ੳਨਟਾਰੀਓੁ, ਕੈਨੇਡਾ ( 18 ਅਪ੍ਰੈਲ, 2015): ਵਿਵਾਦਤ ਫਿਲਮ ਨਾਨਕਸ਼ਾਹ ਫਕੀਰ ਦੇ ਨਿਰਮਾਤਾ ਹਰਿੰਦਰ ਸਿੱਕਾ ਨੇ ਸਿੱਖਾਂ ਵੱਲੋਂ ਕੀਤੀਆਂ ਬੇਨਤੀਆਂ ਅਤੇ ਚੇਤਾਵਨੀਆਂ ਨੂੰ ਦਰਕਿਨਾਰ ਕਰਦਿਆਂ ਫਿਲਮ ਨੂੰ ਕੱਲ ਰਿਲੀਜ਼ ਕਰ ਦਿੱਤਾ।ਉਸ ਵੱਲੋਂ ਫਿਲਮ ਰਿਲੀਜ਼ ਕਰਨ ਦੇ ਫੈਸਲੇ ਨੇ ਸਿੱਖ ਸੰਗਤ ਵਿੱਚ ਸਖਤ ਰੋਸ ਪੈਦਾ ਕਰ ਦਿੱਤਾ ਹੈ।
ਪੰਜਾਬ, ਪਾਕਿਸਤਾਨ , ਚੰਡੀਗੜ੍ਹ, ਦਿੱਲੀ, ਸਲੋਹ (ਬਰਤਾਨੀਆ), ਇਟਲੀ, ਜਰਮਨੀ, ਮੈਲਬੌਰਨ/ਆਸਟਰੇਲੀਆ ਅਤੇ ਕੈਨੇਡਾ ਵਿੱਚ ਸਿੱਖਾਂ ਨੇ ਫਿਲ਼ਮ ਦਾ ਸਖਤ ਵਿਰੋਧ ਕੀਤਾ ਹੈ। ਜਿਸਦੇ ਸਿੱਟੇ ਵਜੋਂ ਪੰਜਾਬ ਅਤੇ ਚੰਡੀਗੜ੍ਹ ਦੀ ਸਰਕਾਰ ਨੇ ਫਿਲਮ ‘ਤੇ ਪਾਬੰਦੀ ਲਾ ਦਿੱਤੀ ਹੈ।
ਦਿੱਲੀ ਦੀਆਂ ਸਿੱਖ ਨੌਜਵਾਨ ਸੰਸਥਾਵਾਂ ਦਿੱਲੀ ਸਰਕਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਦਿੱਲੀ ਵਿੱਚ ਫਿਲਮ ਦੇ ਪ੍ਰਦਰਸ਼ਨ ‘ਤੇ ਰੋਕ ਲਈ ਦਬਾਅ ਬਣਾ ਰਹੀਆਂ ਹਨ।
ਇਸੇ ਦੌਰਾਨ ਖਬਰਾਂ ਮਿਲੀਆਂ ਹਨ ਕਿ ਕੈਨੇਡਾ ਵਿੱਚ ਫਿਲਮ ਦਾ ਪ੍ਰਦਰਸ਼ਨ ਨਹੀਂ ਹੋਇਆ। ਸਥਾਨਿਕ ਸੂਤਰਾਂ ਤੋਂ ਸਿੱਖ ਸਿਆਸਤ ਨੂੰ ਫੋਨ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਕੁਝ ਸਿੱਖ ਜੱਥੇਬੰਦੀਆਂ ਨੇ ਕੈਨੇਡਾ ਵਿੱਚ ਫਿਲਮ ਦਾ ਵਿਖਾਉਣ ਵਾਲੇ ਅਦਾਰੇ ਨੂੰ ਫਿਲਮ ਨਾਂਹ ਵਿਖਾਉਣ ਲਈ ਮਨਾ ਲਿਆ ਸੀ।
ਕੈਨੇਡੀਅਨ ਸਿੱਖ ਕੁਲੀਸ਼ਨ ਦੇ ਪ੍ਰਤੀਨਿਧ ਨੇ ਸਿੱਖ ਸਿਆਸਤ ਨੂੰ ਫੋਨ ‘ਤੇ ਦੱਸਿਆ ਕਿ ਫਿਲਮ ਵਿਖਾਉਣ ਵਾਲੇ ਆਦਾਰੇ ਵੱਲੋਂ ਫਿਲਮ ਨਾ ਵਿਖਾਏ ਜਾਣ ਦੇ ਫੈਸਲੇ ਮਗਰੋਂ ਕੈਨੇਡਾ ਵਿੱਚ ਇਹ ਫਿਲਮ ਨਹੀਂ ਚੱਲ ਸਕੀ।