ਬਠਿੰਡਾ: ਪੰਜਾਬ ਦੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਅੱਜ ਉਸ ਸਮੇਂ ਜਰਨੈਲ ਸਿੰਘ ਨਾਮੀ ਸਖਸ਼ ਵੱਲੋਂ ਥੱਪੜ ਜੜ ਦਿੱਤੇ ਗਏ ਜਦੋਂ ਮਲੂਕਾ ਪਿੰਡ ਹਮੀਰਗੜ੍ਹ ਵਿੱਚ ਅਕਾਲੀ ਵਰਕਰਾਂ ਦੀ ਇੱਕ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਜਦੋੰ ਸਿਕੰਦਰ ਸਿੰਘ ਮਲੂਕਾ 23 ਨਵੰਬਰ ਨੂੰ ਅਕਾਲੀ ਦਲ ਬਾਦਲ ਵੱਲੋਂ ਕਰਵਾਈ ਜਾ ਰਹੀ ਸਦਭਾਵਨਾ ਰੈਲੀ ਲਈ ਹਮਾਇਤ ਹਾਸਿਲ ਕਰਨ ਲਈ ਪਿੰਡ ਹਮੀਰਗੜ ਵਿੱਚ ਆਏ ਹੋਏ ਸਨ, ਉਸ ਸਮੇਂ ਜਰਨੈਲ ਸਿੰਘ ਵੱਲੋਂ ਉਨ੍ਹਾਂ ਦੇ ਥੱਪੜ ਮਾਰੇ ਗਏ।
ਉਸ ਤੋਂ ਬਾਅਦ ਸਿਕੰਦਰ ਮਲੂਕਾ ਦੇ ਸਾਥੀਆਂ ਵੱਲੋਂ ਜਰਨੈਲ ਸਿੰਘ ਨੂੰ ਫੜ ਲਿਆ ਗਿਆ ਤੇ ਪੁਲਿਸ ਨੂੰ ਸੌਂਪਣ ਤੋਂ ਪਹਿਲਾਂ ਉਸ ਨਾਲ ਕਾਫੀ ਕੁੱਟਮਾਰ ਕੀਤੀ ਗਈ।
ਬਠਿੰਡਾ ਪੁਲਿਸ ਦੇ ਮੁਖੀ ਸਵਪਨ ਸ਼ਰਮਾ ਨੇ ਸਿੱਖ ਸਿਆਸਤ ਨਿਊਜ਼ ਨਾਲ ਫੋਨ ‘ਤੇ ਗੱਲਬਾਤ ਦੌਰਾਨ ਦੱਸਿਆ ਕਿ ਜਰਨੈਲ਼ ਸਿੰਘ ਖਿਲਾਫ ਸੱਟ ਮਾਰਨ ਦਾ ਕੇਸ ਰਾਮਪੁਰਾ ਫੂਲ ਪੁਲਿਸ ਥਾਣੇ ਵਿੱਚ ਦਰਜ਼ ਕੀਤਾ ਗਿਆ ਹੈ। ਇਹ ਪੁੱਛਣ ‘ਤੇ ਕੀ ਸਿਕੰਦਰ ਸਿੰਘ ਮਲੂਕਾ ਦੇ ਸੱਟ ਵੱਜੀ ਹੈ ਤਾਂ ਪੁਲਿਸ ਮੁਖੀ ਬਠਿਡਾ ਨੇ ਕਿਹਾ ਕਿ ਦੋਸ਼ੀ ਦਾ ਇਰਾਦਾ ਸੱਟ ਮਾਰਨ ਦਾ ਸੀ…ਅਤੇ ਵੱਡੀ ਗੱਲ ਇਰਾਦੇ ਦੀ ਹੈ।
ਇੱਥੇ ਇਹ ਵਰਨਣਯੋਗ ਹੈ ਕਿ ਸਿਕੰਦਰ ਸਿੰਘ ਮਲੂਕਾ ਪਿੱਛਲੇ ਕਈ ਮਹੀਨਿਆਂ ਤੋਂ ਵਿਵਾਦਾਂ ਵਿੱਚ ਘਿਰੇ ਆ ਰਹੇ ਹਨ। ਉਨ੍ਹਾਂ ਨੂੰ ਪਿਛਲੀ ਕੈਨੇਡਾ ਫੇਰੀ ਸਮੇਂ ਵਿਦੇਸ਼ੀ ਸਿੱਖਾਂ ਅਤੇ ਪੰਜਾਬੀਆਂ ਵੱਲੋਂ ਤਗੜੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।
ਸਿਕੰਦਰ ਸਿੰਘ ਮਲੂਕਾ ਬੇਰੁਜ਼ਗਾਰ ਨੌਜਵਾਨਾਂ ਅਤੇ ਬੀਬੀਆਂ ਦੀ ਬਠਿੰਡਾ ਰੈਲੀ ਵਿੱਚ ਕੁੱਟਮਾਰ ਕਰਨ ਕਰਕੇ ਵੀ ਕਾਫੀ ਚਰਚਾ ਵਿੱਚ ਰਹੇ ਸਨ।ਉਨ੍ਹਾਂ ਦੇ ਸਮਰਥਕ ਬਾਦਲ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਬੁਜ਼ਰਗ ਬੀਬੀਆਂ ਸਮੇਤ ਕੁੱਟਮਾਰ ਕਰਨ ਕਰਕੇ ਖ਼ਬਰਾਂ ਵਿੱਚ ਚਰਚਾ ਦਾ ਵਿਸ਼ੇ ਬਣੇ ਰਹੇ ਹਨ।