ਚੰਡੀਗੜ੍ਹ: 20-21 ਅਕਤੂਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਪੰਥਕ ਅਸੈਂਬਲੀ ਤੋਂ ਬਾਅਦ ਹੁਣ ਇਸ ਦੇ ਪ੍ਰਬੰਧਕਾਂ ਵਲੋਂ ਚੰਡੀਗੜ੍ਹ ਵਿਖੇ ਬੈਠਕ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਕਿ ਮੌਜੂਦਾ ਵੇਲੇ ਸਿੱਖਾਂ ਦੇ ਹਿਤਾਂ ਦੀ ਪੂਰਨ ਤਰਜਮਾਨੀ ਕਰਦੀ ਕਿਸੇ ਵੀ ਧਿਰ ਦੀ ਅਣਹੋਂਦ ਨੂੰ ਮਹਿਸੂਸ ਕਰਦਿਆਂ ਪੰਥਕ ਕਨਫੈਡਰੇਸ਼ਨ ਦਾ ਗਠਨ ਕੀਤਾ ਜਾਵੇਗਾ।
ਪੰਥਕ ਕਨਫੈਡੇਰਸ਼ਨ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ “ਪੰਥਕ ਕਨਫੈਡ੍ਰੇਸ਼ਨ ਧਾਰਮਿਕ, ਸੱਭਿਆਚਾਰਕ, ਰਾਜਸੀ ਅਤੇ ਸਿੱਖ ਪੰਥ ਦੀ ਹੋਂਦ ਤੇ ਹੋਣੀ ਨਾਲ ਸਬੰਧਤ ਮਸਲਿਆਂ ਬਾਰੇ ਵੱਖ ਵੱਖ ਵਿਚਾਰ ਰੱਖਣ ਵਾਲੇ ਸਿੱਖਾਂ ਦੇ ਅੱਡ ਅੱਡ ਸਮੂਹਾਂ ਤੇ ਸ਼ਖਸ਼ੀਅਤਾਂ ਦਾ ਇਕ ਸੰਗਠਨ ਹੋਵੇਗਾ, ਜਿਹੜੇ ਇਕ ਵੱਡੀ ਰਣਨੀਤੀ ਅਧੀਨ ਸੋਚ ਵਿਚਾਰ ਕੇ ਬਣੀ ਇਕ ਸਾਂਝੀ ਰਾਇ ਉਤੇ ਚੱਲਣ ਦੇ ਪਾਬੰਦ ਹੋਣਗੇ।”
“ਪੰਥਕ ਕਨਫੈਡ੍ਰੇਸ਼ਨ ਆਪਣਾ ਅੰਗ ਬਣੀਆਂ ਅਨੇਕ ਸਿੱਖ ਜਥੇਬੰਦੀਆਂ ਤੇ ਸ਼ਖਸ਼ੀਅਤਾਂ ਵਿਚਕਾਰ ਮੌਜੂਦ ਵੱਖ ਵੱਖ ਵਿਚਾਰਾਂ ਦਾ ਸਤਿਕਾਰ ਕਰਦੀ ਹੋਈ ਸਿੱਖ ਪੰਥ ਨੂੰ ਦਰਪੇਸ਼ ਅਹਿਮ ਮਸਲਿਆਂ ਬਾਰੇ ਆਮ ਸਹਿਮਤੀ ਬਣਾਉਣ ਲਈ ਹਰੇਕ ਦੀ ਰਾਇ ਨੂੰ ਮਾਨਤਾ ਦੇਵੇਗੀ ਤੇ ਜਾਤੀ ਅਤੇ ਸਵਾਰਥੀ ਹਿਤਾਂ ਤੋਂ ਉਪਰ ਉਠ ਕੇ ਅਪਸੀ ਸਦਭਾਵਨਾ ਤੇ ਪੰਥਕ ਸੇਵਾ ਨੂੰ ਮੁੱਖ ਰੱਖ ਕੇ ਕਿਸੇ ਸਾਂਝੀ ਰਾਇ ਉਤੇ ਪਹੁੰਚਣ ਦਾ ਯਤਨ ਕਰੇਗੀ“
17 ਜਨਵਰੀ ਨੂੰ ਹੋਰਨਾਂ ਪੰਥਕ ਸ਼ਖਸ਼ੀਅਤਾਂ ਤੇ ਪੰਥਕ ਧਿਰਾਂ ਦੀ ਇਕ ਵੱਡੀ ਮੀਟਿੰਗ ਕਰ ਕੇ ਕਨਫੈਡ੍ਰੇਸ਼ਨ ਬਾਰੇ ਵਿਸਥਾਰੀ ਐਲਾਨ ਕੀਤਾ ਜਾਵੇਗਾ। ਜਿਸ ਵਿਚ ਪੰਥਕ ਕਨਫੈਡਰੇਸ਼ਨ ਦਾ ਵਿਧਾਨ ਤੇ ਐਲਾਨਨਾਮਾ ਜਾਰੀ ਕੀਤਾ ਜਾਵੇਗਾ।
ਇਸ ਬੈਠਕ ਵਿਚ ਜਥੇਦਾਰ ਗਿਆਨੀ ਕੇਵਲ ਸਿੰਘ, ਜਥੇਦਾਰ ਸੁਖਦੇਵ ਸਿੰਘ ਭੌਰ, ਸ.ਗੁਰਤੇਜ ਸਿੰਘ ਆਈ ਏ ਐਸ, ਸ.ਬੀਰਦਵਿੰਦਰ ਸਿੰਘ, ਸ. ਗੁਰਪ੍ਰੀਤ ਸਿੰਘ, ਪੱਤਰਕਾਰ ਸ.ਜਸਪਾਲ ਸਿੰਘ ਸਿੱਧੂ, ਭਾਈ ਹਰਸਿਮਰਨ ਸਿੰਘ, ਸ. ਨਵਕਿਰਨ ਸਿੰਘ ਐਡਵੋਕੇਟ, ਜਸਵਿੰਦਰ ਸਿੰਘ ਐਡਵੋਕੇਟ, ਸ. ਖੁਸ਼ਹਾਲ ਸਿੰਘ, ਜਨਰਲ ਸਕੱਤਰ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਅਤੇ ਗੁਰਬਚਨ ਸਿੰਘ ਅਧਾਰਿਤ ਪੰਥਕ ਕਨਫੈਡ੍ਰੇਸ਼ਨ ਦੇ ਕੰਮ ਨੂੰ ਚਲਾਉਣ ਲਈ ਕੋਰ ਕਮੇਟੀ ਬਣਾਈ ਗਈ।