ਪੁਲਿਸ ਕੈਟ ਗੁਰਮੀਤ ਪਿੰਕੀ

ਆਮ ਖਬਰਾਂ

ਬਦਨਾਮ ਪੁਲਿਸ ਕੈਟ ਪਿੰਕੀ ਨੌਕਰੀ ਬਹਾਲੀ ਲਈ ਹਾਈਕੋਰਟ ਪੁਜਿਆ

By ਸਿੱਖ ਸਿਆਸਤ ਬਿਊਰੋ

June 30, 2015

ਚੰਡੀਗੜ (29 ਜੂਨ 2015):  ਕਤਲ ਕੇਸ ਵਿੱਚ ਸਜ਼ਾ ਭੁਗਤ ਚੁੱਕਾ ਬਦਨਾਮ ਪੁਲਿਸ ਕੈਟ ਅਤੇ ਬਰਖਾਸਤ ਇੰਸਪੈਟਰ ਗੁਰਮੀਤ ਪਿੰਕੀ ਨੇ ਪੰਜਾਬ ਪੁਲਿਸ ਵਿੱਚ ਬਤੌਰ ਇੰਸਪੈਕਟਰ ਬਹਾਲੀ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ।

ਪਿੰਕੀ ਨੂੰ ਪੰਜਾਬ ਪੁਲਿਸ ਦੇ ਕੁਝ ਆਲਾ ਅਧਿਕਾਰੀਆਂ ਵੱਲੋਂ ਚੁੱਪ-ਚੁਪੀਤੇ ਬਹਾਲ ਕਰਕੇ ਫਤਿਹਗੜ੍ਹ ਸਾਹਿਬ ਵਿੱਚ ਨਿਯੁਕਤ ਕਰ ਦਿੱਤਾ ਗਿਆ ਸੀ। ਮੀਡੀਆ ਵਿੱਚ ਮਾਮਲਾ ਆਉਣ ‘ਤੇ ਪਿੰਕੀ ਦੀ ਬਾਹਲੀ ਮੁੜ ਰੱਦ ਕਰ ਦਿੱਤੀ ਸੀ।

ਪਿੰਕੀ ਦੀ ਬਹਾਲੀ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਕਾਫੀ ਨਿਖੇਧੀ ਹੋਈ ਸੀ। ਪਿੱਛੇ ਜਿਹੀ ਪਿੰਕੀ ਨੇ ਠੋਕ ਕਿ ਕਿਹਾ ਸੀ ਕਿ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਪੰਜਾਬ ਦੇ ਕਈ ਪੁਲਿਸ ਅਫਸਰਾਂ ਬਾਰੇ ਸਨਸਨੀਖੇਜ਼ ਖੁਲਾਸੇ ਕਰੇਗਾ ਜਿਸ ਮਗਰੋਂ ਕਈ ਅਫ਼ਸਰ ਸਹਿਮੇ ਹੋਏ ਹਨ।

ਪਿੰਕੀ ‘ਤੇ ਦੋਸ਼ ਹੈ ਕਿ ਉਸ ਨੇ ਸਾਲ 2001 ‘ਚ ਮਹਾਰਾਜ ਨਗਰ ਵਿਚ ਰਹਿਣ ਵਾਲੇ ਅਵਤਾਰ ਸਿੰਘ ਗੋਲਾ ਨਾਮੀ ਨੌਜਵਾਨ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ । ਅਵਤਾਰ ਸਿੰਘ ਗੋਲਾ ਆਪਣੇ ਸਕੂਟਰ ‘ਤੇ ਜਾ ਰਿਹਾ ਸੀ ਕਿ ਇੰਸਪੈਕਟਰ ਪਿੰਕੀ ਤੇ ਉਸ ਦੇ ਸਾਥੀ ਘਰ ਬਾਹਰ ਸ਼ਰਾਬ ਪੀ ਰਹੇ ਸਨ, ਜਦੋਂ ਗੋਲਾ ਨੇ ਰਸਤਾ ਮੰਗਿਆ ਤਾਂ ਤੈਸ਼ ‘ਚ ਆਏ ਪਿੰਕੀ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਬਾਅਦ ‘ਚ ਲੋਕਾਂ ਦੇ ਵੱਧ ਰਹੇ ਰੋਹ ਨੂੰ ਵੇਖਦਿਆਂ ਪੁਲਿਸ ਨੇ ਪਿੰਕੀ ਨੂੰ ਗ੍ਰਿਫਤਾਰ ਕਰ ਲਿਆ ਸੀ।

ਅਦਾਲਤ ‘ਚ ਲੰਬਾ ਸਮਾਂ ਚੱਲੇ ਮੁਕੱਦਮੇ ‘ਚ ਪਿੰਕੀ ਨੂੰ ਦੋਸ਼ੀ ਕਰਾਰ ਦਿੰਦਿਆਂ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਪਰ ਸਰਕਾਰ ਵੱਲੋਂ ਉਸ ਦੀ ਸਜ਼ਾ ਮੁਆਫ ਕਰਨ ਦੀ ਸਿਫਾਰਸ਼ ‘ਤੇ ਰਾਜਪਾਲ ਨੇ ਸਰਕਾਰ ਦੀ ਸਿਫਾਰਸ਼ ਮੰਨ ਲਈ। ਸਰਕਾਰ ਵੱਲੋਂ ਪਿੰਕੀ ਦੀ ਸਜ਼ਾ ਦੌਰਾਨ ਛੁੱਟੀ ਨੂੰ ਉਸ ਦੀ ਸਜ਼ਾ ਦੇ ਦਿਨਾਂ ‘ਚ ਗਿਣ ਲਿਆ ਗਿਆ ਸੀ ਤੇ ਉਸ ਨੂੰ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ ਸੀ ।

ਪੁਲਿਸ ਕੈਟ ਪਿੰਕੀ ‘ਤੇ ਦੋਸ਼ ਲਗਦੇ ਆਏ ਹਨ ਕਿ ਖਾੜਕੂ ਸਿੱਖ ਸੰਘਰਸ਼ ਦੌਰਾਨ ਪਿੰਕੀ ਨੇ ਪੁਲਿਸ ਹਿਰਾਸਤ ਵਿੱਚ ਸਿੱਖ ਖਾੜਕੂਆਂ ਦੇ ਪਰਿਵਾਰਾਂ ਅਤੇ ਖ਼ਾਸ ਕਰ ਕੇ ਸਿੱਖ ਬੀਬੀਆਂ ‘ਤੇ ਅਣਮਨੁੱਖੀ ਤਸ਼ੱਦਦ ਕੀਤੇ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: