਨ ਕਰਕੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਦੇ ਉਹ ਕਤਈ ਹਾਮੀ ਨਹੀਂ ਬਣਨਗੇ ਤੇ ਇਸੇ ਲਈ ਉਨ੍ਹਾਂ ਨੇ ਪਾਰਟੀ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਹੈ । ਉਨ੍ਹਾਂ ਕਿਹਾ ਕਿ ਭਵਿੱਖ ਦੀ ਰਣਨੀਤੀ ਬਾਰੇ ਉਹ ਆਉਣ ਵਾਲੇ ਸਮੇਂ ‘ਚ ਦੱਸਣਗੇ।

ਅਸਤੀਫੇ ਦੇਣ ਵਾਲੇ ਆਗੂਆਂ ‘ਚ ਪੰਜਾਬ ਯੁਵਾ ਸ਼ਿਵ ਸੈਨਾ ਸਮਾਜਵਾਦੀ ਦੇ ਚੇਅਰਮੈਨ ਕਪਿਲ ਵਰਮਾ, ਉੱਤਰ ਭਾਰਤੀ ਦੇ ਜਨਰਲ ਸਕੱਤਰ ਹਨੀ ਸਿੰਘ, ਯੂਥ ਆਗੂ ਰਜਨੀਸ਼ ਗਿੱਲ ਉਪ ਪ੍ਰਧਾਨ ਪੰਜਾਬ, ਸੁਨੀਲ ਬੰਟੀ ਜ਼ਿਲ੍ਹਾ ਪ੍ਰਧਾਨ ਤੇ ਚੰਦਰ ਪ੍ਰਕਾਸ਼ ਸੀਨੀਅਰ ਉਪ ਪ੍ਰਧਾਨ ਪੰਜਾਬ ਆਦਿ ਪ੍ਰਮੁੱਖ ਹਨ । ਇਨ੍ਹਾਂ ਤੋਂ ਇਲਾਵਾ ਪ੍ਰਵਿੰਦਰ ਸਿੰਘ ਉੱਪ ਪ੍ਰਧਾਨ ਜਲੰਧਰ, ਮੋਫੀ ਡੋਗਰਾ ਜਨਰਲ ਸਕੱਤਰ, ਸੋਨੂੰ ਥਾਪਰ ਸ਼ਹਿਰੀ ਪ੍ਰਧਾਨ, ਸੰਨੀ ਭੱਟੀ ਉਪ ਪ੍ਰਧਾਨ ਸ਼ਹਿਰੀ, ਅਜੇ ਵਰਮਾ ਵਾਰਡ ਪ੍ਰਧਾਨ, ਰਾਹੁਲ ਵਾਰਡ ਪ੍ਰਧਾਨ, ਰਣਜੀਤ ਸਿੰਘ ਵਾਰਡ ਪ੍ਰਧਾਨ, ਜੋਨੀ ਵਾਰਡ ਪ੍ਰਧਾਨ, ਅਰੁਣ, ਵਿਸ਼ਾਲ, ਜੱਗਾ, ਰਾਜ ਬਿੱਲਾ, ਰੋਹਿਤ, ਦੀਪਕ, ਅੰਕਿਤ, ਫਰੈਂਕੀ ਵਰਮਾ, ਕਰਨ ਤੇ ਹੋਰ ਯੂਥ ਆਗੂ ਵੀ ਸ਼ਾਮਿਲ ਹਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version