ਚੰਡੀਗੜ੍ਹ: ਕਾਂਗਰਸ ਪਾਰਟੀ ਨੇ ਤਿੰਨ ਨਗਰ ਨਿਗਮਾਂ ਪਟਿਆਲਾ, ਅੰਮ੍ਰਿਤਸਰ ਅਤੇ ਜਲੰਧਰ ਅਤੇ 32 ਨਗਰ ਕੌਂਸਲਰਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ ਐਤਵਾਰ (17 ਦਸੰਬਰ) ਜਿੱਤ ਪ੍ਰਾਪਤ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਅਤੇ ਨਗਰ ਪੰਚਾਇਤਾਂ ਦੇ 414 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਨੇ 276, ਬਾਦਲ ਦਲ ਨੇ 37, ਭਾਜਪਾ ਨੇ 15, ਆਜ਼ਾਦ ਨੇ 94 ਅਤੇ ਆਮ ਆਦਮੀ ਪਾਰਟੀ ਨੇ ਭੁਲੱਥ ਦੇ ਇਕ ਵਾਰਡ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਕਾਂਗਰਸ ਪਾਰਟੀ ਨੇ ਪਟਿਆਲਾ ਦੇ 60 ਵਾਰਡਾਂ ਵਿੱਚੋਂ 59 ’ਤੇ ਜਿੱਤ ਹਾਸਲ ਕੀਤੀ ਹੈ। ਜਲੰਧਰ ਦੇ 80 ਵਾਰਡਾਂ ਵਿੱਚੋਂ ਕਾਂਗਰਸ ਦੇ 66, ਭਾਜਪਾ ਦੇ 8, ਅਕਾਲੀ ਦਲ ਦੇ 4 ਅਤੇ ਦੋ ਆਜ਼ਾਦ ਉਮੀਦਵਾਰ ਜਿੱਤੇ ਹਨ। ਅੰਮ੍ਰਿਤਸਰ ਦੇ 85 ਵਾਰਡਾਂ ’ਚੋਂ ਕਾਂਗਰਸ ਨੂੰ 64, ਬਾਦਲ ਦਲ-ਭਾਜਪਾ ਨੂੰ 13 ਅਤੇ 8 ਆਜ਼ਾਦ ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ ਹੈ।
ਬੇਗੋਵਾਲ ਅਤੇ ਭੋਗਪੁਰ ਵਿੱਚ ਬਾਦਲ ਦਲ ਚੋਣ ਜਿੱਤ ਗਿਆ ਹੈ। ਬਲਾਚੌਰ ਤੇ ਚੀਮਾ ਮੰਡੀ ਵਿੱਚ ਕਰੀਬ ਸਾਰੇ ਆਜ਼ਾਦ ਉਮੀਦਵਾਰ ਜਿੱਤੇ ਹਨ ਅਤੇ ਇਨ੍ਹਾਂ ਦੀ ਜਿੱਤ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਆਪੋ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਕੁਝ ਥਾਵਾਂ ’ਤੇ ਬੂਥਾਂ ਉਪਰ ਕਬਜ਼ਿਆਂ ਅਤੇ ਗੜਬੜ ਦੀਆਂ ਰਿਪੋਰਟਾਂ ਵੀ ਮਿਲੀਆਂ ਸਨ। ਸਭ ਤੋਂ ਵੱਧ ਵੋਟਾਂ 92.22 ਫ਼ੀਸਦੀ ਚੀਮਾ ਮੰਡੀ ’ਚ ਪਈਆਂ ਜਦਕਿ ਸਭ ਤੋਂ ਘੱਟ 51 ਫ਼ੀਸਦੀ ਵੋਟਾਂ ਅੰਮ੍ਰਿਤਸਰ ਨਗਰ ਨਿਗਮ ਵਿੱਚ ਪਈਆਂ। ਬੂਥਾਂ ’ਤੇ ਕਬਜ਼ੇ ਕੀਤੇ ਜਾਣ ਕਰਕੇ ਬਾਦਲ-ਭਾਜਪਾ ਗਠਜੋੜ ਨੇ ਪਟਿਆਲਾ ਨਿਗਮ ਚੋਣਾਂ ਦਾ ਬਾਈਕਾਟ ਕੀਤਾ। ਪਟਿਆਲਾ ਦੇ ਇਕ ਵਾਰਡ ਵਿੱਚ ਵੋਟਿੰਗ ਮਸ਼ੀਨ ਖ਼ਰਾਬ ਹੋਣ ਕਰਕੇ ਇਸ ’ਚ ਮੁੜ ਵੋਟਾਂ ਪੁਆਈਆਂ ਜਾਣਗੀਆਂ। ਨਗਰ ਨਿਗਮ ਅੰਮ੍ਰਿਤਸਰ ਵਿੱਚ ਸਭ ਤੋਂ ਘੱਟ 51 ਫ਼ੀਸਦੀ, ਪਟਿਆਲਾ ਵਿੱਚ 62.22 ਫ਼ੀਸਦੀ, ਜਲੰਧਰ ਵਿੱਚ 57.2 ਫ਼ੀਸਦੀ ਵੋਟਾਂ ਪਈਆਂ। ਨਗਰ ਨਿਗਮਾਂ ਦੇ ਮੁਕਾਬਲੇ ਮਿਉਂਸਿਪਲ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ ਲੋਕਾਂ ਨੇ ਵੱਧ ਦਿਲਚਸਪੀ ਦਿਖਾਈ ਤੇ ਰਿਕਾਰਡ ਵੋਟਾਂ ਪਾਈਆਂ। ਬਾਦਲ ਦਲ-ਭਾਜਪਾ ਗਠਜੋੜ ਅਤੇ ਆਮ ਆਦਮੀ ਪਾਰਟੀ ਨੇ ਸਥਾਨਕ ਇਕਾਈਆਂ ਦੀਆਂ ਚੋਣਾਂ ਵਿੱਚ ਧਾਂਦਲੀਆਂ ਦੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਕਾਂਗਰਸ ਨੇ ਚੋਣ ਅਮਲ ਨੂੰ ਅਗਵਾ ਕਰ ਲਿਆ। ਜਦਕਿ ਕਾਂਗਰਸ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ।