ਪੰਥਕ ਇਕੱਠ ਦੌਰਾਨ ਸਟੇਜ 'ਤੇ ਬੈਠੇ ਹੋਏ ਆਗੂ

ਖਾਸ ਖਬਰਾਂ

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਹੋਇਆ ਵੱਡਾ ਇਕੱਠ; ਭਾਈ ਮੰਡ ਨੇ ਇਨਸਾਫ ਲਈ ਮੋਰਚਾ ਅਰੰਭਿਆ

By ਸਿੱਖ ਸਿਆਸਤ ਬਿਊਰੋ

June 02, 2018

ਕੋਟਕਪੂਰਾ: ਕੋਟਕਪੂਰਾ ਨਜ਼ਦੀਕ ਪਿੰਡ ਬਰਗਾੜੀ ਵਿਚ ਤਿੰਨ ਸਾਲ ਪਹਿਲਾਂ ਵਾਪਰੀ ਗੁਰੂ ਗ੍ਰੰਥ ਦੀ ਬੇਅਦਬੀ ਦੀ ਘਟਨਾ ਦਾ ਤਿੰਨ ਸਾਲਾਂ ਵਿਚ ਵੀ ਇਨਸਾਫ ਨਾ ਮਿਲਣ ਦੇ ਰੋਸ ਵਜੋਂ ਬਰਗਾੜੀ ਵਿਖੇ ਇਕ ਵੱਡਾ ਪੰਥਕ ਇਕੱਠ ਹੋਇਆ, ਜਿਸ ਵਿਚ ਸਿੱਖ ਰਾਜਨੀਤਕ ਜਥੇਬੰਦੀਆਂ, ਧਾਰਮਿਕ ਸਖਸ਼ੀਅਤਾਂ ਅਤੇ ਪੰਜਾਬ ਦੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਸਮੇਤ ਹੋਰ ਰਾਜਨੀਤਕ ਪਾਰਟੀਆਂ ਦੇ ਨੁਮਾਂਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ।

ਇਸ ਪੰਥਕ ਇਕੱਠ ਵਿਚ ਬਰਗਾੜੀ ਵਿਚ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ, ਬਹਿਬਲ ਕਲਾਂ ਵਿਚ ਪੁਲਿਸ ਵਲੋਂ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਗਏ ਦੋ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਅਤੇ ਭਾਰਤੀ ਜੇਲ੍ਹਾਂ ਵਿਚ ਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਮੁੱਖ ਮੁੱਦੇ ਸਨ।

ਇਹਨਾਂ ਮੁੱਦਿਆਂ ‘ਤੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਉਕਤ ਘਟਨਾਵਾਂ ’ਤੇ ਪਰਦਾਪੋਸ਼ੀ ਲਈ ਅਤੇ ਦੋਸ਼ੀਆਂ ਨੂੰ ਬਚਾਉਣ ਲਈ ਅਕਾਲੀ ਦਲ ਅਤੇ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ। ਬੁਲਾਰਿਆਂ ਨੇ ਕਿਹਾ ਕਿ ਰਾਜਨੀਤਕ ਲਾਹੇ ਲਈ ਇਹ ਘਟਨਾਵਾਂ ਕਥਿਤ ਤਤਕਾਲੀ ਹਕੂਮਤ ਵੱਲੋਂ ਕਰਵਾਈਆਂ ਗਈਆਂ। ਇਸ ਦੌਰਾਨ ਤਤਕਾਲੀ ਤੇ ਮੌਜੂਦਾ ਮੁੱਖ ਮੰਤਰੀਆਂ ਦੇ ਪਰਿਵਾਰਾਂ ਦੀ ਅੰਦਰਖਾਤੇ ‘ਮਿੱਤਰਤਾ’ ਦਾ ਭਾਂਡਾ ਵੀ ਭੰਨ੍ਹਿਆ ਗਿਆ।

ਇਸ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਬਾਦਲ-ਕੈਪਟਨ ਸਮਝੌਤੇ ਬਾਰੇ ਬੋਲਦਿਆਂ ਕਿਹਾ ਕਿ ਬਹਿਬਲ ਕਾਂਡ ਦੀ ਐੱਫਆਈਆਰ ‘ਚ ਦਰਜ ‘ਅਣਪਛਾਤੀ ਪੁਲੀਸ’ ਅਜੇ ਵੀ ਪਹਿਲੀ ਥਾਂ ਤਾਇਨਾਤ ਹੈ, ਜਿਸ ਤੋਂ ਸਾਫ਼ ਹੈ ਕਿ ਕਿਹੜਾ ਪੁਲੀਸ ਅਫ਼ਸਰ ਕਿਸ ਦੇ ਖ਼ਿਲਾਫ਼ ਕਿਵੇਂ ਕਾਰਵਾਈ ਕਰ ਸਕੇਗਾ? ਉਨ੍ਹਾਂ ਪੰਜਾਬ ਦੇ ਜ਼ਹਿਰੀਲੇ ਹੋ ਰਹੇ ਦਰਿਆਈ ਪਾਣੀਆਂ ਅਤੇ ਵਿਦੇਸ਼ ਜਾ ਰਹੇ ਨੌਜਵਾਨਾਂ ਬਾਰੇ ਵੀ ਫ਼ਿਕਰਮੰਦੀ ਜਤਾਈ। ਇਸ ਤੋਂ ਇਲਾਵਾ ਖਹਿਰਾ ਨੇ ਬੋਲਦਿਆਂ ਮੰਨਿਆ ਕਿ ਪੰਜਾਬ ਦੀ ਰਾਜਨੀਤੀ ਦੀ ਵਾਗਡੋਰ ਕਿਸ ਦੇ ਹੱਥ ਹੋਵੇ ਇਸ ਦਾ ਫੈਂਸਲਾ ਦਿੱਲੀ ਬੈਠੇ ਹੁਕਮਰਾਨ ਅਤੇ ਅਜੈਂਸੀਆਂ ਮਿਲ ਕੇ ਕਰਦੀਆਂ ਹਨ ਤੇ ਜੋ ਵਿਅਕਤੀ ਪੰਜਾਬ ਅਤੇ ਸਿੱਖਾਂ ਦਾ ਹਮਾਇਤੀ ਹੋਵੇ ਉਸ ਨੂੰ ਇਹ ਤਾਕਤਾਂ ਮੁੱਖ ਮੰਤਰੀ ਨਹੀਂ ਬਣਨ ਦੇਣਗੀਆਂ।

ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਲੋਕਾਂ ਨੂੰ ਨਿਹੋਰਾ ਦਿੱਤਾ ਕਿ ਉਹ ਸਿੱਖ ਸੰਘਰਸ਼ ਦੀ ਕਾਮਯਾਬੀ ਲਈ ਸਹਿਯੋਗ ਨਹੀਂ ਦਿੰਦੇ ਅਤੇ ਕੇਵਲ ਨਾਅਰੇ ਮਾਰਦੇ ਹਨ। ਦਲ ਖਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਹਿਬਲ ਕਲਾਂ ਕਾਂਡ ਦੀ ਜਸਟਿਸ ਕਾਟਜੂ ਕਮਿਸ਼ਨ ਵਲੋਂ ਕੀਤੀ ਜਾਂਚ ਵਿਚ ਸਾਫ ਹੈ ਕਿ ਉਸ ਘਟਨਾ ਲਈ ਪੰਜਾਬ ਦੇ ਉਸ ਸਮੇਂ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਪੁਲਿਸ ਦਾ ਡੀਜੀਪੀ ਸੁਮੇਧ ਸੈਣੀ ਸਿੱਧੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਕੋਈ ਵੀ ਸਰਕਾਰ ਸਿੱਖਾਂ ਨੂੰ ਇਨਸਾਫ ਨਹੀਂ ਦੇਣਾ ਚਾਹੁੰਦੀ ਇਹ ਸਿੱਖਾਂ ਨੂੰ ਆਪਣੀ ਲਹਿਰ ਬਣਾ ਕੇ ਹੀ ਲੈਣਾ ਪਵੇਗਾ।

ਸ੍ਰੀ ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਬਾਦਲ ਤੇ ਕੈਪਟਨ ਕਥਿਤ ਰਲੇ ਹੋਏ ਹਨ, ਜਿਸ ਕਾਰਨ ਬੇਅਦਬੀ ਦੇ ਮੁਲਜ਼ਮਾਂ ਅਤੇ ਬਹਿਬਲ ਕਾਂਡ ਦਾ ਖੂਨੀ ਸਾਕਾ ਰਚਾਉਣ ਵਾਲਿਆਂ ਵਿਰੁੱਧ ਕਾਰਵਾਈ ਨਹੀਂ ਹੋਈ। ਉਨ੍ਹਾਂ ਦੇਸ਼ ਅਤੇ ਵਿਦੇਸ਼ ਦੀਆਂ ਜੇਲ੍ਹਾਂ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਪ੍ਰਤੀ ਸਰਕਾਰਾਂ ਦੀ ਪਹੁੰਚ ਨੂੰ ਗ਼ੈਰਸੰਜੀਦਾ ਕਰਾਰ ਦਿੱਤਾ।

ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਮਤੇ ਪਾਸ ਕਰ ਕੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਪਾਵਨ ਸਰੂਪ ਚੋਰੀ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ, ਬਰਗਾੜੀ ਬੇਅਦਬੀ ਕਾਂਡ ਖ਼ਿਲਾਫ਼ ਕੋਟਕਪੂਰਾ ਅਤੇ ਬਹਿਬਲ ਵਿੱਚ ਸ਼ਾਂਤਮਈ ਧਰਨੇ ’ਤੇ ਬੈਠੀ ਸੰਗਤ ਉੱਪਰ ਕਹਿਰ ਢਾਹੁਣ ਵਾਲੇ ਪੁਲੀਸ ਕਰਮਚਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਦੇਸ਼-ਵਿਦੇਸ਼ ਵਿੱਚ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਲਈ ਚਾਰਾਜੋਈ ਕੀਤੀ ਜਾਵੇ। ਇਸ ਮੌਕੇ ਗੁਰਬਖਸ਼ ਸਿੰਘ ਖਾਲਸਾ ਦੇ ਪਿਤਾ, ਗੁਰਜੀਤ ਸਿੰਘ ਸਰਾਵਾਂ ਦੇ ਪਿਤਾ ਅਤੇ ਕ੍ਰਿਸ਼ਨ ਭਗਵਾਨ ਸਿੰਘਦੇ ਪੁੱਤਰ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਵਿਧਾਇਕ ਮਾਸਟਰ ਬਲਦੇਵ ਸਿੰਘ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ, ਲੱਖਾ ਸਿਧਾਣਾ, ਗੁਰਦੀਪ ਸਿੰਘ ਬਠਿੰਡਾ, ਵੱਸਣ ਸਿੰਘ ਜ਼ਫ਼ਰਵਾਲ, ਭਾਈ ਮੋਹਕਮ ਸਿੰਘ, ਬਲਦੇਵ ਸਿੰਘ ਸਿਰਸਾ ਆਦਿ ਹਾਜ਼ਰ ਸਨ।

ਭਾਈ ਮੰਡ ਵੱਲੋਂ ਪੱਕਾ ਮੋਰਚਾ ਸ਼ੁਰੂ ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਮੰਗਾਂ ਲਈ ਹਕੂਮਤ ’ਤੇ ਦਬਾਅ ਬਣਾਉਣ ਲਈ ਅੱਜ ਦੇ ਇਕੱਠ ਵਾਲੀ ਥਾਂ ’ਤੇ ਤੁਰੰਤ ਬੇਮਿਆਦੀ ਧਰਨੇ ‘ਤੇ ਬੈਠਣ ਦਾ ਫੈਸਲਾ ਸੁਣਾਇਆ। ਕਰੀਬ ਸਾਢੇ ਪੰਜ ਵਜੇ ਸਮਾਗਮ ਦੀ ਸਮਾਪਤੀ ਪਿੱਛੋਂ ਉਹ ਦਾਣਾ ਮੰਡੀ ਵਿੱਚ ਆਪਣੇ ਮਿਸ਼ਨ ’ਤੇ ਸਮਰਥਕਾਂ ਸਮੇਤ ਡਟ ਗਏ।

ਹੁਣ ਤਕ ਦੀ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਬਰਗਾੜੀ ਪਿੰਡ ਵਿਚ ਘੇਰਾ ਸਖਤ ਕਰ ਦਿੱਤਾ ਹੈ ਤੇ ਸੰਗਤਾਂ ਨੂੰ ਆਉਣ ਤੋਂ ਰੋਕਿਆ ਜਾ ਰਿਹਾ ਹੈ। ਬਰਗਾੜੀ ਨੂੰ ਜਾਂਦੇ ਰਸਤਿਆਂ ‘ਤੇ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਕੀਤੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: