ਜਲੰਧਰ (17 ਨਵੰਬਰ, 2015): ਅਖਬਾਰੀ ਮੀਡੀਆ ਵਿੱਚ ਚਰਚਿਤ ਖਬਰ ਅਨੁਸਾਰ ਅੰਮ੍ਰਿਤਸਰ ਤੋਂ ਸਾਬਕਾ ਲੋਕ ਸਭਾ ਮੈਬਰ ਨਵਜੋਤ ਸਿੱਧੂ ਦਾ ਭਜਾਪਾ ਦੇ ਕਮਲ ਫੁੱਲ ਦੀ ਸੁਗੰਧੀ ਤੋਂ ਮਨ ਭਰ ਗਿਆ ਹੈ ਅਤੇ ਹੁਣ ਉਹ ਆਮ ਆਦਮੀ ਪਾਰਟੀ ਦਾ ਝਾੜੂ ਫੜ੍ਹਨ ਦੀ ਤਿਆਰੀ ਵਿੱਚ ਹਨ।
ਭਾਜਪਾ ਦੇ ਤੇਜ਼-ਤਰਾਰ ਭਾਸ਼ਣਕਾਰ ਤੇ ਸਾਬਕਾ ਲੋਕ ਸਭਾ ਮੈਂਬਰ ਸ: ਨਵਜੋਤ ਸਿੰਘ ਸਿੱਧੂ ਦੇ ਅੱਜਕਲ੍ਹ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਣ ਦੀ ਚਰਚਾ ਜ਼ੋਰਾਂ ਉੱਪਰ ਹੈ । ਸਮਝਿਆ ਜਾਂਦਾ ਹੈ ਕਿ ‘ਆਪ’ ਦੀ ਕੌਮੀ ਲੀਡਰਸ਼ਿਪ ਵੀ ਇਸ ਭਾਲ ‘ਚ ਹੈ ਕਿ ਅਗਲੀਆਂ ਚੋਣਾਂ ਸਮੇਂ ਕਿਸੇ ਭੀੜ ਜੁਟਾਉਣ ਵਾਲੇ ਆਗੂ ਨੂੰ ਅੱਗੇ ਲਿਆਂਦਾ ਜਾਵੇ ਜੋ ਅਕਾਲੀ ਦਲ ਤੇ ਕਾਂਗਰਸ ਲੀਡਰਸ਼ਿਪ ਨੂੰ ਮੁਕਾਬਲਾ ਦੇਣ ਦੇ ਸਮਰੱਥ ਹੋਵੇ ।
ਨਵਜੋਤ ਸਿੱਧੂ ਬਾਦਲ ਦਲ ਦੀ ਲੀਡਰਸ਼ਿਪ ਵਿਰੁੱਧ ਡਟਣ ‘ਚ ਮਸ਼ਹੂਰ ਰਹੇ ਹਨ ਤੇ ਇਸ ਵੇਲੇ ਉਹ ਸਰਗਰਮ ਸਿਆਸਤ ਤੋਂ ਦੂਰ ਟੀ. ਵੀ. ਸੀਰੀਅਲ ਕਰਨ ‘ਚ ਹੀ ਵਧੇਰੇ ਮਸਰੂਫ ਹਨ । ਇਹ ਵੀ ਕਿਹਾ ਜਾਂਦਾ ਹੈ ਕਿ ਪਿਛਲੇ ਦਿਨੀਂ ਸ: ਸਿੱਧੂ ਦੀ ‘ਆਪ’ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਵੀ ਹੋ ਚੁੱਕੀ ਹੈ ।
ਜਦ ਇਸ ਬਾਰੇ ‘ਆਪ’ ਦੇ ਕੌਮੀ ਆਗੂ ਦੁਰਗੇਸ਼ ਪਾਠਕ ਤੇ ਪੰਜਾਬ ਦੇ ਕਨਵੀਨਰ ਸ: ਸੁੱਚਾ ਸਿੰਘ ਛੋਟੇਪੁਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹੀ ਕੋਈ ਗੱਲ ਨਹੀਂ, ਇਹ ਤਾਂ ਸਿਆਸੀ ਅਟਕਲਾਂ ਹੀ ਹਨ । ਪਰ ਜਵਾਬ ਦੇਣ ਲੱਗਿਆਂ ਦੋਵਾਂ ਨੇਤਾਵਾਂ ਦਾ ਲਹਿਜਾ ਇਹ ਦੱਸ ਰਿਹਾ ਸੀ ਕਿ ਦਾਲ ‘ਚ ਕੁਝ ਕਾਲਾ ਜ਼ਰੂਰ ਹੈ ।