ਅੰਮ੍ਰਿਤਸਰ: (ਜਗਤਾਰ ਸਿੰਘ ਲਾਂਬਾ) ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਪ੍ਰਦੂਸ਼ਣ ਨੂੰ ਮਾਪਣ ਲਈ ਇੱਥੇ ਸਥਾਪਤ ਕੀਤੇ ਪ੍ਰਦੂਸ਼ਣ ਮਾਪਕ ਯੰਤਰ ਦੀ ਪਲੇਠੀ ਰਿਪੋਰਟ ਮੁਤਾਬਕ ਇਤਿਹਾਸਕ ਸਥਾਨ ਦੇ ਆਲੇ ਦੁਆਲੇ ਹਵਾ ਵਿੱਚ ਪ੍ਰਦੂਸ਼ਣ ਮੌਜੂਦ ਹੈ ਪਰ ਇਹ ਖਤਰਨਾਕ ਹੱਦ ਤੱਕ ਨਹੀਂ ਹੈ।
ਪਿਛਲੇ ਦੋ ਮਹੀਨਿਆਂ ਦੇ ਪ੍ਰਦੂਸ਼ਣ ਸਬੰਧੀ ਪ੍ਰਾਪਤ ਕੀਤੇ ਅੰਕੜਿਆਂ ਵਿੱਚ ਪੀਐਮ 10 (ਪਰਟੀਕੁਲੇਟ ਮੈਟਰ) ਅਤੇ ਪੀਐਮ 2.5 ਦੀ ਮਾਤਰਾ ਨਿਰਧਾਰਤ ਮਾਤਰਾ ਨਾਲੋਂ ਵਧੇਰੇ ਹੈ। ਇੱਥੇ ਪੀਐਮ 10 ਪ੍ਰਦੂਸ਼ਣ ਤੱਤਾਂ ਦੀ ਮੌਜੂਦਗੀ ਪ੍ਰਤੀ ਕਿਊਬਿਕ ਮੀਟਰ ਵਿੱਚ 125 ਤੋਂ 175 ਮਾਈਕਰੋ ਗਰਾਮ ਹੈ, ਜਦੋਂਕਿ ਕੌਮੀ ਏਅਰ ਕੁਆਲਿਟੀ ਸਟੈਂਡਰਡ ਮੁਤਾਬਕ ਇਹ ਪ੍ਰਦੂਸ਼ਣ ਤੱਤ ਸੌ ਮਾਈਕਰੋ ਗਰਾਮ ਤੋਂ ਵੱਧ ਨਹੀਂ ਹੋਣੇ ਚਾਹੀਦੇ। ਇਸੇ ਤਰ੍ਹਾਂ ਪੀਐਮ 2.5 ਪ੍ਰਦੂਸ਼ਣ ਤੱਤਾਂ ਦੀ ਮਾਤਰਾ 22 ਤੋਂ 70 ਮਾਈਕਰੋ ਗਰਾਮ ਪ੍ਰਤੀ ਕਿਊਬਿਕ ਮੀਟਰ ਦਰਜ ਕੀਤੀ ਗਈ ਹੈ, ਜੋ ਕਿ 60 ਮਾਈਕਰੋ ਗਰਾਮ ਪ੍ਰਤੀ ਕਿਊਬਿਕ ਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਰਿਪੋਰਟ ਮੁਤਾਬਕ ਰੂਹਾਨੀ ਅਸਥਾਨ ਦੇ ਆਲੇ ਦੁਆਲੇ ਪ੍ਰਦੂਸ਼ਣ ਤੱਤ ਮੌਜੂਦ ਹਨ।
ਦੱਸਣਯੋਗ ਹੈ ਕਿ ਹਾਈ ਕੋਰਟ ਦੇ ਹੁਕਮਾਂ ‘ਤੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਦਿੱਲੀ ਆਈਆਈਟੀ ਦੇ ਮਾਹਿਰਾਂ ਦੀ ਟੀਮ ਵੱਲੋਂ ਜਾਂਚ ਕੀਤੀ ਗਈ ਸੀ। ਟੀਮ ਨੇ ਆਪਣੀ ਰਿਪੋਰਟ ਵਿੱਚ ਇਸ ਧਾਰਮਿਕ ਅਸਥਾਨ ਦੇ ਆਲੇ ਦੁਆਲੇ ਦੇ ਪ੍ਰਦੂਸ਼ਣ ਅਤੇ ਇਸ ਦੀ ਰੋਕਥਾਮ ਸਬੰਧੀ ਵਿਸਥਾਰਤ ਰਿਪੋਰਟ ਦਿੱਤੀ ਸੀ, ਜਿਸ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਇਹ ਪ੍ਰਦੂਸ਼ਣ ਮਾਪਕ ਯੰਤਰ ਦਰਬਾਰ ਸਾਹਿਬ ਸਮੂਹ ਦੇ ਆਟਾ ਮੰਡੀ ਗੇਟ ਵਾਲੇ ਪਾਸੇ ਸਥਾਪਤ ਕੀਤਾ ਗਿਆ। ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਪ੍ਰਦੂਸ਼ਣ ਕਾਰਨ ਇਸ ਦੀ ਇਮਾਰਤ ‘ਤੇ ਲੱਗੇ ਸੋਨੇ ਦਾ ਰੰਗ ਲਾਲ ਹੋ ਰਿਹਾ ਹੈ, ਸੰਗਮਰਮਰ ਮਟਮੈਲਾ ਹੋ ਰਿਹਾ ਹੈ ਅਤੇ ਕੰਧ ਕਲਾ ਖਰਾਬ ਹੋ ਰਹੀ ਹੈ। ਅਕਾਲ ਤਖ਼ਤ ਸਾਹਿਬ ਵਿਖੇ ਵੀ ਲਾਏ ਗਏ ਸੋਨੇ ਦਾ ਰੰਗ ਪ੍ਰਭਾਵਿਤ ਹੋਇਆ ਹੈ।
ਇਸ ਸਬੰਧੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਐਮਐਸ ਛਤਵਾਲ ਨੇ ਆਖਿਆ ਕਿ ਪਹਿਲੇ ਪੜਾਅ ਵਿੱਚ ਇੱਥੇ ਪ੍ਰਦੂਸ਼ਣ ਮਾਪਕ ਯੰਤਰ ਸਥਾਪਤ ਕੀਤਾ ਹੈ ਅਤੇ ਦੂਜੇ ਪੜਾਅ ’ਚ ਪ੍ਰਦੂਸ਼ਣ ਦੀ ਮਾਤਰਾ ਪਤਾ ਲਾਉਣ ਤੋਂ ਬਾਅਦ ਇਸ ਦੀ ਰੋਕਥਾਮ ਵਾਸਤੇ ਉਪਰਾਲੇ ਹੋਣਗੇ। ਸਬੰਧਤ ਟੀਮ ਵੱਲੋਂ ਪਤਾ ਲਾਇਆ ਜਾ ਰਿਹਾ ਹੈ ਕਿ ਇੱਥੇ ਕਿਸ ਤਰ੍ਹਾਂ ਦਾ ਪ੍ਰਦੂਸ਼ਣ ਹੈ। ਪ੍ਰਦੂਸ਼ਣ ਮਾਪਕ ਯੰਤਰ ਦੀ ਮਦਦ ਨਾਲ ਇਸ ਸਬੰਧੀ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ। ਬੋਰਡ ਦੇ ਡਿਪਟੀ ਡਾਇਰੈਕਟਰ ਚਰਨਜੀਤ ਸਿੰਘ ਨੇ ਆਖਿਆ ਕਿ ਦੋ ਮਹੀਨੇ ਦੀ ਰਿਪੋਰਟ ਵਿੱਚ ਇਸ ਦੇ ਆਲੇ ਦੁਆਲੇ ਪ੍ਰਦੂਸ਼ਣ ਦੀ ਮੌਜੂਦਗੀ ਆਈ ਹੈ ਪਰ ਪ੍ਰਦੂਸ਼ਣ ਦੀ ਇਹ ਮੌਜੂਦਗੀ ਖ਼ਤਰਨਾਕ ਹਦ ਤੱਕ ਨਹੀਂ ਹੈ।
ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਤੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਆਖਿਆ ਕਿ ਫਿਲਹਾਲ ਪ੍ਰਦੂਸ਼ਣ ਮਾਪਕ ਯੰਤਰਾਂ ਦੀ ਕਾਰਗੁਜ਼ਾਰੀ ਦੀ ਰਿਪੋਰਟ ਨਹੀਂ ਮਿਲੀ ਹੈ ਪਰ ਜਲਦੀ ਹੀ ਵਿਭਾਗ ਕੋਲੋਂ ਇਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਵਰਤੇ ਜਾਂਦੇ ਲੱਕੜ ਦੇ ਬਾਲਣ ਦਾ ਰੁਝਾਨ ਜਲਦੀ ਹੀ ਖ਼ਤਮ ਹੋ ਜਾਵੇਗਾ। ਇਮਾਰਤ ਦੀ ਚੱਲ ਰਹੀ ਉਸਾਰੀ ਦਾ ਕੰਮ ਖ਼ਤਮ ਹੋਣ ਮਗਰੋਂ ਰਸੋਈ ਘਰ ਵਿੱਚ ਐਲਪੀਜੀ ਅਤੇ ਸੂਰਜੀ ਊਰਜਾ ਦੀ ਮੁਕੰਮਲ ਵਰਤੋਂ ਹੋਵੇਗੀ।
ਧੰਨਵਾਦ ਸਹਿਤ: ਪੰਜਾਬੀ ਟ੍ਰਿਬਿਊਨ