Site icon Sikh Siyasat News

ਭਾਈ ਹਵਾਰਾ ਦੇ ਧੂਰੀ ਕੇਸ ਦੀ ਅਗਲੀ ਤਰੀਕ 27 ਮਾਰਚ, ਫਤਿਹਗੜ੍ਹ ਸਾਹਿਬ ਦੀ ਅਗਲੀ ਤਰੀਕ 6 ਮਾਰਚ

ਪੇਸ਼ੀ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ (ਫਾਈਲ ਫੋਟੋ)

ਲੁਧਿਆਣਾ: ਸਿਆਸੀ ਸਿੱਖ ਕੈਦੀ ਭਾਈ ਜਗਤਾਰ ਸਿੰਘ ਹਵਾਰਾ ਦੇ ਥਾਣਾ ਸਦਰ, ਧੂਰੀ ਕੇਸ ਦੀ ਅਗਲੀ ਤਰੀਕ 27 ਮਾਰਚ ਪੈ ਗਈ ਹੈ। ਭਾਈ ਹਵਾਰਾ ਦੇ ਵਕੀਲਾਂ ਗੁਰਵਿੰਦਰ ਸਿੰਘ ਸਰਾਉਂ ਅਤੇ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਦੱਸਿਆ ਕਿ ਇਹ ਕੇਸ ਪੰਜਾਬ ਪੁਲਿਸ ਵਲੋਂ ਐਫ.ਆਈ.ਆਰ. 103/2005 ਤਹਿਤ ਥਾਣਾ ਸਦਰ, ਧੂਰੀ ਵਿਖੇ ਦਰਜ਼ ਕੀਤਾ ਗਿਆ ਸੀ। ਇਸ ਕੇਸ ਵਿਚ ਭਾਈ ਹਵਾਰਾ ਤੋਂ ਅਲਾਵਾ ਦੂਜਿਆਂ ਨੂੰ ਸਜ਼ਾ ਹੋ ਗਈ ਸੀ ਅਤੇ ਇਹ ਕੇਸ ਹੁਣ ਹਾਈਕੋਰਟ ਵਿਚ ਵਿਚਾਰ ਅਧੀਨ ਹੈ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਮੀਡੀਆ ਨਾਲ ਗੱਲ ਕਰਦੇ ਹੋਏ (ਫਾਈਲ ਫੋਟੋ)

ਜੱਜ ਅਮਨਦੀਪ ਕੰਬੋਜ ਨੇ ਪੁਲਿਸ ਤੋਂ ਇਸ ਕੇਸ ‘ਚ ਭਾਈ ਹਵਾਰਾ ਦੀ ਲੋੜ ਅਤੇ ਨਾਮਜ਼ਦਗੀ ਬਾਰੇ ਰਿਪੋਰਟ ਮੰਗੀ ਸੀ। ਪੁਲਿਸ ਵਲੋਂ ਸਮੁੱਚੀ ਰਿਪੋਰਟ ਪੇਸ਼ ਨਹੀਂ ਕੀਤੀ ਗਈ ਕਿਉਂਕਿ ਪੁਲਿਸ ਮੁਤਾਬਕ ਕੇਸ ਹਾਈਕੋਰਟ ਲੱਗਾ ਹੋਣ ਕਰਕੇ ਕੇਸ ਨਾਲ ਸਬੰਧਤ ਦਸਤਾਵੇਜ਼ ਹਾਈਕੋਰਟ ਭੇਜੇ ਗਏ ਹਨ। ਇਸ ਲਈ ਜੱਜ ਨੇ ਪੁਲਿਸ ਨੂੰ ਇਕ ਮਹੀਨੇ ਦਾ ਹੋਰ ਸਮਾਂ ਦੇ ਕੇ 27 ਮਾਰਚ ਨੂੰ ਕੇਸ ‘ਚ ਭਾਈ ਹਵਾਰਾ ਦੀ ਨਾਮਜ਼ਦਗੀ ਆਦਿ ਬਾਰੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਹਾਲਾਂਕਿ ਪੁਲਿਸ ਨੇ 2005 ‘ਚ ਭਾਈ ਹਵਾਰਾ ਦੀ ਇਸ ਕੇਸ ਵਿਚ ਨਾਮਜ਼ਦਗੀ ਨੂੰ ਮੰਨਿਆ ਹੈ ਕਿ ਹੁਣ ਭਾਈ ਹਵਾਰਾ ਦੀ ਇਸ ਕੇਸ ਵਿਚ ਲੋੜ ਹੈ ਕਿ ਨਹੀਂ ਇਹ 27 ਮਾਰਚ ਨੂੰ ਹੀ ਪੁਲਿਸ ਵਲੋਂ ਦੱਸਿਆ ਜਾਵੇਗਾ।

ਸਬੰਧਤ ਖ਼ਬਰ:

ਰੋਪੜ ਅਦਾਲਤ ਵਲੋਂ 25 ਸਾਲ ਪੁਰਾਣੇ ਟਾਡਾ ਕੇਸ ਵਿਚੋਂ ਭਾਈ ਜਗਤਾਰ ਸਿੰਘ ਹਵਾਰਾ ਬਰੀ …

ਫਤਿਹਗੜ੍ਹ ਸਾਹਿਬ: ਥਾਣਾ ਬਸੀ ਪਠਾਣਾਂ ਦੇ 2004 ਦੇ ਕੇਸ ਬਾਰੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਪੁਲਿਸ ਵਲੋਂ ਭਾਈ ਜਗਤਾਰ ਸਿੰਘ ਹਵਾਰਾ, ਭਾਈ ਇੰਦਰਜੀਤ ਸਿੰਘ ਬਰਮਾਲੀਪੁਰ ਅਤੇ ਹੋਰਨਾਂ ਖਿਲਾਫ ਐਫ.ਆਈ.ਆਰ. 118 ‘ਚ ਧਾਰਾ 302 (ਕਤਲ), 307 (ਇਰਾਦਾ ਕਤਲ, 148, 149 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਦੀ ਕਹਾਣੀ ਮੁਤਾਬਕ ਭਾਈ ਹਵਾਰਾ ਅਤੇ ਸਾਥੀਆਂ ਨੇ ਪਿੰਡ ਚੁੰਨੀ ਦੇ ਡਾ. ਜਸਬੀਰ ਸਿੰਘ ਨੂੰ ਕਤਲ ਕਰ ਦਿੱਤਾ ਸੀ। ਭਾਈ ਹਵਾਰਾ ਦੀ ਗ੍ਰਿਫਤਾਰੀ ਤੋਂ ਪਹਿਲਾਂ ਇਹ ਕਤਲ ਕੇਸ ਪੁਲਿਸ ਵਲੋਂ ਕਿਸੇ ਹੋਰ ‘ਤੇ ਪਾਇਆ ਗਿਆ ਸੀ।

ਭਾਈ ਜਗਤਾਰ ਸਿੰਘ ਹਵਾਰਾ(ਪੁਰਾਣੀ ਫੋਟੋ)

ਸਬੰਧਤ ਖ਼ਬਰ:

ਭਾਈ ਜਗਤਾਰ ਸਿੰਘ ਹਵਾਰਾ ਦੇ ਥਾਣਾ ਸਮਰਾਲਾ ਦੇ ਸੱਤ ਕੇਸ ਖਤਮ …

ਪਰ ਜੂਨ 2005 ‘ਚ ਭਾਈ ਹਵਾਰਾ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਵੀ ਇਸ ‘ਚ ਨਾਮਜ਼ਦ ਕਰ ਦਿੱਤਾ ਸੀ। ਉਸ ਵੇਲੇ ਦੇ ਜੁਡੀਸ਼ਲ ਮੈਜੀਸਟ੍ਰੇਟ ਜੀ.ਐਸ. ਢਿੱਲੋਂ ਨੇ 12/8/2005 ਨੂੰ ਪੁਲਿਸ ਨੂੰ ਹੁਕਮ ਦਿੱਤਾ ਸੀ ਕਿ ਉਹ 17/8/2005 ਨੂੰ ਭਾਈ ਹਵਾਰਾ ਨੂੰ ਅਦਾਲਤ ‘ਚ ਪੇਸ਼ ਕਰੇ। ਪਰ ਪੁਲਿਸ ਨੇ ਇਸ ਕੇਸ ਵਿਚ ਭਾਈ ਹਵਾਰਾ ਨੂੰ ਗ੍ਰਿਫਤਾਰ ਕੀਤਾ ਨਾ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ। ਜਦਕਿ ਤਿਹਾੜ ਜੇਲ੍ਹ ਦੇ ਰਿਕਾਰਡ ਮੁਤਾਬਕ ਭਾਈ ਹਵਾਰਾ ‘ਤੇ ਇਹ ਕੇਸ ਹਾਲੇ ਵੀ ਬੋਲਦਾ ਹੈ। ਅੱਜ ਜੱਜ ਸ੍ਰੀਮਤੀ ਨੀਤਿਕਾ ਵਰਮਾ ਸੀ.ਜੇ.ਐਮ. ਨੇ ਆਪਣੇ ਸਾਹਮਣੇ ਨਾਇਬ ਕੋਰਟ ਤੋਂ ਫੋਨ ਕਰਵਾ ਕੇ ਬੱਸੀ ਪਠਾਣਾਂ ਦੇ ਥਾਣਾ ਮੁਖੀ ਤੋਂ ਇਸ ਕੇਸ ਦੇ ਸਟੇਟਸ ਅਤੇ ਭਾਈ ਹਵਾਰਾ ਦੀ ਨਾਮਜ਼ਦਗੀ ਬਾਰੇ ਪੁੱਛਿਆ ਤਾਂ ਐਸ.ਐਚ.ਓ. ਨੇ 6 ਮਾਰਚ ਤਕ ਦਾ ਸਮਾਂ ਮੰਗ ਲਿਆ।

ਜ਼ਿਕਰਯੋਗ ਹੈ ਕਿ ਇਸ ਕੇਸ ਵਿਚ ਨਾਮਜ਼ਦ ਹੋਰ ਬੰਦੇ ਜੁਲਾਈ 2009 ‘ਚ ਬਰੀ ਹੋ ਗਏ ਸੀ।

ਸੂਤਰਾਂ ਮੁਤਾਬਕ ਡਾ. ਜਸਬੀਰ ਸਿੰਘ ਨੇ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਮੁਖਬਰੀ ਪੁਲਿਸ ਕੋਲ ਕੀਤੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version